Monday, February 17, 2014

ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ !!




ਅੱਜ ਅਸੀਂ ਉਸ ਮਹਾਨ ਰਹਿਬਰ ਦਾ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹੜਾ ਪ੍ਰਮਾਤਮਾ ਨਾਲ ਇਕ ਸੁਰ ਸੀ, ਸੱਚ ਦਾ ਮੁਦਈ ਸੀ, ਮਾਨਵਤਾ ਨਾਲ ਪ੍ਰੇਮ ਕਰਨ ਵਾਲਾ ਸੀ, ਅਗਿਆਨਤਾ, ਵਹਿਮ-ਭਰਮ ਤੇ ਕਰਮਕਾਂਡਾ ਦਾ ਕੱਟੜ ਵਿਰੋਧੀ ਸੀ, ਨਿਰਮਲ ਸੋਚ, ਸੁੱਚੇ ਕਰਮਾਂ ਦਾ ਧਾਰਨੀ, ਡੂੰਘੀ ਸੋਚਣੀ ਤੇ ਗੰਭੀਰ ਚਿੰਤਨ ਵਾਲਾ ਸੀ, ਉਹ ਦੱਬੇ ਕੁਚਲੇ ਲੋਕਾਂ ਲਈ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ ਸੀ, ਜਿਸਦਾ ਸੁਫਨਾ ਉਸ ਬੇਗਮਪੁਰੇ ਸ਼ਹਿਰ ਦਾ ਸੀ, ਜਿਥੇ ਹਰ ਮਨੁੱਖ ਨੂੰ ਪਿਆਰ-ਸਤਿਕਾਰ ਤੇ ਬਰਾਬਰੀ ਦਾ ਅਧਿਕਾਰ ਪ੍ਰਾਪਤ ਹੋਵੇ।
ਜਦੋਂ ਕਿਸੇ ਸ਼ੂਦਰ ਲਈ ਰੱਬ ਦਾ ਨਾਮ ਸੁਣਨਾ ਵੀ ਪਾਪ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਕੰਨਾਂ ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਉਸ ਸਮੇਂ ਬ੍ਰਾਹਮਣਵਾਦ ਨੂੰ ਖੁੱਲ੍ਹੀ ਚੁਣੌਤੀ ਦੇਣਾ ਅਤੇ ਬ੍ਰਹਾਮਣਵਾਦ ਦੇ ਹੰਕਾਰੀ ਸਿਰ ਨੂੰ ਨੀਵਾਂ ਕਰਨਾ, ਇੱਕ ਅਜਿਹੀ ਇਨਕਲਾਬੀ ਘਟਨਾ ਹੈ, ਜਿਸਨੇ ਸਮੇਂ ਦੇ ਵਹਿਣਨੂੰ ਮੋੜਿਆ, ਪ੍ਰੰਤੂ ਅੱਜ ਜਦੋਂ ਅਸੀਂ ਉਸ ਕ੍ਰਾਂਤੀਕਾਰੀ ਰਹਿਬਰ ਦਾ 636ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਜਿਸ ਰਹਿਬਰ ਨੇ ਸਮਾਜ ਚ ਬਰਾਬਰੀ ਦਾ ਸੁਨੇਹਾ ਦੇਣ ਲਈ, ਪਾਖੰਡਵਾਦ ਵਿਰੁੱਧ ਜੰਗ ਵਿੱਢੀ ਅਤੇ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲੈਣ ਦਾ ਯਤਨ ਕੀਤਾ, ਅਸੀਂ ਉਸਨੂੰ ਇਕ ਭਾਈਚਾਰੇ ਜਾਂ ਫ਼ਿਰਕੇ ਦੀਆਂ ਤੰਗ ਵਲਗਣਾਂ ਚ ਬੰਨ੍ਹਣ ਦਾ ਯਤਨ ਕਿਉਂ ਕਰ ਰਹੇ ਹਾਂ?
ਜਿਸ ਪਾਖੰਡਵਾਦ ਵਿਰੁੱਧ ਉਨ੍ਹਾਂ ਅਵਾਜ਼ ਬੁਲੰਦ ਕੀਤੀ ਸੀ, ਉਸ ਪਾਖੰਡਵਾਦ ਨੂੰ ਮੁੜ ਤੋਂ ਆਪਣੇ ਸਿਰਾਂ ਤੇ ਕਿਉਂ ਲੱਦ ਰਹੇ ਹਾਂ?

ਭਗਤ ਰਵਿਦਾਸ ਜੀ ਨੇ ਪਖੰਡਾਂ, ਸਰੀਰਾਂ ਦੀ ਪੂਜਾ-ਮਾਨਤਾ, ਲਫਜ਼ੀ ਸਤਿਕਾਰਾਂ ਅਤੇ ਹੋਰ ਆਡੰਬਰਾਂ ਤੋਂ ਬਾਹਰ ਨਿਕਲ ਕੇ ਸਹੀ ਜੀਵਨ ਜਾਂਚ ਦੇ ਗ੍ਰਹਿਣ ਤੇ ਜ਼ੋਰ ਦਿੱਤਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਗਤ ਰਵਿਦਾਸ ਜੀ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਨੇ ਜਾਤ-ਪਾਤ ਅਧਾਰਤ ਸਮਾਜ ਦੀਆਂ ਵੰਡੀਆਂ ਤੇ ਵਿਤਕਰਿਆਂ ਦਾ ਡੱਟਵਾਂ ਵਿਰੋਧ ਕੀਤਾ ਅਤੇ ਆਪਣੇ ਜੱਦੀ ਪੁਸ਼ਤੀ ਕਿੱਤੇ, ਪਰਿਵਾਰਕ ਪਿਛੋਕੜ ਜਾਂ ਗਰੀਬੀ ਨੂੰ ਛੁਪਾਉਣ ਦੀ ਥਾਂ ਉਸਦਾ ਪੂਰੇ ਮਾਣ ਨਾਲ ਗੱਜ ਵੱਜ ਕੇ ਪ੍ਰਚਾਰ ਕੀਤਾ।

ਉਨ੍ਹਾਂ ਇਹ ਸੁਨੇਹਾ ਦਿੱਤਾ ਕਿ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਕੀਤਾ ਕੋਈ ਕੰਮ ਛੋਟਾ ਨਹੀਂ ਹੁੰਦਾ।

ਅੱਜ ਜਦੋਂ ਸਾਡੇ ਚੋਂ ਕਿਰਤ ਸੱਭਿਆਚਾਰ ਆਲੋਪ ਹੋ ਰਿਹਾ ਹੈ ਤਾਂ ਭਗਤ ਰਵਿਦਾਸ ਜੀ ਦੀ ਸੁੱਚੀ ਜੀਵਨ-ਸ਼ੈਲੀ ਅਤੇ ਉ¤ਚੀ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਵੱਡੀ ਲੋੜ ਹੈ।
ਦੂਸਰਾ ਉਨ੍ਹਾਂ ਪਾਖੰਡਵਾਦ, ਆਡੰਬਰਵਾਦ ਵਿਰੁੱਧ ਜਿਹੜੀ ਲਹਿਰ ਆਰੰਭੀ ਸੀ, ਉਸਨੂੰ ਅੱਗੇ ਲੈ ਕੇ ਜਾਣਾ ਬਣਦਾ ਹੈ, ਪ੍ਰੰਤੂ ਅਸੀਂ ਜਾਣੇ-ਅਣਜਾਣੇ ਮੁੜ ਤੋਂ ਉਨ੍ਹਾਂ ਬ੍ਰਹਾਮਣੀ ਸ਼ਕਤੀਆਂ ਦਾ ਸ਼ਿਕਾਰ ਹੋ ਗਏ ਹਾਂ, ਜਿਹੜੀਆਂ ਧਰਮ ਨੂੰ ਵਪਾਰ ਸਮਝਦੀਆਂ ਹਨ। ਲੋੜ ਹੈ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਿਰਫ਼ ਫੋਕੀ ਜੈ-ਜੈਕਾਰ ਨਾਲ ਕਦੇ ਕੁਝ ਨਹੀਂ ਬਣਿਆ, ਨਿਬੇੜੇ ਅਮਲਾਂ ਨਾਲ ਹੁੰਦੇ ਹਨ।
ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਧਰਮ ਦੇ ਠੇਕੇਦਾਰ ਨੂੰ ਚੁਣੌਤੀ ਦੇ ਕੇ, ਉਨ੍ਹਾਂ ਵੱਲੋਂ ਧਰਮ ਦੇ ਨਾਮ ਤੇ ਕੀਤੇ ਜਾਂਦੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਚੁਣੌਤੀ ਦਿੱਤੀ, ਉਹ ਸਥਿੱਤੀ ਅੱਜ ਵੀ ਬਦਲਵੇਂ ਰੂਪ ਚ ਡੱਟੀ ਖੜ੍ਹੀ ਹੈ, ਪ੍ਰੰਤੂ ਕਿਉਂਕਿ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਰਹਿਬਰ ਦੀ ਸਿੱਖਿਆ ਨੂੰ ਭੁੱਲ ਕੇ, ਸਿਰਫ਼ ਤੇ ਸਿਰਫ਼ ਉਨ੍ਹਾਂ ਦੇ ਨਾਮ ਧਰੀਕ, ਸ਼ਰਧਾਵਾਨ ਬਣ ਗਏ ਹਾਂ, ਇਸ ਲਈ ਪ੍ਰਾਪਤੀਆਂ ਦੀ ਥਾਂ, ਘਾਟੇ ਦੇ ਰਾਹ ਪੈ ਗਏ ਹਾਂ।
ਅੱਜ ਉਨ੍ਹਾਂ ਨੂੰ ਭਗਤ, ਗੁਰੂ ਜਾਂ ਸਤਿਗੁਰੂ ਕਹਿਣ ਦਾ ਬਿਖੇੜਾ ਸ਼ੁਰੂ ਕਰ ਲਿਆ ਗਿਆ ਹੈ, ਜਦੋਂ ਕਿ ਉਨ੍ਹਾਂ ਖੁਦ ਲਿਖਿਆ ਹੈ ਕਿ ‘‘ਭਗਤ ਬਰਾਬਰਿ ਅਉਰੁ ਨ ਕੋਇ’’,
ਅਤੇ ਜਿਸ ਗੁਰੂ, ਰਹਿਬਰ, ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸ਼ਭਾਇਮਾਨ ਹੋ ਕੇ ਗੁਰਬਾਣੀ ਬਣ ਗਈ, ਫ਼ਿਰ ਉਨ੍ਹਾਂ ਬਾਰੇ ਗੁਰੂ ਹੋਣ ਜਾਂ ਨਾ ਹੋਣ ਦਾ ਬਿਖੇੜਾ, ਖੜ੍ਹਾ ਕਰਨਾ, ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਮਹਾਨ ਸੋਚ ਤੇ ਸਮੁੱਚੀ ਮਨੁੱਖਤਾ ਦੀ ਅਗਵਾਈ ਵਾਲੇ ਸਿਧਾਤਾਂ ਨੂੰ ਛੁਟਿਆਉਣ ਅਤੇ ਸਮਾਜ ਚ ਨਵੀਆਂ ਵੰਡੀਆਂ ਖੜ੍ਹੀਆਂ ਕਰਨ ਦੀ ਸਾਜਿਸ਼ ਹੀ ਆਖੀ ਜਾਵੇਗੀ। ਸਿੱਖੀ, ਇੱਕ ਮਾਰਗ ਹੈ ਅਤੇ ਗੁਰਬਾਣੀ ਇਸ ਮਾਰਗ ਨੂੰ ਰੁਸ਼ਨਾਉਣ ਵਾਲਾ ਚਾਨਣ ਮੁਨਾਰਾ ਹੈ, ਚਾਨਣ ਮੁਨਾਰੇ ਨੂੰ ਵੰਡਿਆ ਨਹੀਂ ਜਾ ਸਕਦਾ।
ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਭਗਤਾਂ ਨੂੰ ਜਿਨ੍ਹਾਂ ਦੀ ਪਵਿੱਤਰ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਵੱਖ-ਵੱਖ ਜਾਂ ਦਰਜਾਵਾਰ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹਰ ਸਿਰ, ਭਗਤ ਰਵਿਦਾਸ ਜੀ ਮਹਾਰਾਜ ਅੱਗੇ ਵੀ ਉਸੇ ਸ਼ਰਧਾ ਨਾਲ ਖੁਦ-ਬ-ਖੁਦ ਝੁਕਦਾ ਹੈ।
ਸਾਨੂੰ ਲੋੜ ਹੈ ਕਿ ਅਸੀਂ ਗੁਰਬਾਣੀ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਜਾਤ-ਪਾਤ ਦੀ ਵੰਡੀਆਂ ਖ਼ਤਮ ਕਰਨ ਵੱਲ ਤੁਰੀਏ ਅਤੇ ਉਸ ਬੇਗਮਪੁਰੇ ਦੀ ਸਥਾਪਨਾ ਦਾ ਮੁੱਢ ਬੰਨ੍ਹੀਏ, ਜਿਸ ਦੀ ਸਥਾਪਤੀ ਦਾ ਹੋਕਾ ਭਗਤ ਰਵਿਦਾਸ ਜੇ ਨੇ ਦਿੱਤਾ ਸੀ। ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਿਰਫ਼ ਰਵਿਦਾਸੀਏ ਭਾਈਚਾਰੇ ਦੇ ਗੁਰਦੁਆਰਿਆਂ ਜਾਂ ਮੰਦਿਰਾਂ ਤੱਕ ਹੀ ਸੀਮਤ ਨਾ ਕਰੀਏ, ਸਗੋਂ ਸਮੁੱਚਾ ਸਮਾਜ ਤੇ ਖ਼ਾਸ ਕਰਕੇ ਦੱਬੇ ਕੁਚਲੇ ਅਤੇ ਸ਼ੋਸ਼ਣ ਦਾ ਸ਼ਿਕਾਰ ਗਰੀਬ ਵਰਗ, ਪੂਰੀ ਸ਼ਿੱਦਤ ਅਤੇ ਸ਼ਰਧਾ ਨਾਲ ਮਨਾਵੇ ਤਾਂ ਕਿ ਸਮਾਜ ਚ ਹਾਲੇਂ ਤੱਕ ਖੜ੍ਹੀਆਂ ਧਾਰਮਿਕ, ਆਰਥਿਕ ਤੇ ਸਮਾਜਕ ਵੰਡੀਆਂ ਨੂੰ ਖ਼ਤਮ ਕਰਕੇ ਹਰ ਕਿਸੇ ਨੂੰ ਬੇਗਮਪੁਰੇ ਦੀ ਸਿਰਜਣਾ ਕਰਕੇ ਉਸ ਦੇ ਵਾਸੀ ਹੋਣ ਦਾ ਅਹਿਸਾਸ ਪੈਦਾ ਹੋਵੇ।
 ਗੁਰੂ ਗਰੰਥ ਸਾਹਿਬ ਜੀ ਵਿੱਚ ਭਗਤ ਰਵੀਦਾਸ ਜੀ ਦੁਆਰਾ ਉਚਾਰੀ ਬਾਣੀ ਦਰਜ :-
ਕੁੱਲ ੪੧ ਸ਼ਬਦ ੧੬ ਰਾਗਾਂ ਵਿੱਚ ! ਤਰਤੀਬ ਹੇਠ ਲਿਖੇ ਅਨੁਸਾਰ :-
ਰਾਗ:-
ਸ੍ਰੀਰਾਗ - ੧
ਗਉੜੀ - ੫
ਆਸਾ - ੬
ਗੁਜਰੀ - ੧
ਸੋਰਠ - ੭
ਧਨਾਸਰੀ - ੩
ਜੈਤਸਰੀ - ੧
ਸੂਹੀ - ੩
ਬਿਲਾਵਲ - ੨
ਗੌਂਡ - ੨
ਰਾਮਕਲੀ - ੧
ਮਾਰੂ - ੨
ਕੇਦਾਰਾ - ੧
ਭੈਰਉ - ੧
ਬਸੰਤ - ੧
ਮਲਾਰ  -
ਭਗਤ ਜੀ ਦਾ ੧ ਸ਼ਬਦ ਸ੍ਰੀਰਾਗ ਅਤੇ ਮਾਰੂ ਰਾਗ ਵਿਚ ਸੰਗ੍ਰਹਿਤ ਹੈ..


ਧੰਨਵਾਦ ਸਹਿਤ
ਪੰਜਾਬ ਸਪੈਕਟਰਮ




Saturday, November 30, 2013

Sikhi Sidak


ਬਾਬਾ ਦੀਪ ਸਿੰਘ ਜੀ



ਜੀਵਨ ਬਿਰਤਾਂਤ :-

ਬਾਬਾ ਦੀਪ ਸਿੰਘ ਜੀ ਦਾ ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਉ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ।
ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਦੀਪਾ ਰੱਖਿਆ ਗਿਆ। ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ- ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ- ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਸਨਮੁਖ ਮਨਾਉਣ ਦਾ ਫੈਸਲਾ ਕੀਤਾ। ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।

ਉਸ ਦਿਨ ਤੋਂ ਸਭ ਦੇ ਨਾਂਅ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਕੋਲੋਂ  ਆਗਿਆ ਮੰਗੀ ਤਾਂ ਪਾਤਸ਼ਾਹ ਨੇ ਫ਼ਰਮਾਇਆ ਕਿ 

 'ਤੁਸੀ ਜਾਓ, ਦੀਪ ਸਿੰਘ ਨੂੰ ਸਾਡੇ ਕੋਲ ਇਥੇ ਹੀ ਰਹਿਣ ਦਿਓ।'  

ਆਪ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫਾਰਸੀ ਤੇ ਅਰਬੀ ਲਿੱਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ- ਸਵਾਰੀ,  ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ।

ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਵੀ ਨਾਲ ਹੀ ਜਾਂਦੇ ਸਨ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਮਤ 1757 ਤੋਂ 1762 ਤੱਕ ਪੰਜ ਸਾਲ ਤੱਕ ਰਹੇ। ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ। ਇਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲ੍ਹਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂਅ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਇਥੇ ਨੌਂ ਮਹੀਨੇ ਰਹੇ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। 1705 ਈ: ਨੂੰ ਭਾਈ ਮਨੀ ਸਿੰਘ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਲਿਖਣ ਦੇ ਸਾਰੇ ਸਮਾਨ ਦਾ ਪ੍ਰਬੰਧ ਕਰਨ ਲੱਗੇ।
1707 ਈ: ਨੂੰ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ (ਗੁਰਬਖਸ਼ ਸਿੰਘ) ਬਣਾ ਦਿੱਤਾ। 1708 ਈ: ਨੂੰ ਬੰਦਾ ਬਹਾਦਰ ਪੰਜਾਬ ਆਇਆ। ਬੰਦਾ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ। 

1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। 

ਬਾਬਾ ਦੀਪ ਸਿੰਘ ਨੂੰ ਤਰਨਾ ਦਲ ਦੇ ਮੁਖੀ ਥਾਪਿਆ ਗਿਆ, ਉਸ ਸਮੇਂ ਆਪ ਦੀ ਉਮਰ 52 ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਸ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਸੁਣਦਿਆਂ ਸਾਰ ਹੀ ਬਾਬਾ ਜੀ ਨੂੰ ਗੁੱਸਾ ਆ ਗਿਆ।

ਡੇਰੇ ਦੀ ਸੇਵਾ ਸ: ਮਸੰਦਾ ਸਿੰਘ ਨੂੰ ਸੌਂਪ ਕੇ ਸਿੱਖਾਂ ਨੂੰ ਦਮਦਮਾ ਸਾਹਿਬ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ। ਅੱਖਾਂ ਵਿਚੋਂ ਅੰਗਾਰੇ ਬਰਸ ਰਹੇ ਸਨ। ਨਗਾਰੇ 'ਤੇ ਚੋਟ ਲੱਗ ਗਈ। ਬਾਬਾ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤੁਰ ਪਏ। ਤਰਨ ਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ। 500 ਸਿੰਘਾਂ ਦਾ ਜਥਾ ਤਰਨ ਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ। ਪਿੰਡ ਗੋਹਲਵੜ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਜੋਸ਼ੀਲੀ ਤਕਰੀਰ ਕੀਤੀ। ਸਿੰਘ ਜੈਕਾਰੇ ਗੂੰਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ। ਉਧਰ ਜਹਾਨ ਖਾਂ ਭਾਰੀ ਭਰਕਮ ਫੌਜ ਲੈ ਕੇ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਦੋ- ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਅੱਗੇ ਹੀ ਅੱਗੇ ਵਧੀ ਜਾ ਰਹੇ ਸਨ। ਇਸ ਹਮਲੇ ਵਿਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖਾਂ ਮਾਰਿਆ ਗਿਆ। ਜਹਾਨ ਖਾਂ ਦਾ ਸਿਰ ਨੇਜ਼ੇ ਉਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਏਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿਚ ਜੋ ਸਿੰਘ ਸ਼ਹੀਦ ਹੋਏ, ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ, ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਆਦਿ। ਇਨ੍ਹਾਂ ਸਾਰੇ ਸ਼ਹੀਦਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਤਰਨ ਤਾਰਨ ਰੋਡ ਦੇ ਐਨ ਉਪਰ ਸਥਿਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ। ਦੋਵਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ । ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋਡ ਦੇ ਐਨ ਉਪਰ ਸਥਿਤ ਹੈ। ਇਕ ਸਿੰਘ ਵੱਲੋਂ ਬੋਲੀ ਮਾਰਨ 'ਤੇ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ- ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ, ਜਿਥੇ ਬਾਬਾ ਦੀਪ ਸਿੰਘ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਹੈ, ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ।