Saturday, July 23, 2011

ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

ਗੁਰੂ ਹਰਕ੍ਰਿਸ਼ਨ ਸਾਹਿਬ ਜੀ
(1656-1664)



ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ੨੩ ਜੁਲਾਈ ੧੬੫੬ ਸਾਉਣ ਵਦੀ ੧੦ (੭ ਸਾਉਣ) ਵਿੱਚ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਪਿਤਾ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੋਰ ਜੀ (ਸੁਲੱਖਣੀ ਜੀ) ਦੇ ਘਰ ਹੋਇਆ !

ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਦੂਸਰੇ ਪੁੱਤਰ ਸਨ ! ਰਾਮ ਰਾਏ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਸਨ । ਰਾਮਰਾਏ ਜੀ ਨੂੰ ਉਨ੍ਹਾਂ ਦੇ ਗੁਰੂ ਘਰ ਵਿਰੋਧੀ ਕੰਮਾਂ ਅਤੇ ਮੁਗਲ ਰਾਜ ਦੇ ਪੱਖ ਵਿੱਚ ਖੜੇ ਹੋਣ ਦੀ ਵਜ੍ਹਾ ਨਾਲ ਸਿੱਖ ਪੰਥ ਵਿੱਚੋ ਬਾਹਰ ਕਢਿਆ ਹੋਇਆ ਸੀ । ਗੁਰੂ ਸਾਹਿਬ ਜੀ ਨੂੰ ਬਾਲ ਅਵਸਥਾ ਵਿੱਚ ਹੀ ਗੁਰਤਾ ਗੱਦੀ ਸੰਭਾਲ ਦਿੱਤੀ ਗਈ ਸੀ, ਆਪ ਜੀ ਦੀ ਉਮਰ ਉੱਸ ਵੇਲੇ ਕੇਵਲ ੫ ਸਾਲ ਅਤੇ ੩ ਮਹੀਨੇ ਦੀ ਸੀ !


ਪਿਤਾ :                      ਸ਼੍ਰੀ ਗੁਰੂ ਹਰਰਾਇ ਸਾਹਿਬ ਜੀ
ਮਾਤਾ:                       ਕ੍ਰਿਸ਼ਨ ਕੌਰ ਜੀ
ਜਨਮ :                      ੧੬੫੬, ਕੀਰਤਪੁਰ ਸਾਹਿਬ
ਗੁਰਤਾ-ਗੱਦੀ :           ੧੬੬੧
ਗੁਰਤਾ-ਗੱਦੀ ਸਮਾਂ:     ੨ ਸਾਲ ਅਤੇ ੬ ਮਹੀਨੇ (ਤਕਰੀਬਨ)
ਜੋਤੀ ਜੋਤ:                  ੧੬੬੪, ਦਿੱਲੀ




ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਜੀਵਨ ਕਾਲ ਵਿੱਚ ਹੀ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨਾ ਕੀਤਾ ਅਤੇ ਅਨੇਕਾ ਵਹਿਮਾ ਭਰਮਾਂ ਵਿੱਚੋਂ ਕੱਢਿਆ ਵੀ ! ਇਕ ਵਾਰ ਹਿੰਦੂ ਧਰਮ ਦੇ ਇਕ ਪ੍ਰਸਿੱਧ ਵਿਦਵਾਨ ਲਾਲ ਚੰਦ ਨੇ ਗੁਰੂ ਸਾਹਿਬ ਨੂੰ ਗੀਤਾ ਦੇ ਅਰਥ, ਸਾਰ ਪੁੱਛਿਆ ਤਾਂ ਆਪ ਜੀ ਨੇ ਪਾਣੀ ਲੈਕੇ ਆਉਣ ਵਾਲੇ ਛੱਜੂ ਰਾਮ ਨੂੰ ਬੁਲਵਾ ਕੇ ਉਸ ਤੋਂ ਸੰਪੂਰਣ ਗੀਤਾ ਦੇ ਸਾਰ, ਅਰਥ ਕਰਵਾਏ ਅਤੇ ਜਿਸ ਤੌ ਲਾਲ ਚੰਦ ਹੈਰਾਨ ਹੋ ਗਿਆ ਅਤੇ ਗੁਰੂ ਜੀ ਦੇ ਇਸ ਗੁਰੂਪਦ ਤੋਂ ਪ੍ਰਭਾਵਿਤ ਹੋਕੇ ਸਿੰਘ ਸੱਜਿਆ !

ਜਦੋਂ ਗੁਰੂ ਸਾਹਿਬ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਅਤੇ ਦਿੱਲੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਉਨ੍ਹਾਂ ਦਾ ਵੱਡੇ ਹੀ ਗਰਮਜੋਸ਼ੀ ਤੋਂ ਸਵਾਗਤ ਕੀਤਾ । ਗੁਰੂ ਸਾਹਿਬ ਨੂੰ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਰੱਖਿਆ ਗਿਆ । ਸਾਰੇ ਧਰਮਾਂ ਦੇ ਲੋਕਾਂ ਦਾ ਮਹੱਲ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਤਾਂਤਾ ਲੱਗ ਗਿਆ ।

ਇੱਕ ਵਾਰ ਰਾਜਾ ਜੈ ਸਿੰਘ ਨੇ ਬਹੁਤ ਸਾਰੀਆ ਔਰਤਾਂ ਨੂੰ , ਜੋ ਕਿ ਇੱਕ ਤਰਾਂ ਹੀ ਤਿਆਰ ਸਨ, ਗੁਰੂ ਸਾਹਿਬ ਦੇ ਸਾਹਮਣੇ ਮੋਜੂਦ ਕੀਤਾ ਅਤੇ ਅਸਲੀ ਰਾਣੀ ਨੂੰ ਪਹਿਚਾਨਣ ਲਈ ਕਿਹਾ ਗਿਆ । ਗੁਰੂ ਸਾਹਿਬ ਜੀ ਇੱਕ ਔਰਤ, ਜੋ ਕਿ ਨੌਕਰਾਣੀ ਦੇ ਵੇਸ਼ ਵਿੱਚ ਸੀ, ਦੀ ਗੋਦ ਵਿੱਚ ਜਾ ਕੇ ਬੈਠ ਗਏ । ਇਹ ਔਰਤ ਹੀ ਅਸਲੀ ਰਾਣੀ ਸੀ । ਇਸਦੇ ਇਲਾਵਾ ਵੀ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੀ ਬੌਧਿਕ ਸਮਰੱਥਾ ਨੂੰ ਲੈ ਕੇ ਬਹੁਤ ਸੀ ਸਾਖੀਆਂ ਪ੍ਰਚੱਲਿਤ ਹਨ ।

ਬਹੁਤ ਹੀ ਘੱਟ ਸਮੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਨਤਾ ਦੇ ਨਾਲ ਆਪਣੇ ਮਿੱਤਰਤਾਪੂਰਣ ਸੁਭਾਅ ਕਰਕੇ ਰਾਜਧਾਨੀ ਵਿੱਚ ਲੋਕਾਂ ਤੋਂ ਲੋਕਪ੍ਰਿਅਤਾ ਹਾਸਲ ਕੀਤੀ । ਇਸ ਦੌਰਾਨ ਦਿੱਲੀ ਵਿੱਚ ਹੈਜਾ ਅਤੇ ਛੋਟੀ ਮਾਤਾ ਵਰਗੀ ਬੀਮਾਰੀਆਂ ਦਾ ਕਹਿਰ ਮਹਾਮਾਰੀ ਲੈ ਕੇ ਆਇਆ । ਮੁਗਲ ਰਾਜ ਜਨਤਾ ਦੇ ਪ੍ਰਤੀ ਅਸੰਵੇਦਨਸ਼ੀਲ ਸੀ । ਜਾਤ ਪਾਤ ਅਤੇ ਉੱਚਾ ਨੀਚ ਨੂੰ ਦੂਰ ਕਰਦੇ ਹੋਏ ਗੁਰੂ ਸਾਹਿਬ ਨੇ ਸਾਰੇ ਭਾਰਤੀ ਲੋਕਾਂ ਦੀ ਸੇਵਾ ਦਾ ਅਭਿਆਨ ਚਲਾਇਆ । ਖਾਸਕਰ ਦਿੱਲੀ ਵਿੱਚ ਰਹਿਣ ਵਾਲੇ ਮੁਸਲਮਾਨ ਉਨ੍ਹਾਂ ਦੀ ਇਸ ਮਨੁੱਖਤਾ ਦੀ ਸੇਵਾ ਨਾਲ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਉਨ੍ਹਾਂ ਨੂੰ ਬਾਲਾ ਪੀਰ ਕਹਿਕੇ ਪੁਕਾਰਨ ਲੱਗੇ । ਜਨਤਾ ਅਤੇ ਪਰੀਸਥਿਤੀਆਂ ਨੂੰ ਵੇਖਦੇ ਹੋਏ ਔਰੰਗਜੇਬ ਵੀ ਉਨ੍ਹਾਂਨੂੰ ਛੇੜ ਨਹੀ ਸਕਿਆ । ਪਰ ਨਾਲ ਹੀ ਨਾਲ ਔਰੰਗਜੇਬ ਨੇ ਰਾਮ ਰਾਏ ਜੀ ਨੂੰ ਸ਼ਹਿ ਵੀ ਦੇਕੇ ਰੱਖੀ, ਤਾਂਕਿ ਸਾਮਾਜਕ ਮੱਤਭੇਦ ਪਰਗਟ ਹੋਣ ।

ਦਿਨ ਰਾਤ ਮਹਾਮਾਰੀ ਤੋਂ ਗ੍ਰਸਤ ਲੋਕਾਂ ਦੀ ਸੇਵਾ ਕਰਦੇ ਕਰਦੇ ਗੁਰੂ ਸਾਹਿਬ ਆਪ ਵੀ ਤੇਜ ਤਾਪ ਤੋਂ ਪੀਡ਼ਿਤ ਹੋ ਗਏ । ਛੋਟੀ ਮਾਤਾ ਦੇ ਅਚਾਨਕ ਕਹਿਰ ਨੇ ਉਨ੍ਹਾਂ ਨੂੰ ਕਈ ਦਿਨਾਂ ਤੱਕ ਬਿਸਤਰੇ ਤੇ ਬੰਨ੍ਹ ਦਿੱਤਾ ।
ਜਦੋਂ ਉਨ੍ਹਾਂ ਦੀ ਹਾਲਤ ਕੁੱਝ ਜ਼ਿਆਦਾ ਹੀ ਗੰਭੀਰ ਹੋ ਗਈ ਤਾਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਅਖੀਰ ਹੁਣ ਨਜ਼ਦੀਕ ਹੈ ।

ਜਦੋਂ ਉਨ੍ਹਾਂ ਨੂੰ ਆਪਣੇ ਵਾਰਿਸ ਦਾ ਨਾਮ ਲੈਣ ਲਈ ਕਿਹਾ, ਤਾਂ ਉਨ੍ਹਾਂ ਨੇ ਕੇਵਲ ਬਾਬਾ ਬਕਾਲਾ ਦਾ ਨਾਮ ਲਿਆ । ਇਹ ਸ਼ਬਦ ਕੇਵਲ ਭਵਿੱਖ ਗੁਰੂ , ਗੁਰੂ ਤੇਗ ਬਹਾਦੁਰ ਸਾਹਿਬ, ਜੋ ਕਿ ਪੰਜਾਬ ਵਿੱਚ ਬਿਆਸ ਨਦੀ ਦੇ ਕੰਡੇ ਸਥਿਤ ਬਕਾਲਾ ਪਿੰਡ ਵਿੱਚ ਰਹਿ ਰਹੇ ਸਨ , ਲਈ ਪ੍ਰਯੋਗ ਹੋਇਆ ਸੀ ।

ਆਪਣੇ ਅਖੀਰ ਸਮਾਂ ਵਿੱਚ ਗੁਰੂ ਸਾਹਿਬ ਨੇ ਸਾਰੇ ਲੋਕਾਂ ਨੂੰ ਨਿਰਦੇਸ਼, ਹੁਕਮ ਦਿੱਤਾ ਕਿ ਕੋਈ ਵੀ ਉਨ੍ਹਾਂ ਦੀ ਮੋਤ ਉੱਤੇ ਰੋਵੇਗਾ ਨਹੀਂ ਸਗੋ ਗੁਰਬਾਣੀ ਵਿੱਚ ਲਿਖੇ ਸ਼ਬਦਾਂ ਨੂੰ ਗਾਉਣ, ਕੀਰਤਨ ਕਰਨ ।

ਇਸ ਪ੍ਰਕਾਰ ਬਾਲਾ ਪ੍ਰੀਤਮ ਚੇਤਰ ਸੁਦੀ ੧੪ ( ਤੀਜਾ ਵੈਸਾਖ ) ਬਿਕਰਮ ਸੰਵਤ ੧੭੨੧ ( ੩੦ ਮਾਰਚ ੧੬੬੪ ) ਨੂੰ ਹੋਲੀ-ਹੋਲੀ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਣ ਕਰਦੇ ਹੋਏ ਜੋਤੀ ਜੋਤ ਸਮਾ ਗਏ ।

ਦਸਵਾਂ ਨਾਨਕ - ਗੁਰੂ ਗੋਬਿੰਦ ਸਿੰਘ  ਸਾਹਿਬ ਜੀ ਨੇ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਅਰਦਾਸ ਵਿੱਚ ਦਰਜ ਕੀਤਾ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ ।

ਦਿੱਲੀ ਵਿੱਚ ਜਿਸ ਘਰ, ਮਹਿਲ ਵਿੱਚ ਆਪ ਰਹੇ , ਉੱਥੇ ਇੱਕ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸ਼ੁਸ਼ੋਬਿਤ ਹੈ ।


















ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!

Thursday, July 21, 2011

ਮੀਰੀ-ਪੀਰੀ ਦਿਵਸ (੧੬੦੬)



ਮੀਰੀ-ਪੀਰੀ ੧੬੦੬  ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੇਵੀਂ  ਜੋਤ " ਗੁਰੂ ਹਰਗੋਬਿੰਦ ਸਾਹਿਬ ਜੀ" ਨੇ ਸੰਸਾਰ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੇ ਹੋਏ ਮਨੁੱਖਤਾ ਲਈ ਇੱਕ ਨਵੀਂ ਜੀਵਨ-ਜਾਚ ਪੇਸ਼ ਕੀਤੀ !
ਮੀਰੀ-ਪੀਰੀ ਦੇ ਸਿਧਾਂਤ ਬਾਰੇ ਦਾਸ ਵੱਲੋਂ ਇਕ ਸੰਖੇਪ ਲੇਖ ਆਪ ਜੀ ਦੇ ਸਨਮੁੱਖ ਹੈ ਜੀ !
 
ਪੜਕੇ ਲਾਹਾ ਲੈਣ ਦੀ ਖੇਚਲ ਕਰਨੀ ਜੀ !

ਮੀਰੀ ਅਤੇ ਪੀਰੀ ਸ਼ਬਦ ਸਿੱਖ ਮਰਿਆਦਾ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦ੍ਰਿਸ਼ਟਾਂਟ ਕਰਨ ਲਈ ਉਲੀਕੇ ਗਏ ਹਨ ! ਮੀਰੀ-ਪੀਰੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੀ ਹੈ !

ਭਾਵ-ਅਰਥ:
ਮੀਰੀ ਅਤੇ ਪੀਰੀ ਦੋਨੋਂ ਸ਼ਬਦ ਫ਼ਾਰਸੀ ਭਾਸ਼ਾ ਦੇ ਹਨ !

ਮੀਰੀ
ਤੋਂ ਭਾਵ ਹੈ ਰਾਜਨੀਤਕ, ਸਮਾਜਿਕ ਅਤੇ ਵਿਵਹਾਰਿਕ ਜੀਵਨ ਦੀ ਅਗਵਾਈ ਕਰਨਾ !
ਪੀਰੀ ਤੋਂ ਭਾਵ ਹੈ ਅਧਿਆਤਮਿਕ ਜਾਂ ਰੂਹਾਨੀਅਤ ਜੀਵਨ ਸ਼ੈਲੀ !

ਇਸ ਪ੍ਰਕਾਰ ਮੀਰੀ ਬਾਦਸ਼ਾਹੀ ਦੀ ਸੂਚਕ ਹੈ ਅਤੇ ਪੀਰੀ ਅਧਿਆਤਮਿਕ ਪਾਤਸ਼ਾਹੀ ਦੀ ਸੂਚਕ ਹੈ !


ਗੁਰੂ ਸਾਹਿਬਾਨ ਨੇ ਆਰੰਭਤਾ ਤੋ ਹੀ ਸੰਸਾਰਿਕ ਜੀਵ ਨੂੰ ਇਸ ਸਿਧਾਂਤ ਬਾਰੇ ਸੁਚੇਤ ਕੀਤਾ ਹੈ !
ਗੁਰੂ ਨਾਨਕ ਸਾਹਿਬ ਜੀ ਸਮੇਂ ਤੋਂ ਵੀ ਪਹਿਲਾਂ ਮੀਰੀ (ਬਾਦਸ਼ਾਹਤ) ਦਾ ਬੋਲਬਾਲਾ ਸੀ ਅਤੇ ਪੀਰੀ ਉਸਦੀ ਗੁਲਾਮ ਹੁੰਦੀ ਜਾ ਰਹੀ ਸੀ ਸੋ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਇੱਕ ਨਵੀਂ ਜੀਵਨ-ਜਾਚ ਪੇਸ਼ ਕਰਦੇ ਹੋਏ ਇਹ ਸਮਝਾਉਣਾ ਕੀਤਾ ਕਿ ਪੀਰ ਨੇ ਮੀਰ ਦੀ ਗੁਲਾਮੀ ਨਹੀਂ ਕਰਨੀ ਸਗੋਂ ਭਗਤੀ ਜਾਣ ਬੰਦਗੀ ਦੇ ਨਾਲ ਸ਼ਕਤੀ ਨੂੰ ਵੀ ਆਪਣੇ ਜੀਵਨ ਵਿੱਚ ਥਾਂ ਦੇਣੀ ਹੈ !

ਮੀਰੀ ਅਤੇ ਪੀਰੀ ਇੱਕ ਸੰਤੁਲਤ ਜੀਵਨ ਲਈ ਹੋਣੀਆਂ ਅਤਿ ਜ਼ਰੂਰੀ ਹਨ ! ਮਨੁੱਖ ਨੂੰ ਆਦਰਸ਼ਕ ਮਨੁੱਖ ਬਣਨ ਲਈ ਆਤਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਅਤਿ ਜ਼ਰੂਰੀ ਹੈ ਅਤੇ ਇਹ ਕੇਵਲ ਮੀਰੀ-ਪੀਰੀ ਦੇ ਸੁਮੇਲ ਨਾਲ ਹੀ ਪ੍ਰਾਪਤ ਹੋ ਸਕਦਾ ਹਨ !


ਸਿੱਖ ਲਈ ਜ਼ਰੂਰੀ ਹੈ ਕਿ ਉਸ ਨੇ ਸ਼ਾਸਤਰ (ਸ਼ਬਦ ਗੁਰੂ) ਨਾਲ ਪ੍ਰੀਤ ਪਾ ਕੇ ਪੀਰੀ ਨੂੰ ਖਿਚਣਾ ਹੈ ਭਾਵ ਸ਼ਬਦ ਗੁਰੂ ਨਾਲ ਜੁੜ ਕੇ ਆਤਮਿਕ ਉੱਚਤਾ ਤੇ ਪਹੁੰਚਨਾ ਹੈ ਅਤੇ ਅਤੇ ਸ਼ਸਤਰ ਨਾਲ ਪ੍ਰੀਤ ਪਾ ਕੇ ਮੀਰੀ ਨੂੰ ਪਾਉਣਾ ਹੈ ਭਾਵ ਸ਼ਸਤਰ ਚੁੱਕ ਕੇ ਆਪਣੇ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨੀ !

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਗੱਦੀ ਨਸ਼ੀਨ ਹੋਣ ਸਮੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ੧੬੦੬ ਵਿੱਚ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ ਅਤੇ ਸਮੁਚੇ ਜਗਤ ਨੂੰ ਇਹ ਹੁਕਮ ਕੀਤਾ ਕੇ ਅੱਜ ਤੋ ਬਾਅਦ ਓਹ ਅਤੇ ਓਹਨਾਂ ਦੇ ਸਿੱਖ ਸ਼ਬਦ ਗੁਰੂ ਦੀ ਉਸਤਤ ਦੇ ਨਾਲ ਨਾਲ ਜ਼ੁਲਮ ਦੇ ਖਿਲਾਫ਼ ਵੀ ਆਵਾਜ਼ ਉਠਾਉਣ !

ਗੁਰੂ ਸਾਹਿਬ ਜੀ ਨੇ ਸੰਸਾਰਿਕ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰਖਦੇ ਹੋਏ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਵੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਜੋ ਕਿ ਮੀਰੀ-ਪੀਰੀ ਦਾ ਸੂਚਕ ਹੈ ! 
















ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!




VISIT:
             mukhwaksewa.blogspot.com

Friday, July 15, 2011

"ਭਾਈ ਤਾਰੂ ਸਿੰਘ ਜੀ"





" ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ !!
          ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ !!੧!!
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ !!
        ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ !!੨!!"


ਸਤਾਰਵੀਂ ਅਤੇ ਅਠਾਰਵੀਂ ਸਦੀ ਵਿੱਚ ਅਨੇਕਾਂ ਸਿੱਖ ਸ਼ਹੀਦ ਸੂਰਮੇ ਹੋਏ ਹਨ ਜਿੰਨਾ ਨੇ ਸਿੱਖੀ ਸਿਦਕ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ !
ਇਹਨਾਂ ਵਿੱਚੋ ਹੀ ਇੱਕ ਸਨ "ਭਾਈ ਤਾਰੂ ਸਿੰਘ ਜੀ" ਜਿੰਨਾ ਨੇ ਨਿਵੇਕਲੀ ਕਿਸਮ ਦੀ ਸ਼ਹਾਦਤ ਦੇ ਕੇ ਸਿੱਖ ਇਤਿਹਾਸ ਨੂੰ ਹੋਰ ਪ੍ਰਫੁੱਲਿਤ ਕੀਤਾ !
ਬਚਪਨ ਤੋਂ ਹੀ ਭਾਈ ਤਾਰੂ ਸਿੰਘ ਜੀ ਸੰਤ ਬਿਰਤੀ ਦੇ ਸਨ! ਆਪ ਜੀ ਖੇਤੀ ਕਰਕੇ ਜੀਵਨ ਨਿਰਬਾਹ ਕਰਦੇ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਰੀ ਉਪਦੇਸ਼ਾਂ ਨੂੰ ਮੰਨਦੇ ਹੋਏ ਵੰਡ ਕੇ ਛੱਕਦੇ ਅਤੇ ਬਿਨਾ ਕਿਸੇ ਭੇਦ-ਭਾਵ ਦੇ ਸਮੂਹ ਸੰਗਤ ਦੀ ਮਦਦ ਕਰਦੇ ਸਨ !

ਉਹਨਾਂ ਦੇ ਜੀਵਨ ਬਾਰੇ ਚਾਨਣ ਪਾਉਂਦਾ ਇੱਕ ਸੰਖੇਪ ਜਿਹਾ ਲੇਖ ਆਪ ਜੀ ਦੇ ਸਨਮੁੱਖ ਹੈ ਜੀ.. 

                            
                            ਭਾਈ ਤਾਰੂ ਸਿੰਘ ਜੀ
                                            (1720-1745)




                                     ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪੜੀ ਲਾਹੁਣ ਦਾ ਦ੍ਰਿਸ਼


                





ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਜ਼ਿਲਾ ਲਾਹੋਰ ਦੇ ਰਹਿਣ ਵਾਲੇ ਸਨ ! ਬਚਪਨ ਤੋਂ ਹੀ ਆਪ ਜੀ ਸੰਤ ਬਿਰਤੀ ਦੇ ਸਨ ਅਤੇ ਆਪ ਜੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਏ ਸਨ ! ਆਪ ਜੀ ਕੋਲ ਥੋੜੀ ਜਿਹੀ ਜ਼ਮੀਨ ਸੀ ਜਿੱਥੇ ਖੇਤੀ ਕਰਦੇ ਹੋਏ ਜੀਵਨ ਨਿਰਬਾਹ ਕਰਦੇ ਸਨ ਅਤੇ ਗੁਰਬਾਣੀ ਦੇ ਮਹਾਵਾਕ

                          " ਘਾਲਿ ਖਾਇ ਕਿਛੁ ਹਥਹੁ ਦੇਇ "

ਦੇ ਅਨੁਸਾਰ ਆਪਣੀ ਕਿਰਤ ਕਮਾਈ ਵਿੱਚੋਂ ਆਉਂਦੀ ਜਾਂਦੀ ਸੰਗਤ ਨੂੰ ਲੰਗਰ ਛਕਾਉਂਦੇ ਅਤੇ ਗਰੀਬ ਗੁਰਬੇ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਸਨ ! ਕੇਵਲ ਸਿਖਾਂ ਨਾਲ ਹੀ ਨਹੀਂ ਆਪ ਜੀ ਪੂਰਨ ਲੋਕਾਈ ਲਈ ਨਿਮਰਤਾ ਤੇ ਸੇਵਾ-ਭਾਵ ਰਖਣ ਵਾਲੇ ਸ਼ਖਸ ਸਨ !

ਇੱਕ ਦਿਨ ਆਪ ਜੀ ਦੇ ਨਿਵਾਸ ਅਸਥਾਨ 'ਰਹੀਮ ਬਖਸ਼' ਨਾਮ ਦੇ ਮੁਸਲਮਾਨ ਮਛਿਆਰੇ (ਜਿਸ ਦੀ ਜਵਾਨ ਧੀ ਨੂੰ ਪੱਟੀ ਸੂਬੇਦਾਰ ਨੇ ਚੁੱਕ ਕੇ ਕੈਦ ਕੀਤਾ ਸੀ) ਨੇ ਰੈਨ ਬਸੇਰਾ ਕੀਤਾ ਅਤੇ ਲੰਗਰ ਪਰਸ਼ਾਦਾ ਛਕਣ ਉਪਰੰਤ ਭਾਈ ਸਾਹਿਬ ਜੀ ਨਾਲ ਸਾਰੀ ਵਾਰਤਾਲਾਪ ਕੀਤੀ ਕਿ ਕਿਸ ਤਰਾਂ ਪੱਟੀ ਦੇ ਸੇਨਾਪਤੀ ਨੇ ਉਸਦੀ ਧੀ ਨੂ ਅਗਵਾ ਕਰ ਲਇਆ ਹੈ ਅਤੇ ਜ਼ਕਰਆ ਖਾਨ ਦੇ ਦਰਬਾਰ ਵਿੱਚ ਵੀ ਉਸਦੀ ਸੁਣਵਾਈ ਨਹੀਂ ਹੋਈ ! ਭਾਈ ਸਾਹਿਬ ਨੇ ਰਹੀਮ ਬਖਸ਼ ਨੂੰ ਦਿਲਾਸਾ ਅਤੇ ਹੌਸਲਾ ਦਿੰਦੇ ਹੋਏ ਕਿਹਾ ਕਿ ਉਸਦੀ ਸੁਣਵਾਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਹੋ ਗਈ ਅਤੇ ਓਹ ਬੇਫਿਕਰ ਰਹਿਣ, ਉਹਨਾਂ ਦੀ ਧੀ ਜਲਦੀ ਹੀ ਉਹਨਾਂ ਪਾਸ ਆ ਜਾਏਗੀ !

ਭਾਈ ਤਾਰੂ ਸਿੰਘ ਜੀ ਨੇ ਸਿੰਘਾਂ ਦੇ ਇੱਕ ਜੱਥੇ ਦੀ ਮਦਦ ਨਾਲ ਮੁਸਲਮਾਨ ਧੀ ਨੂੰ ਕੈਦ ਵਿੱਚੋਂ ਆਜ਼ਾਦ ਕਰਵਾ ਲਿਆ ! ਭਾਈ ਜੀ ਦੇ ਇਸ ਸਾਹਸ ਦੀ ਗਾਥਾ ਨੂੰ ਪਿੰਡ ਦੇ ਇੱਕ ਬੰਦੇ ਖੁਸ਼ਹਾਲਾ ਨੇ ਜ਼ਕਰਿਆ ਖਾਨ ਨੂੰ ਜਾ ਸੁਣਾਇਆ ! ਭਾਈ ਤਾਰੂ ਸਿੰਘ ਜੀ ਦੇ ਦਲੇਰੀ ਅਤੇ ਸਾਹਸ ਤੋਂ ਈਰਖਾ ਰਖਣ ਵਾਲੇ ਜ਼ਕਰਿਆ ਖਾਨ ਨੂੰ ਮੌਕਾ ਮਿਲ ਗਿਆ ਅਤੇ ਉਸਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ !

ਭਾਈ ਸਾਹਿਬ ਨੂੰ ਅਨੇਕਾਂ ਤਸੀਹੇ ਦਿੱਤੇ ਗਏ, ਅਨੇਕਾਂ ਸੁੱਖ-ਸਹੂਲਤਾਵਾਂ ਦਾ ਲਾਲਚ ਦਿੱਤਾ ਗਿਆ ਅਤੇ ਸਿੱਖੀ ਭੇਸ ਨੂੰ ਤਿਆਗ ਕੇ ਇਸਲਾਮ ਧਰਮ ਨੂੰ ਅਪਣਾਉਣ ਲਈ ਹੁਕਮ ਜਾਰੀ ਕੀਤਾ ਗਿਆ ਪਰ ਆਪ ਜੀ ਨੇ ਸਿੱਖੀ ਸਿਦਕ ਨਹੀਂ ਛਡਿਆ ! ਭਾਈ ਸਾਹਿਬ ਦੀ ਇਸ ਗਲ ਤੇ ਜ਼ਕਰਿਆ ਖਾਨ ਅੱਗ-ਬਾਬੂਲਾ ਹੋ ਗਿਆ ਅਤੇ ਭਾਈ ਤਾਰੂ ਜੀ ਨੂੰ ਚਰਖੜੀਆਂ ਤੇ ਚਾੜਿਆ ਗਿਆ ਪਰ ਭਾਈ ਸਾਹਿਬ ਆਪਣੇ ਸਿੱਖੀ ਸਿਦਕ ਉੱਤੇ ਦ੍ਰਿੜ ਰਹੇ !
ਆਪਣੇ ਰਾਜ ਵਿੱਚ ਇੱਕ ਸਿੰਘ ਵੱਲੋ ਆਪਣੀ ਈਨ ਦਾ ਰਸਤਾ ਖੁਲਦਾ ਵੇਖਦੇ ਹੋਏ ਜ਼ਕਰਿਆ ਖਾਨ ਨੇ ਜ਼ੁਲਮ ਦੀ ਅੱਤ ਚੁੱਕ ਦਿੱਤੀ ਅਤੇ ਭਾਈ ਸਾਹਿਬ ਜੀ ਦੀ ਖੋਪੜੀ ਕੇਸਾਂ ਸਮੇਤ ਉਤਾਰ ਦੇਣ ਦਾ ਹੁਕਮ ਜਾਰੀ ਕਰ ਦਿੱਤਾ !

ਇੱਕ ਮੋਚੀ ਦੁਆਰਾ ਭਾਈ ਤਾਰੂ ਸਿੰਘ ਜੀ ਦੀ ਰੰਬੀ ਦੇ ਨਾਲ ਖੋਪੜੀ ਕੇਸਾਂ ਸਮੇਤ ਉਤਰਵਾ ਦਿੱਤੀ ਗਈ ! ਇਸ ਸਾਰੇ ਸਮੇਂ ਦੌਰਾਨ ਭਾਈ ਸਾਹਿਬ ਨੇ "ਵਾਹਿਗੁਰੂ" ਸਿਮਰਨ ਨਾ ਛਡਿਆ ਅਤੇ ਰੱਤੀ ਭਰ ਵੀ ਭੈ ਉਹਨਾਂ ਦੇ ਚਿਹਰੇ ਤੇ ਨਹੀਂ ਸੀ ! ਇਸ ਕਾਂਡ ਦੇ ੨੨ ਦਿੰਨ ਉਪਰੰਤ ੧੭੪੫ ਵਿੱਚ ਆਪ ਜੀ ਸ਼ਹਾਦਤ ਪਾ ਗਏ !


******
ਪਰ ਅੱਜ ਦੀ ਨੌਜਵਾਨ ਪੀੜੀ ਇਹਨਾਂ ਮਹਾਂ ਸ਼ਹੀਦਾਂ ਅਤੇ ਗੁਰੂਆਂ ਦੀ ਦਿੱਤੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਭੁੱਲ ਕੇਸ ਕਤਲ ਨੂੰ ਜਿਆਦਾ ਪ੍ਰਾਥਮਿਕਤਾ ਦੇ ਰਹੀ ਹੈ ! ਉਹ੍ਨਾਨਾ ਲਈ ਸਿੱਖ ਇਤਿਹਾਸ ਸਿਰਫ ਇੱਕ ਕੰਧ ਯਾ ਫੇਰ ਬੂਕ ਸ਼ੇਲ੍ਫ਼ ਦੀ ਟਹੁਰ ਬਣ ਕੇ ਰਹ ਗਿਆ ਹੈ, ਕੇਸ ਕਤਲ ਅਤੇ ਰੋਮਾਂ ਦੀ ਬੇ-ਅਦਬੀ ਉਹਨਾਂ ਲਈ fashion ਹੈ..

ਸੋ ਸਮੂਹ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਵਿਰਸੇ ਦੀ ਕਦਰ ਕਰੀਏ ਅਤੇ ਗੁਰੂਆਂ ਅਤੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਅਨੇਕਾਂ ਸਿੰਘ ਸ਼ਹੀਦਾਂ ਦੀ ਸ਼ਹਾਦਤ ਦਾ ਮੂਲ ਪਛਾਣੀਏ ਜੀ..








ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!


  

Saturday, July 9, 2011

" ਪੁਰਜਾ ਪੁਰਜਾ ਕਟਿ ਮਰੇ ਕਬਹੂ ਨ ਛਾਡੇ ਖੇਤੁ...."

                                                                (1644-1734)



ਸਿਖ ਇਤਿਹਾਸ ਵਿੱਚ ਅਨੇਕਾ ਸਿੰਘ ਸ਼ਹੀਦ ਹੋਏ ਹਨ , ਉਹਨਾਂ ਵਿੱਚੋਂ ਹੀ ਇੱਕ ਮਹਾਂ ਸਿਖੀ ਸਿਦਕ ਨਿਭਾਉਣ ਵਾਲੇ ਸਨ " ਭਾਈ ਮਨੀ ਸਿੰਘ ਜੀ"

ਭਾਈ ਮਨੀ ਸਿੰਘ ਜੀ ਨੇ ਸਿਖੀ ਵਿੱਚ ਪਰਪੱਕ ਰਹਿੰਦੇ ਹੋਏ ਆਪਣਾ ਬੰਦ-ਬੰਦ 1734 ਵਿੱਚ  ਕਟਵਾ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ !
ਆਓ ਉਹਨਾਂ ਦੇ ਜੀਵਨ ਕਾਲ ਨਾਲ ਸੰਬੰਧਿਤ ਕੁਝ ਜਾਣਕਾਰੀ ਲਈਏ...



  •  ਭਾਈ ਮਨੀ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 
           10 ਮਾਰਚ 1644 ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ੍ਹ (ਪਾਕਿ), 
  • ਭਾਈ ਮਨੀ ਸਿੰਘ ਜੀ ਦੇ ਮਾਤਾ-ਪਿਤਾ ਦਾ ਨਾਂਅ ਦੱਸੋ? 
          ਪਿਤਾ ਮਾਈ ਦਾਸ ਜੀ ਤੇ ਮਾਤਾ ਮਧਰੀ ਬਾਈ ਜੀ, 
  • ਭਾਈ ਮਨੀ ਸਿੰਘ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ? 
          ਬੀਬੀ ਸੀਤੋ ਜੀ ਨਾਲ, 
  • ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਦਾ ਨਾਂਅ ਕੀ ਸੀ? 
          ਭਾਈ ਬਲੂ ਜੀ, 
  • ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਨੇ ਕਿਹੜੇ ਗੁਰੂ ਸਾਹਿਬ ਦੇ ਸਮੇਂ ਕਿਵੇਂ ਸ਼ਹੀਦੀ ਪਾਈ ਸੀ? 
          ਛੇਵੇਂ ਗੁਰੂ ਜੀ ਦੇ ਸਮੇਂ ਤੁਰਕਾਂ ਨਾਲ ਜੰਗ ਕਰਦੇ, 
  •  ਭਾਈ ਮਨੀ ਸਿੰਘ ਜੀ ਨੇ ਸੱਤਵੇਂ ਗੁਰੂ ਜੀ ਦੇ ਦਰਸ਼ਨ ਕਿੰਨੇ ਸਾਲ ਦੀ ਉਮਰ ਵਿੱਚ ਕੀਤੇ ਸਨ? 
          13 ਸਾਲ ਦੀ ਉਮਰ ਵਿੱਚ, 
  • ਸੱਤਵੇਂ ਗੁਰੂ ਹਰਿਰਾਏ ਜੀ ਨੇ ਆਪ ਜੀ ਨੂੰ ਵੇਖ ਕੇ ਕੀ ਫੁਰਮਾਇਆ ਸੀ? 
          ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਸੰਸਾਰ ਵਿੱਚ ਪ੍ਰਸਿੱਧੀ ਹਾਸਲ ਕਰੇਗਾ 
  • ਭਾਈ ਮਨੀ ਸਿੰਘ ਜੀ ਨੇ ਕਿਹੜੇ-ਕਿਹੜੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ? 
          ਸੱਤਵੇਂ ਅੱਠਵੇਂ ਨੌਵੇਂ ਤੇ ਦੱਸਵੇਂ ਗੁਰੂ ਸਾਹਿਬ ਜੀ ਦੇ 
  • ਭੰਗਾਣੀ ਯੁੱਧ ਵਿੱਚ, ਭਾਈ ਮਨੀ ਸਿੰਘ ਜੀ ਦੇ ਕਿਹੜੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ? 
          ਭਾਈ ਹਰੀ ਚੰਦ ਜੀ ਨੇ 
  •  ਦੱਸਵੇਂ ਪਾਤਸ਼ਾਹ ਜੀ ਨੇ ਆਪ ਦੇ ਸਿਦਕ ਨੂੰ ਦੇਖ ਕੇ ਆਪ ਨੂੰ ਕਿਹੜੀ ਉਪਾਧੀ ਬਖਸ਼ੀ ਸੀ? 
           10. ਦੀਵਾਨ ਦੀ 
  • ਸ੍ਰੀ ਆਨੰਦਪੁਰ ਸਾਹਿਬ ਭਾਈ ਮਨੀ ਸਿੰਘ ਜੀ ਕੀ ਸੇਵਾ ਕਰਦੇ ਸਨ? 
          ਰੋਜ਼ਾਨਾ ਗੁਰਬਾਣੀ ਦੀ ਕਥਾ ਸੁਣਾਉਂਦੇ 
  •  ਨੌਵੇਂ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਆਨੰਦਪੁਰ ਸਾਹਿਬ ਕੀ ਸੇਵਾ ਲਾਈ ਸੀ? 
           ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ 
  •  ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਕਿਹੜੀ ਮਰਿਯਾਦਾ ਨੂੰ ਬੰਦ ਕਰਕੇ ਕਿਹੜੀ ਮਰਿਯਾਦਾ ਚਲਾਈ ਸੀ? 
           ਸੋਢੀਆਂ ਦੀ ਮਰਿਯਾਦਾ ਨੂੰ ਬੰਦ ਕਰਕੇ ਗੁਰ-ਮਰਿਯਾਦਾ ਚਲਾਈ ਸੀ 
  • ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਵਿੱਚ ਪਹਾੜੀ ਰਾਜਿਆਂ ਦਾ ਮੁਕਾਬਲਾ ਭਾਈ ਮਨੀ ਸਿੰਘ ਜੀ ਦੇ ਕਿਹੜੇ ਸਪੁੱਤਰਾਂ ਨੇ ਕੀਤਾ ਸੀ? 
           ਭਾਈ ਬਚਿੱਤਰ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 
  • ਆਨੰਦਪੁਰ ਦਾ ਕਿਲ੍ਹਾ ਖਾਲੀ ਹੋਣ ਪਿੱਛੋਂ ਭਾਈ ਜੀ ਗੁਰੂ ਕੇ ਮਹਿਲਾਂ ਨੂੰ ਕਿੱਥੇ ਲੈ ਗਏ ਸਨ? 
           ਦਿੱਲੀ 
  •  ਭਾਈ ਮਨੀ ਸਿੰਘ ਜੀ ਦੇ ਹੋਰ ਕਿੰਨੇ ਭਰਾ ਸਨ? 
           ਹੋਰ 10 ਭਰਾ 
  •  ਭਾਈ ਦਇਆਲਾ ਜੀ ਭਾਈ ਮਨੀ ਸਿੰਘ ਦੇ ਕੀ ਲੱਗਦੇ ਸਨ? 
           ਭਰਾ 
  • ਭਾਈ ਮਨੀ ਸਿੰਘ ਜੀ ਦੇ ਕਿੰਨੇ ਭਰਾ ਸ਼ਹੀਦ ਹੋਏ? 
          ਆਪ ਸਮੇਤ 11 ਭਰਾ ਸ਼ਹੀਦ ਹੋਏ 
  •  ਮੁਕਤਸਰ ਦੀ ਜੰਗ ਤੋਂ ਬਾਅਦ ਆਪ ਜੀ ਗੁਰੂ ਕੇ ਮਹਿਲਾਂ ਨੂੰ ਲੈ ਕੇ ਦਸਮ ਪਾਤਸ਼ਾਹ ਜੀ ਕੋਲ ਕਿਸ ਅਸਥਾਨ ’ਤੇ ਪੁੱਜੇ ਸਨ? 
           ਸਾਬੋਂ ਕੀ ਤਲਵੰਡੀ 
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਕਿਹੜੀ ਸੇਵਾ ਲਗਾਈ ਸੀ? 
          ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਦੀ।
 
 
 
 
ਅਸੀਂ ਸਭ ਵੀ ਸਿਖੀ ਵਿੱਚ ਇਨੇ ਹੀ ਪਰਪੱਕ ਰਹਿਣ ਦਾ ਪ੍ਰਣ ਕਰੀਏ ਜੀ.... 
 
 
ਵਾਹਿਗੁਰੂ ਜੀ ਕਾ ਖਾਲਸਾ !! 
ਵਾਹਿਗੁਰੂ ਜੀ ਕੀ ਫਤਿਹ !! 

Monday, July 4, 2011

ਗੁਰੂ ਹਰਿਗੋਬਿੰਦ ਸਾਹਿਬ ਜੀ



ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰੂਪਮਾਨ ਕਰਨਾ ਬਹੁਤ ਅਸੰਭਵ ਹੈ। ਗੁਰੂ ਜੀ ਗੁਰਮਤਿ ਧਾਰਨੀ ਦੇ ਨਾਲ ਨਾਲ ਇੱਕ ਸੂਰਬੀਰ ਯੋਧਾ ਵੀ ਸਨ ! ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਦਾ ਥੋੜ੍ਹਾ ਜਿਹਾ ਅਨੁਭਵ ਹੀ ਹੋ ਸਕਦਾ ਹੈ।
ਸੋ ਉਹਨਾਂ ਦੇ ਜੀਵਨ ਬਾਰੇ ਚਾਨਣ ਪਾਉਂਦਾ ਇੱਕ ਛੋਟਾ ਜਿਹਾ ਲੇਖ ਆਪ ਜੀ ਦੇ ਸਨਮੁੱਖ ਹੈ ਜੀ..
ਪੜਕੇ ਲਾਹਾ ਲੈਣ ਦੀ ਖੇਚਲ ਕਰਨੀ ਜੀ !



ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅੜਤਾਲਵੀਂ ਪਾਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
        ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
   ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
           ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। "

"ਪੰਜਿ ਪਿਆਲੇ" ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।
"ਪੰਜਿ ਪੀਰ" ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ।
"ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ" ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ।
ਸਰੀਰਾਂ ਵਿਚ ਹੀ ਭੇਦ ਸੀ। ਜੋਤਿ ਇਕੋ ਸੀ।
"ਦਲਿਭੰਜਨ, ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ" ਭਾਵ ਗੁਰੂ ਹਰਿਗੋਬਿੰਦ ਸਾਹਿਬ ਸਿਫ਼ਤਾਂ ਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਕ ਹਨ।
                  ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
                                 (੧੫੯੫-੧੬੪੪)

                                     
ਸੰਖੇਪ ਜੀਵਨ ਕਾਲ :  

ਪਿਤਾ : ਗੁਰੂ ਅਰਜਨ ਸਾਹਿਬ ਜੀ

ਮਾਤਾ : ਮਾਤਾ ਗੰਗਾ ਜੀ

ਜਨਮ: ੧੫੯੫
, ਗੁਰੂ ਕੀ ਵਡਾਲੀ, ਅੰਮ੍ਰਿਤਸਰ

ਸੰਤਾਨ: ਗੁਰਦਿੱਤਾ ਜੀ, ਅਨੀ ਰਾਇ ਜੀ, (ਗੁਰੂ) ਤੇਗ ਬਹਾਦੁਰ ਜੀ, ਅਟੱਲ ਰਾਇ ਜੀ , ਸੂਰਜ ਮੱਲ ਜੀ  & ਬੀਬੀ ਵੀਰੋ ਜੀ

ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੬੦੬, ੩੮ ਸਾਲ
ਜੋਤੀ-ਜੋਤ ਸਮਾਏ : ੧੬੪੪ ਵਿੱਚ ਕੀਰਤਪੁਰ ਸਾਹਿਬ ਵਿਖੇ

ਜਨਮ :


ਗੁਰੂ ਹਰਗੋਬਿੰਦ ਸਾਹਿਬ ਜੀ ਨੇ ੧੯ ਜੂਨ, ੧੫੯੫ (੭ ਹਾੜ ਵਦੀ) ; ੨੧ ਹਾੜ ਸੰਮਤ ੧੬੫੨ ਬਿ. ਨੂੰ  ਗੁਰੂ ਕੀ ਵਡਾਲੀ, ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਅਵਤਾਰ ਧਾਰਿਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਸੂਰਬੀਰਤਾ ਅਤੇ ਗੁਰਮਤਿ ਦੇ ਧਾਰਨੀ ਸਨ ! ਗੁਰੂ ਹਰਿਗੋਬਿੰਦ ਸਾਹਿਬ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਕੇ ਆਪਣੇ ਪੈਰਾਂ ਉਤੇ ਖੜ੍ਹਾ ਕੀਤਾ ! ਆਪ ਜੀ ਯੋਧੇ, ਨਿਮਰਤਾ ਤੇ ਧੀਰਜ ਦੇ ਸਿਖਰ, ਪਰਉਪਕਾਰ ਦੀ ਸਾਕਾਰ ਮੂਰਤ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !
ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ।
ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ਤੇ ਬਹੁਤ ਅਸਰ ਪਿਆ।
ਦੂਸਰਾ ਗੁਣ ਰਾਜ-ਬਲ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।

ਗੁਰਿਆਈ:
ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ।
ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।"
ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ।

ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:
"ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।"
ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ।
ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ। ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਇਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ।
ਕਾਰਜ :

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ  ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ੧੬੬੩ ਵਿੱਚ ਆਰੰਭ ਕਰਵਾਈ ! ਆਪ ਜੀ ਨੇ ਹਰਗੋਬਿੰਦਪੁਰ ਸ਼ਹਿਰ 18 ਅੱਸੂ 1677 ਵਿਚ ਵਸਾਇਆ, ੧੬੦੯ ਵਿੱਚ ਕਿਲ੍ਹਾ ਲੋਹਗੜ੍ਹ, ਲਾਹੌਰ ਵਿਚ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਅਸਥਾਨ ਡੇਹਰਾ ਸਾਹਿਬ 1670 ਵਿਚਅਤੇ ਕੀਰਤਪੁਰ 1683 ਵਿਚ ਪਹਾੜੀਆਂ ਦੇ ਨੇੜੇ ਵਸਾਇਆ।
ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ ! ਮੀਰੀ- ਸ਼ਕਤੀ ਦਾ ਪ੍ਰਤੀਕ ਅਤੇ ਪੀਰੀ- ਭਗਤੀ ਦਾ ਪ੍ਰਤੀਕ !
ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ। ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ;

ਪਹਿਲਾ ਅੰਮ੍ਰਿਤਸਰ 1628 ਈ. ਵਿਚ,
ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ,
ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ
ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ।
ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਬੰਦੀ ਛੋੜ:
                 ਬੰਦੀ ਛੋੜ (੫੨ ਰਾਜਿਆਂ ਨੂ ਬੰਦੀ ਪੁਣੇ ਤੋਂ ਮੁਕਤ ਕਰਵਾਇਆ)
ਪੰਜਾਬ ਦੇ ਲੋਕਾਂ ਵਿਚ ਗੁਰੂ ਸਾਹਿਬ ਦਾ ਅਸਰ ਵਧਦਾ ਮਹਿਸੂਸ ਕਰਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਮਹਾਰਾਜ ਨੂੰ ਜੋ ਰਕਮ ਮਿਲਦੀ ਉਹ ਹੋਰ ਕੈਦੀਆਂ (ਜਿਨ੍ਹਾਂ ਵਿਚ ਕਈ ਰਾਜੇ ਵੀ ਸਨ, ਜੋ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਸਨ) ਤੇ ਖਰਚ ਕਰ ਦਿੰਦੇ ਸਨ। ਗੁਰੂ ਸਾਹਿਬ ਦੇ ਜਾਣ ਨਾਲ ਸਾਰਾ ਵਾਤਾਵਰਣ ਹੀ ਬਦਲ ਗਿਆ। ਸਾਈਂ ਮੀਆਂ ਮੀਰ ਜੀ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫ਼ਾ ਉਮਰ ਦੀ ਅੰਸ ਵਿਚੋਂ ਸਨ, ਮੁਸਲਮਾਨਾਂ ਵਿਚ ਉਨ੍ਹਾਂ ਦਾ ਬਹੁਤ ਅਸਰ-ਰਸੂਖ ਸੀ। ਉਨ੍ਹਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਵਾਉਣ ਵਿਚ ਵੱਡਾ ਹੱਥ ਸੀ। ਜਦ ਵਜ਼ੀਰ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪੁੱਜਾ ਤਾਂ ਗੁਰੂ ਸਾਹਿਬ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜ਼ਮਾਨਤ ਉੱਪਰ ਸਭ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਖੁੱਲ੍ਹਾ ਚੋਲਾ ਬਣਵਾਇਆ ਤੇ ਉਸ ਦੀ ਇਕ-ਇਕ ਕਲੀ ਉਨ੍ਹਾਂ ਬਵੰਜਾ ਰਾਜਿਆਂ ਦੇ ਹੱਥ ਫੜਾ ਕੇ ਸਭ ਨੂੰ ਲੈ ਕੇ ਹੀ ਕਿਲ੍ਹੇ ਤੋਂ ਬਾਹਰ ਆਏ। ਇਸ ਉਪਕਾਰ ਦਾ ਸਦਕਾ ਲੋਕ ਗੁਰੂ ਮਹਾਰਾਜ ਨੂੰ ਬੰਦੀ ਛੋੜ ਕਹਿਣ ਲੱਗ ਪਏ।
ਅੰਤਲਾ ਸਮਾਂ:
ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ।
ਜੋਤੀ ਜੋਤ:
ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਐਤਵਾਰ ਚੇਤ ਸੁਦੀ ਪੰਜ, ਮਿਤੀ ਛੇ ਚੇਤ 1701 ਬਿ. (3 ਮਾਰਚ 1644) ਨੂੰ ਗੁਰਿਆਈ ਆਪਣੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਸੌਂਪ ਕੇ ਕੀਰਤਪੁਰ ਵਿਚ ਜੋਤੀ ਜੋਤ ਸਮਾ ਗਏ।
ਆਪ ਜੀ ਦਾ ਸਸਕਾਰ ਸਮੂਹ ਸਿੱਖ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਸਤਲੁਜ ਦੇ ਕੰਢੇ ਕੀਤਾ, ਜਿਥੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ।