Showing posts with label BABA DEEP SINGH JI. Show all posts
Showing posts with label BABA DEEP SINGH JI. Show all posts

Saturday, November 30, 2013

ਬਾਬਾ ਦੀਪ ਸਿੰਘ ਜੀ



ਜੀਵਨ ਬਿਰਤਾਂਤ :-

ਬਾਬਾ ਦੀਪ ਸਿੰਘ ਜੀ ਦਾ ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਉ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ।
ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਦੀਪਾ ਰੱਖਿਆ ਗਿਆ। ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ- ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ- ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਸਨਮੁਖ ਮਨਾਉਣ ਦਾ ਫੈਸਲਾ ਕੀਤਾ। ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।

ਉਸ ਦਿਨ ਤੋਂ ਸਭ ਦੇ ਨਾਂਅ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਕੋਲੋਂ  ਆਗਿਆ ਮੰਗੀ ਤਾਂ ਪਾਤਸ਼ਾਹ ਨੇ ਫ਼ਰਮਾਇਆ ਕਿ 

 'ਤੁਸੀ ਜਾਓ, ਦੀਪ ਸਿੰਘ ਨੂੰ ਸਾਡੇ ਕੋਲ ਇਥੇ ਹੀ ਰਹਿਣ ਦਿਓ।'  

ਆਪ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫਾਰਸੀ ਤੇ ਅਰਬੀ ਲਿੱਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ- ਸਵਾਰੀ,  ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ।

ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਵੀ ਨਾਲ ਹੀ ਜਾਂਦੇ ਸਨ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਮਤ 1757 ਤੋਂ 1762 ਤੱਕ ਪੰਜ ਸਾਲ ਤੱਕ ਰਹੇ। ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ। ਇਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲ੍ਹਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂਅ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਇਥੇ ਨੌਂ ਮਹੀਨੇ ਰਹੇ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। 1705 ਈ: ਨੂੰ ਭਾਈ ਮਨੀ ਸਿੰਘ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਲਿਖਣ ਦੇ ਸਾਰੇ ਸਮਾਨ ਦਾ ਪ੍ਰਬੰਧ ਕਰਨ ਲੱਗੇ।
1707 ਈ: ਨੂੰ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ (ਗੁਰਬਖਸ਼ ਸਿੰਘ) ਬਣਾ ਦਿੱਤਾ। 1708 ਈ: ਨੂੰ ਬੰਦਾ ਬਹਾਦਰ ਪੰਜਾਬ ਆਇਆ। ਬੰਦਾ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ। 

1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। 

ਬਾਬਾ ਦੀਪ ਸਿੰਘ ਨੂੰ ਤਰਨਾ ਦਲ ਦੇ ਮੁਖੀ ਥਾਪਿਆ ਗਿਆ, ਉਸ ਸਮੇਂ ਆਪ ਦੀ ਉਮਰ 52 ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਸ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਸੁਣਦਿਆਂ ਸਾਰ ਹੀ ਬਾਬਾ ਜੀ ਨੂੰ ਗੁੱਸਾ ਆ ਗਿਆ।

ਡੇਰੇ ਦੀ ਸੇਵਾ ਸ: ਮਸੰਦਾ ਸਿੰਘ ਨੂੰ ਸੌਂਪ ਕੇ ਸਿੱਖਾਂ ਨੂੰ ਦਮਦਮਾ ਸਾਹਿਬ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ। ਅੱਖਾਂ ਵਿਚੋਂ ਅੰਗਾਰੇ ਬਰਸ ਰਹੇ ਸਨ। ਨਗਾਰੇ 'ਤੇ ਚੋਟ ਲੱਗ ਗਈ। ਬਾਬਾ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤੁਰ ਪਏ। ਤਰਨ ਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ। 500 ਸਿੰਘਾਂ ਦਾ ਜਥਾ ਤਰਨ ਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ। ਪਿੰਡ ਗੋਹਲਵੜ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਜੋਸ਼ੀਲੀ ਤਕਰੀਰ ਕੀਤੀ। ਸਿੰਘ ਜੈਕਾਰੇ ਗੂੰਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ। ਉਧਰ ਜਹਾਨ ਖਾਂ ਭਾਰੀ ਭਰਕਮ ਫੌਜ ਲੈ ਕੇ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਦੋ- ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਅੱਗੇ ਹੀ ਅੱਗੇ ਵਧੀ ਜਾ ਰਹੇ ਸਨ। ਇਸ ਹਮਲੇ ਵਿਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖਾਂ ਮਾਰਿਆ ਗਿਆ। ਜਹਾਨ ਖਾਂ ਦਾ ਸਿਰ ਨੇਜ਼ੇ ਉਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਏਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿਚ ਜੋ ਸਿੰਘ ਸ਼ਹੀਦ ਹੋਏ, ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ, ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਆਦਿ। ਇਨ੍ਹਾਂ ਸਾਰੇ ਸ਼ਹੀਦਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਤਰਨ ਤਾਰਨ ਰੋਡ ਦੇ ਐਨ ਉਪਰ ਸਥਿਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ। ਦੋਵਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ । ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋਡ ਦੇ ਐਨ ਉਪਰ ਸਥਿਤ ਹੈ। ਇਕ ਸਿੰਘ ਵੱਲੋਂ ਬੋਲੀ ਮਾਰਨ 'ਤੇ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ- ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ, ਜਿਥੇ ਬਾਬਾ ਦੀਪ ਸਿੰਘ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਹੈ, ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ।