Tuesday, May 7, 2013

“ ਖਾਲਸਾ ਸਾਜਨਾ ਦਿਵਸ ”





" ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ !! "


ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ (1699 ) ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।
ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ (1469-1539 ਈ )ਤੋਂ ਲੈ ਕੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ) ਤੱਕ ਲਗਭਗ ਦੋ ਸਦੀਆਂ ਦੇ ਅਰਸੇ ਦੌਰਾਨ ਮੁਗਲਾਂ ਦੇ ਜ਼ਬਰ-ਜ਼ੁਲਮ,ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬਾਨ ਨੇ ਬਦਲਦੇ ਸਮੇਂ ਅਨੁਸਾਰ ਆਵਾਜ਼ ਬੁਲੰਦ ਕੀਤੀ
ਗੁਰੂ ਅਰਜਨ ਸਾਹਿਬ ਜੀ ਦੀ ਸਹੀਦੀ (1606 ਈ) ਤੋਂ ਬਾਅਦਇਹ ਵਿਦਰੋਹ ਨਵਾਂ ਰੂਪ ਧਾਰਨ ਕਰ ਗਿਆ। ਇਸ ਸ਼ਹਾਦਤ ਤੋਂ ਬਾਅਦ ਧਰਮ ਬਚਾਉਣ ਲਈ ਸ਼ਸਤਰਾਂ ਦੀ ਹੋਂਦ ਦੀ ਜ਼ਰੂਰਤ ਮਹਿਸੂਸ ਹੋਈ। ਧਰਮ ਦੀ ਖਾਤਰ ਹੋਈ ਇਸ ਸ਼ਹਾਦਤ ਨੇ ਚੁੱਪ ਬੈਠੀ ਕੌਮ ਦੇ ਧਾਰਮਿਕ ਜਜ਼ਬਿਆਂ ਨੂੰ ਝੰਜੋੜਿਆ ਅਤੇ ਸਿੱਖਾਂ ਵਿੱਚ ਵਿਰੋਧੀ ਜਜ਼ਬੇ ਦਾ ਜਨਮ ਹੋਇਆ।
ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ, ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨਿਆ।ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਅਕਾਲ ਤਖ਼ਤ ਦੀ ਸਿਰਜਨਾ ਕੀਤੀ । ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸ਼ਕਤੀ ਅਤੇ ਭਗਤੀ ਦੇ ਸੁਮੇਲ ਨੂੰ ਜਨਮ ਦਿੱਤਾ ਅਤੇ ਸੇਧ ਬਖਸ਼ੀ ਕਿ ਭਗਤੀ ਦੇ ਰਾਹ ਤੇ ਚਲਦੇ ਹੋਏ ਜੇਕਰ ਜਾਬਰ-ਜੁਲਮ ਦਾ ਟਾਕਰਾ ਕਰਨਾ ਪਵੇ ਤਾਂ ਸ਼ਸਤਰ ਚੁਕਣੇ ਵਾਜਿਬ ਹਨ !
ਸਮੇਂ ਦੀ ਲੋੜ ਅਨੁਸਾਰ ਜਦ ਵੀ ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਗੁਰੂ ਦੀ ਫੌਜ ਨੇ ਵੱਧ ਚੜ੍ਹ ਕੇ ਜੰਗ ਦਾ ਬਿਗਲ ਵਜਾ ਦਿੱਤਾ। ਇਸ ਸੰਘਰਸ਼ ਦਾ ਬੀਜ ਤਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਬੀਜਿਆ ਜਾ ਚੁੱਕਾ ਸੀ ਪਰ ਬਦਲਦੇ ਸਮੇਂ ਅਨੁਸਾਰ ਹੁਕਮਰਾਨਾਂ ਦੇ ਵਤੀਰੇ ਵਿੱਚ ਵਾਪਰਦੀ ਤਬਦੀਲੀ ਦੇ ਪ੍ਰਤੀਕਰਮ ਵਜੋਂ ਗੁਰੂ ਸਾਹਿਬਾਨ ਦੇ ਇਸ ਸੰਘਰਸ਼ ਦਾ ਰੂਪ ਵੀ ਬਦਲਿਆ।
ਬਾਦਸ਼ਾਹ ਦਰਵੇਸ਼, ਮਹਾਨ ਸੂਰਮੇ, ਵਿਦਵਾਨ, ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਘਰਸ਼ ਰੂਪੀ ਬੀਜੇ ਬੀਜ ਨੂੰ ਜੱਥੇਬੰਦੀ ਦੇ ਸਰੂਪ ਰਾਹੀਂ ਸੰਪੂਰਨਤਾ ਪ੍ਰਦਾਨ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਕਿਲਾ ਕੇਸਗੜ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਕਿ ਕਿਸੇ ਵੀ ਪ੍ਰਕਾਰ ਦੇਜਬਰ ਅਤੇ ਜੁਲਮ ਦਾ ਡੱਟ ਕੇ ਸਾਹਮਣਾ ਕਰ ਸਕੇ।ਇਤਿਹਾਸ ਵਿੱਚ ਇਹ ਇਕ ਕ੍ਰਾਂਤੀਕਾਰੀ ਤਬਦੀਲੀ ਵਾਪਰੀ । ਗੁਰੂ ਜੀ ਨੇ ਕਾਇਰ, ਸਾਹਸਹੀਣ ਲੋਕਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ਤਾਂ ਜੋ ਜਾਲਮਾਂ ਤਾ ਟਾਕਰਾ
ਜਓ ਤਓ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੋਰੀ ਆਓ
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ
ਕਹੇ ਅਨੁਸਾਰ ਕਰ ਸਕਣ !
ਗੁਰੂ ਸਾਹਿਬ ਜੀ ਨੇ ਪਹਿਲੀ ਵੈਸਾਖ 1756 ਸੰਮਤ, 1699 ਇ. ਨੂੰ ਭਰੇ ਪੰਡਾਲ ਵਿੱਚੋਂ ਪੰਜ ਸਿਰ ਮੰਗੇ !
ਸਮੂਹ ਸੰਗਤ ਦਾ ਇੱਕਠ ਬਹੁਤ ਅਸਚਰਜ ਵਿੱਚ ਪੈ ਗਿਆ ਪਰ ਸਿਦਕੀ ਸਿੱਖਾਂ ਲਈ ਕੁਰਬਾਨ ਹੋ ਜਾਣ ਦਾ ਇਹੀ ਸਫਲ ਮੌਕਾ ਸੀ। 

ਸਭ ਤੋਂ ਪਹਿਲਾਂ ਲਾਹੋਰ ਦਾ ਰਹਿਣ ਵਾਲਾ ਦਇਆ ਰਾਮ(ਖੱਤਰੀ) ਉੱਠਿਆ। ਅਤੇ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਹੋਏ ਸੀਸ ਭੇਟਾ ਕਰਨ ਦੀ ਇੱਛਾ ਜਾਹਿਰ ਕੀਤੀ !ਗੁਰੂ ਜੀ ਉਸਨੂੰ ਲਾਗੇ ਹੀ ਸਜੇ ਇਕ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਭਿੱਜੀ  ਤਲਵਾਰ ਨਾਲ ਵਾਪਿਸ ਪਰਤੇ ਅਤੇ ਇਸੇ ਪ੍ਰਕਾਰ ਇੱਕ ਤੋਂ ਬਾਅਦ ਇੱਕ ਸੀਸ ਮੰਗਦੇ ਰਹੇ !
ਦਇਆ ਰਾਮ ਜੀ ਤੋਂ ਉਪਰੰਤ ਦਿੱਲੀ ਦੇ ਧਰਮ ਦਾਸ ਜੀ, ਦਵਾਰਕਾ ਦੇ ਮੋਹਕਮ ਚੰਦ ਜੀ, ਬਿਦਰ ਦੇ ਸਾਹਿਬ ਚੰਦ ਜੀ ਅਤੇ ਪੂਰੀ ਦੇ ਹਿੰਮਤ ਰਾਇ ਜੀ ਨੇ ਗੁਰੂ ਜੀ ਨੂੰ  ਸੀਸ ਭੇਟਾ ਕੀਤੇ !  

ਇਸ ਉਪਰੰਤ ਸਰਬ-ਲੋਹ ਦੇ ਬਾਟੇ ਵਿੱਚ ਖੰਡੇ ਦੀ ਪਾਹੁਲ ਤਿਆਰ ਕੀਤੀ ਗਈ  ਜੋ ਕਿ ਪ੍ਰਤੀਕ ਹੈ ਇਸ ਗਲ ਦਾ ਕਿ ਖਾਲਸਾ ਸਿਰਫ ਦਲੇਰੀ ਦਾ ਪ੍ਰਤੀਕ ਨਹੀਂ ਸਗੋਂ ਇਹ ਨਿਮਰਤਾ ਅਤੇ ਮਿਠਾਸ ਦਾ ਵੀ ਪ੍ਰਤੀਕ ਹੋਵੇਗਾ!

ਪੰਜ ਸੀਸ ਭੇਟਾ ਕਰਨ ਵਾਲੇ ਸਰੀਰਾਂ ਨੂੰ ਇਹ ਖੰਡੇ ਦੀ ਪਾਹੁਲ ਛਕਾ ਕੇ ਪੰਜ ਪਿਆਰੇ ਸਾਜਿਆ ਗਿਆ !

ਉਹਨਾਂ ੫ ਪਿਆਰਿਆਂ ਦੇ ਨਾਮ ਇਸ ਤਰਾਂ ਰੱਖੇ:

ਦਇਆ ਰਾਮ ਤੋਂ ਦਇਆ ਸਿੰਘ 
ਧਰਮ ਦਾਸ ਤੋਂ ਧਰਮ ਸਿੰਘ
ਮੋਹਕਮ ਚੰਦ ਤੋਂ ਮੋਹਕਮ ਸਿੰਘ
ਸਾਹਿਬ ਚੰਦ ਤੋਂ ਸਾਹਿਬ ਸਿੰਘ 
ਹਿੰਮਤ ਰਾਇ ਤੋਂ ਹਿੰਮਤ ਸਿੰਘ


ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੇ ਫ਼ਰਕ ਨੂੰ ਮਿਟਾਉਦਿਆ ਅਲੱਗ ਅਲੱਗ ਜਾਤਾਂ, ਗੋਤਾਂ ਤੋਂ ਕੌਮ ਨੂੰ ਆਜਾਦ ਕਰਨ ਦੇ ਮੰਸੂਬੇ ਹਿੱਤ ਕੌਮ ਨੂੰ ਨਿਵੇਕਲਾ ਸਰੂਪ ਬਖਸ਼ਿਆ ਅਤੇ ਸਮੂਹ ਪੰਥ ਨੂੰ ਖਾਲਸਾ ਨਾਮ ਦੇ ਕੇ ਨਿਵਾਜਿਆ !


  ਖਾਲਸਾ ਮੇਰੋ ਰੂਪ ਹੈ ਖਾਸ !! ਖਾਲਸੇ ਮਹਿ ਹੌ ਕਰੋ ਨਿਵਾਸ !!
     
ਖਾਲਸਾ ਮੇਰੋ ਮੁਖ ਹੈ ਅੰਗਾ !! ਖਾਲਸੇ ਕੇ ਹੌਂ ਸਦ ਸਦ ਸੰਗਾ !!” (ਅੰਮ੍ਰਿਤ ਕੀਰਤਨ- ਗੁਰੂ ਗੋਬਿੰਦ ਸਿੰਘ ਜੀ)


ਇੱਕ ਹੋਣ ਦੀ ਉਦਾਹਰਨ ਪੇਸ਼ ਕਰਦੇ ਹੋਏ ਸਿੱਖਾਂ ਨੂੰ ਆਪਣੇ ਨਾਮ ਦੇ ਪਿਛੇ "ਸਿੰਘ" ਅਤੇ ਸਿੱਖ ਬੀਬੀਆਂ ਨੂੰ "ਕੌਰ" ਲਾਉਣ ਦਾ ਹੁਕਮ ਕੀਤਾ !

ਉਪਰੰਤ ਕਲਗੀਧਰ ਦਸਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਕਿ ਉਹਨਾਂ (ਗੁਰੂ ਗੋਬਿੰਦ ਰਾਇ ਜੀ) ਨੂੰ ਵੀ ਇਸੇ ਤਰਾਂ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਵੇ ! 

ਇਸ ਪ੍ਰਕਾਰ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਜੀ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ! 

ਖਾਲਸਾ ਸ਼ਬਦ ਤੋਂ ਭਾਵ ਹੈ ਖਾਲਸ ! 

ਗੁਰੂ ਜੀ ਨੇ ੨੩੯ ਸਾਲ ਦੀ ਗੁਰੂਆਂ ਦੀ ਘਾਲਣਾ ਨੂੰ ਇੱਕ ਨਿਵੇਕਲਾ ਰੂਪ ਦਿੱਤਾ ਜੋ ਕਿ ਭਗਤੀ ਅਤੇ ਸ਼ਕਤੀ ਦੀ ਮਿਸਾਲ ਹੈ ਅਤੇ ਦੇਗ ਅਤੇ ਤੇਗ ਦੀ ਵੀ ਛੋਹ ਪੇਸ਼ ਕਰਦਾ ਹੈ !

ਗੁਰੂ ਜੀ ਨੇ ਖਾਲਸਾ ਨੂੰ ੪ ਬੱਜਰ ਕੁਰਹਿਤਾਂ ਤੋਂ ਵਰਜਿਆ :
  1. ਕੇਸ ਕਤਲ ਨਹੀਂ ਕਰਨੇ
  2. ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ
  3. ਕੁੱਠਾ  ਮਾਸ  ਨਹੀਂ  ਖਾਣਾ
  4. ਪਰ ਇਸਤਰੀ/ਪਰ ਪੁਰਸ਼ ਦਾ ਸੰਗ ਨਹੀਂ ਕਰਨਾ
ਗੁਰੂ ਜੀ ਨੇ ਇਸ ਪ੍ਰਕਾਰ ਖਾਲਸਾ ਨੂੰ ਹਰ ਵੇਲੇ
  • ਪੰਜ ਕਕਾਰਾਂ ਦਾ ਧਾਰਨੀ ਹੋਣਾ,
  • ਇੱਕ ਅਕਾਲ ਪੁਰਖ ਦੀ ਉਸਤਤ ਕਰਨੀ,
  • ਗੁਰੂ ਗਰੰਥ ਸਾਹਿਬ ਜੀ ਉੱਤੇ ਨਿਸ਼ਚਾ ਕਰਨਾ (ਗਰੰਥ ਕੋਈ ਵੀ ਪੜ ਲਓ ਪਰ  ਗੁਰੂਆਂ ਦੀ ਬਾਣੀ-ਗੁਰੂ ਗਰੰਥ  ਸਾਹਿਬ ਦੀ ਹੀ ਵਿਚਾਰ ਕਰਨੀ ਤੇ ਸੁਣਨੀ ਹੈ)
  • ਕਿਸੇ ਵੀ ਪ੍ਰਕਾਰ ਦੇ ਦੇਹਧਾਰੀ ਯਾ ਹੋਰ ਕਰਮ - ਕਾਂਡਾਂ ਤੋ ਵਰਜਿਆ
  • ਆਪਣੇ ਨਾਮ ਨਾਲ "ਸਿੰਘ" ਅਤੇ "ਕੌਰ" ਲਗਾਉਣਾ (ਇਸ ਨਾਲ ਊਚ-ਨੀਚ ਦਾ ਫ਼ਰਕ ਮਿਟਾਇਆ )
  • ਸਿਰ ਤੇ ਦਸਤਾਰ ਸਜਾ ਕੇ ਰਖਣੀ
  • ਕੋਈ ਵੀ ਕੰਮ ਆਰੰਭ ਕਰਨ ਤੋ ਪਹਿਲਾਂ ਅਕਾਲ ਪੁਰਖ ਅੱਗੇ ਬੇਨਤੀ (ਅਰਦਾਸ) ਕਰਨੀ
  • ਪੰਜਾਬੀ (ਗੁਰਮੁਖੀ) ਦਾ ਪੂਰਨ ਗਿਆਨ ਹੋਣਾ (ਕੋਈ ਵੀ ਭਾਸ਼ਾ ਵਿਸ਼ੇਸ਼ ਚ ਨੁਇਪੁੰਨ ਹੋਣ ਦੇ ਨਾਲ ਨਾਲ ਪੰਜਾਬੀ ਨੂੰ ਮੁੱਖ ਰਖਣਾ ਹੈ)
  • ਕੁੜੀ ਮਾਰ ਨਹੀਂ ਕਰਨੀ
ਖਾਲਸੇ ਨੂੰ ਪੰਜ ਕਕਾਰ (ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ) ਦਾ ਧਾਰਨੀ ਹੋਣ ਦਾ ਵੀ ਹੁਕਮ ਹੈ !
·         ਕੇਸ
ਕੇਸ ਸਭ ਤੋਂ ਮਹੱਤਵਪੂਰਨ ਤੇ ਮੁਢਲਾ ਚਿੰਨ ਹਨ। ਇਹ ਸਾਬਤ ਸੂਰਤ ਹੋਣ ਦਾ ਪ੍ਰਮਾਣ ਹਨ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇਕ ਸਾਧਨ ਹਨ। ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ !


·         ਕੰਘਾ
ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹਨ । ਸਿੱਖ ਨੂੰ ਸਵੇਰੇ, ਸ਼ਾਮ ਕੰਘਾ ਕਰਨ ਦਾ ਆਦੇਸ਼ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇਕ ਸਮਾਨ ਮਹੱਤਤਾ ਦਿੰਦਾ ਹੈ।

·         ਕਿਰਪਾਨ
ਇਹ ਸੈਵ -ਅਭਿਆਨ , ਨਿਡਰਤਾ, ਅਜਾਦੀ ਅਤੇ ਸ਼ਕਤੀ ਦਾਪ੍ਰਤੀਕ ਹੈ। ਕ੍ਰਿਪਾਨ ਦਾ ਅਰਥ : ਕ੍ਰਿਪਾ+ਆਨ , ਅਰਥਾਤ ਮਿਹਰ ਅਤੇ ਇੱਜਤ ਭਾਵ ਕ੍ਰਿਪਾ ਕਰਨ ਵਾਲੀ।

ਇਹ ਨੇਕੀ ਤੇ ਬਦੀ ਦੇ ਸੰਘਰਸ਼ ਵਿੱਚ ਬਦੀ ਦੇ ਖਾਤਮੇ ਤੇ ਮਜਲੁਮ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਆਤਮਿਕ ਅਜਾਦੀ ਦਾ ਪ੍ਰਤੀਕ ਹੈ। ਕ੍ਰਿਪਾਨ ਸਿੱਖ ਦੁਆਰਾ ਧਾਰਨ ਉਸ ਪ੍ਰਣ ਦਾ ਚਿੰਨ ਹੈ ਜਿਸ ਅਨੁਸਾਰ ਉਸ ਨੇ ਪ੍ਰਮਾਤਮਾ ਦੁਆਰਾ ਦਿੱਤੀਆਂ ਬਖਸਿਸਾਂ, ਦਾਤਾਂ ਨੂੰ ਮਾਣਦਿਆਂ ਹੋਇਆ, ਅਨਿਆਂ , ਦੁਸ਼ਟਤਾ ਦਾ ਦਮਨ ਕਰਕੇ ਮਜਲੂਮ ਲੋਕਾਂ, ਸਚਾਈ ਤੇ ਨਿਆਂ ਦੀ ਰੱਖਿਆ ਕਰਨੀ ਹੈ।

·         ਕੜਾ
ਕੜਾ ਅੱਖਰ ਦਾ ਭਾਵ ਹੈ - ਤਗੜਾ ਜਾਂ ਮਜਬੂਤ । ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ।
ਕੜਾ ਗੁਰਸਿੱਖ ਦੁਆਰਾ ਕੀਤੀ ਜਾਣ ਵਾਲੀ ਕਿਰਤ ਨੂੰ ਅਨੁਸਾਸਨ ਵਿੱਚ ਰੱਖ ਕੇ ਮਜਬੂਤੀ ਪ੍ਰਦਾਨ ਕਰਦਾ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ।
ਹਰ ਸਿੱਖ ਜਿਸ ਨੇ ਅੰਮ੍ਰਿਤਪਾਨ ਚਾਹੇ ਨਾ ਕੀਤਾ ਹੋਵੇ ਪਰ ਉਸਦੇ ਹੱਥ ਵਿੱਚ ਕੜਾ ਪਹਿਨਿਆਹੋਇਆ ਜਰੂਰ ਨਜਰ ਪੈਂਦਾ ਹੈ।

·         ਕਛਹਿਰਾ
ਕਛਹਿਰਾ ਜਤ ਦੀ ਨਿਸ਼ਾਨੀ ਹੈ । ਇਹ ਮਨੁੱਖੀ ਕਾਮਨਾਵਾਂ , ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ।

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ
ਤਿਸੁ ਨਾਰੀ ਕਉ ਦੁਖੁ ਨਾ ਜਮਾਨੈ।

ਪੰਜ ਕਕਾਰਾਂ ਦੀ ਰਹਿਤ ਸਿਰਫ ਚਿੰਨਾਤਮਕ ਰੂਪ ਵਿੱਚ ਸਦਾ ਜੁੜੇ ਰਹਿਣਾ ਖਾਲਸੇ ਦਾ ਉਦੇਸ਼ ਨਹੀਂ ਹੈ, ਸਗੋਂ ਇਹ ਸਿੱਖ ਦੀ ਜੀਵਨ ਜੁਗਤ ਹਨ ਜਿਸ ਨੂੰ ਅਮਲੀ ਰੂਪ ਵਿੱਚ ਗ੍ਰਹਿਣ ਕਰਨਾ ਹੈ।


Wednesday, May 1, 2013

ਸ਼੍ਰੀ ਗੁਰੂ ਅਰਜਨ ਸਾਹਿਬ ਜੀ




ਸੰਖੇਪ ਜੀਵਨ ਕਾਲ :   
ਪਿਤਾ : ਗੁਰੂ ਰਾਮਦਾਸ ਸਾਹਿਬ ਜੀ
ਮਾਤਾ : ਬੀਬੀ ਭਾਨੀ ਜੀ
ਜਨਮ: ੧੫੬੩, ਗੋਇੰਦਵਾਲ ਸਾਹਿਬ, ਅੰਮ੍ਰਿਤਸਰ
ਪਤਨੀ : ਮਾਤਾ ਗੰਗਾ ਜੀ
ਸੰਤਾਨ: ਗੁਰੂ ਹਰਗੋਬਿੰਦ ਸਾਹਿਬ ਜੀ
ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੫੮੧, ੨੫ ਸਾਲ
ਬਾਣੀ ਸੰਚਿਤ: ਸੁਖਮਨੀ ਸਾਹਿਬ, ਬਾਰਹ-ਮਾਹਾ, ਬਾਵਨ ਅਖਰੀ, ੨੩੧੨ ਸ਼ਬਦ  ੩੦ ਰਾਗਾਂ ਵਿੱਚ
ਜੋਤੀ-ਜੋਤ ਸਮਾਏ : ੧੬੦੬ ਵਿੱਚ ਲਾਹੋਰ ਵਿਖੇ ਸ਼ਹਾਦਤ ਪਾਈ


ਵਿਸਤਾਰ ਪੂਰਵਕ ਜੀਵਨ ਵੇਰਵਾ :

ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪ ਜੀ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰੇ ਅਤੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਪੰਡਿਤ ਬੇਣੀ ਕੋਲੋਂਸੰਸਕ੍ਰਿਤ ਦਾਗਿਆਨ, ਆਪਣੇ ਮਾਮਾ ਮੋਹਰੀ ਜੀ ਤੋਂ ਗਣਿਤ ਵਿੱਦਿਆ ਹਾਸਲ ਕੀਤੀ ਅਤੇ ਆਪ ਜੀਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।
ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ !
ਉਪਰੰਤ ਸਾਲ 1574 ਵਿਚ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਸਾਹਿਬ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ,ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।
ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿਚਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀਨਾਲ ਅੰਮ੍ਰਿਤਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ,ਆਪ ਜੀ ਦੇ ਗ੍ਰਹਿ ਵਿਖੇ, ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 ਨੂੰ ਛੇਵੇਂ ਗੁਰੂ (ਸ੍ਰੀ ਗੁਰੂ )ਹਰਿਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਦੇ ਹੋਏ ਉਸੇਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਮਰ 18 ਸਾਲ ਦੀ ਸੀ। ਉਪਰੰਤ ਆਪ ਜੀ ਅੰਮ੍ਰਿਤਸਰ ਆ ਗਏ।
ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ।
ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ)ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ।
ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ।
ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਸੋ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ ! ਤਰਨ ਤਾਰਨ ਸਾਹਿਬ ਵਿਖੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣ ਲਈ ਗੁਰੂ ਸਾਹਿਬ ਜੀ ਨੇ 15 ਅਪ੍ਰੈਲ 1590 ਈ. ਨੂੰ ਬਾਬਾ ਬੁੱਢਾ ਜੀ ਪਾਸੋਂ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ ! ਤਰਨ ਤਾਰਨ ਵਿਚ ਕੋਹੜੀ ਘਰ ਬਣਵਾਇਆ !

1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਹਿੱਤ,ਕਰਤਾਰਪੁਰ ਸ਼ਹਿਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਦਾ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬਦਾ ਜਨਮ ਹੋਇਆ।
ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ।
ਗੁਰੂ ਸਾਹਿਬ ਜੀ ਦਾ ਭਰਾ ਪ੍ਰਿਥਿਆ ਰੁਹਾਨੀ ਬਾਣੀ ਨਾਲ ਛੇੜ ਛਾੜ ਕਰ ਰਿਹਾ ਸੀ ਇਸ ਲਈ ਆਪ ਜੀ ਨੇ ਗੁਰੂਆਂਦੀ ਇਲਾਹੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਸੰਗ੍ਰਹਿਤ ਕਰਨ ਦਾ ਉਪਰਾਲਾ ਕੀਤਾ!
ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ !  ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਅਤੇ ਬਾਬਾ ਬੁੱਢਾ ਤੋਂ ਪੂਰੇ ਸਤਕਾਰ ਨਾਲ  30 ਅਗਸਤ 1604 ਨੂੰ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਅਤੇ ਅਨਹਦ ਬਾਣੀ ਦੀ ਆਰੰਭਤਾ ਕਰਵਾਈ !
ਗੁਰੂ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨੂੰ ਪ੍ਰਫੁੱਲਿਤ ਹੁੰਦਾ ਵੇਖ ਕੇ ਕਈ ਅਨਸਰਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਅਤੇ ਕਈ ਕੂੜ ਤਰੀਕੇ ਵੀ ਅਪਣਾਏ ! ਬਾਦਸ਼ਾਹ ਅਕਬਰ ਦੇ ਮਾਰਨਉਪਰੰਤ ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ ਦੇ ਕਾਨੂੰਨ ਤਹਿਤ ਤਸੀਹੇ ਦਿੱਤੇ ਗਏ !

ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੁਰੂ ਜੀ ਨੂੰ ਵੀ ਗ੍ਰਿਫਤਾਰ ਕਰਕੇ ੨ਲੱਖ ਦੇ ਕਰੀਬ ਜੁਰਮਾਨਾ ਲਾਇਆ ਪਰ ਗੁਰੂ ਜੀ ਦੇ ਮਨਾ ਕਰਨ ਤੇ ਅਨੇਕਾ ਤਸੀਹੇ ਦਿੱਤੇ !
ਅੱਤ ਦੀ ਗਰਮੀ ਦੀ ਰੁੱਤ ਚ ਗੁਰੂ ਜੀ ਨੂੰ ਪਹਿਲਾਂ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਪਾਈਗਈ, ਗੁਰੂ ਜੀਦੇ  ਸਰੀਰ ਉੱਤੇ ਛਾਲੇ ਹੋਣ ਦੀ ਸੂਰਤ ਚ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀਵਿੱਚ ਡੁਬੋਇਆ ਗਿਆ ! ਇਸ ਪ੍ਰਕਾਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਨੇਬਾਣੀ ਦਾ ਸਿਮਰਨ ਨਹੀਂ ਛੱਡਿਆ !
**** ਯਾਸਾ ਦਾ ਕਾਨੂੰਨ ****


ਇਸ ਪ੍ਰਕਾਰ ਤਸੀਹੇ ਦੇਣੇ ਕਿ ਕਿ ਖੂਨ ਦਾ ਇਕ ਵੀ ਕਤਰਾ ਜ਼ਮੀਨ ਉੱਤੇ ਨਾ ਡੁੱਲ ਸਕੇ ਤਾ ਜੋ ਉਸ ਖੂਨ ਵਿੱਚੋਂ ਕੋਈ ਹੋਰ ਯੋਧਾ ਨਾ ਜਨਮ ਲੈ ਲਵੇ !



Thursday, April 4, 2013

ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ

ਉਹ ਸਮਾਂ ਸੀ, ਜਦੋਂ ਸਿੱਖਾਂ ‘ਤੇ ਕਹਿਰਾਂ ਦਾ ਕਸ਼ਟ ਸੀ, ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਰਹੇ। ਇਸ ਸਮੇਂ ਵੀ ਕੁਝ ਸਿੱਖ, ਜਿਨ੍ਹਾਂ ਦਾ ਚੰਗਾ ਜ਼ਿਮੀਂਦਾਰਾ ਤੇ ਕਾਰੋਬਾਰ ਸੀ, ਉਨ੍ਹਾਂ ਬਾਕੀ ਸਿੰਘਾਂ ਵਾਂਗ ਸ਼ਸਤਰ ਤਾਂ ਨਾ ਚੁੱਕੇ, ਪਰ ਹਮੇਸ਼ਾ ਸਿੱਖ ਸਿਧਾਂਤਾਂ ਤੇ ਸਿੱਖ ਮੁਫਾਦ ਦੀ ਗੱਲ ਹੀ ਸੋਚੀ।
ਭਾਈ ਸੁਬੇਗ ਸਿੰਘ, ਪਿੰਡ ਜੰਬਰ, ਜੋ ਲਾਹੌਰ ਜ਼ਿਲ੍ਹੇ ਵਿਚ ਪੈਂਦਾ ਸੀ, ਦੇ ਰਹਿਣ ਵਾਲੇ ਤੇ ਫਾਰਸੀ ਦੇ ਆਲਮ ਸਨ। ਠੇਕੇਦਾਰੀ ਤੋਂ ਬਿਨਾਂ ਚੰਗਾ ਜ਼ਿਮੀਂਦਾਰਾ ਸੀ ਉਨ੍ਹਾਂ ਦਾ ਤੇ ਸਰਕਾਰੇ ਦਰਬਾਰੇ ਉਨ੍ਹਾਂ ਦਾ ਸਤਿਕਾਰ ਸੀ। 


ਜ਼ਕਰੀਆ ਖਾਨ, ਕਾਫੀ ਸਮੇਂ ਤੋਂ ਪੰਜਾਬ ਵਿਚ ਸਿੱਖਾਂ ਨਾਲ ਜੂਝ ਰਿਹਾ ਸੀ ਤੇ ਭਾਵੇਂ ਉਸ ਨੇ ਹਜ਼ਾਰਾਂ ਸਿੱਖ ਮਰਵਾ ਦਿੱਤੇ ਪਰ ਨਾਲ ਹੀ ਮੁਸਲਮਾਨੀ ਫੌਜ ਦਾ ਵੀ ਬੇਹੱਦ ਨੁਕਸਾਨ ਹੋਇਆ ਤੇ ਹਾਲਾਤ ਰੁਕਣ ਵਿਚ ਨਹੀਂ ਸੀ ਆ ਰਹੇ। ਜ਼ਕਰੀਆ ਖਾਨ ਨੇ ਸੋਚਿਆ ਕਿ ਕਿਉਂ ਨਾ ਸਿੱਖਾਂ ਨੂੰ ਸਤਿਕਾਰ ਵਿਖਾ ਕੇ ਇਸ ਰੇੜਕੇ ਦਾ ਕੋਈ ਉਪਰਾਲਾ ਹੋਵੇ ਤੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਸ ਨੇ ਬਾਦਸ਼ਾਹ ਨੂੰ ਪੱਤਰ ਘੱਲਿਆ ਕਿ ਸਿੱਖਾਂ ਨੂੰ ਜਗੀਰ ਤੇ ਨਵਾਬੀ ਦਾ ਖਿਤਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਸੰਭਵ ਹੈ ਕਿ ਸ਼ਾਂਤੀ ਵਾਲਾ ਮਾਹੌਲ ਬਣ ਸਕੇ। ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖਾਨ ਦੇ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ 1733 ਦੀ ਵਿਸਾਖੀ ਵਾਲੇ ਦਿਹਾੜੇ ਅੰਮ੍ਰਿਤਸਰ ਭੇਜਿਆ, ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਕੀਤੀ ਗਈ। ਜਥੇਦਾਰ ਦਰਬਾਰਾ ਸਿੰਘ ਨੇ ਸਰਬਤ ਖਾਲਸੇ ਵੱਲੋਂ ਇਸ ਤਜਵੀਜ਼ ਨੂੰ ਠੁਕਰਾਇਆ ਤੇ ਕਿਹਾ ਕਿ ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈ ਜਾਵੇ ਤੇ ਰਾਜਭਾਗ ਲੜ ਕੇ ਲਵਾਂਗੇ।

ਸ. ਸੁਬੇਗ ਸਿੰਘ ਨੇ ਸਮਝਾਇਆ ਕਿ ਲੜਾਈ ਵਿਚ ਕੀਮਤੀ ਸਿੱਖ ਜਾਨਾਂ ਜਾ ਰਹੀਆਂ ਹਨ ਤੇ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਤੇ ਸੰਧੀ ਦੀ ਪਹਿਲ ਹੈ ਤੇ ਇਸ ਨੂੰ ਨਾ ਮੰਨਣਾ ਠੀਕ ਨਹੀਂ। ਜਦੋਂ ਜਥੇਦਾਰ ਆਪ ਨਵਾਬੀ ਤੇ ਖਿਲਅਤ ਲੈਣਾ ਨਾ ਮੰਨੇ ਤਾਂ ਸੁਬੇਗ ਸਿੰਘ ਹੁਰਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਆਈ ਹੋਈ ਤਜਵੀਜ਼ ਤੇ ਸਤਿਕਾਰ ਨੂੰ ਵਾਪਸ ਨਾ ਕਰੋ ਤੇ ਕਿਸੇ ਸੇਵਾਦਾਰ ਅਦਨੇ ਸਿੱਖ ਨੂੰ ਹੀ ਦੇ ਦਿਓ। ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾਅ ਗਈ। ਸੋ ਇਕ ਸੇਵਾਦਾਰ, ਜੋ ਸੰਗਤਾਂ ਨੂੰ ਪੱਖਾ ਝਲ ਰਹੇ ਸਨ, ਹੁਕਮ ਹੋਇਆ ਕਿ ਨਵਾਬੀ ਤੇ ਜਗੀਰ ਭਾਈ ਕਪੂਰ ਸਿੰਘ ਸਵੀਕਾਰ ਕਰੇ। ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟਾਈ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਨਅਦ ਪੰਜ ਸਿੱਖਾਂ ਦੇ ਜੋੜਿਆਂ ਵਿਚ ਪਹਿਲਾਂ ਰੱਖੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ ਤੇ ਸੁਬੇਗ ਸਿੰਘ, ਇਹ ਸਮਝੌਤਾ ਕਰਵਾਉਣ ਵਿਚ ਸਹਾਈ ਹੋਵੇ।
ਇਸੇ ਦੌਰਾਨ, ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਯਹੀਆ ਖਾਨ, ਪੰਜਾਬ ਦਾ ਸੂਬੇਦਾਰ ਸਥਾਪਤ ਹੋਇਆ।
ਸ. ਸੁਬੇਗ ਸਿੰਘ ਦਾ ਲੜਕਾ ਸ਼ਾਹਬਾਜ਼ ਸਿੰਘ ਜਵਾਨ ਸੀ ਤੇ ਕਾਜ਼ੀ ਕੋਲੋਂ ਫਾਰਸੀ ਪੜ੍ਹਨ ਜਾਂਦਾ ਸੀ। ਕਾਜ਼ੀ ਦੇ ਮਨ ਵਿਚ ਆਇਆ ਕਿ ਆਪਣੀ ਲੜਕੀ ਦਾ ਰਿਸ਼ਤਾ, ਸ਼ਾਹਬਾਜ਼ ਸਿੰਘ ਨਾਲ ਕੀਤਾ ਜਾਵੇ ਤੇ ਇਸ ਤੋਂ ਪਹਿਲਾਂ, ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਾਇਆ ਜਾਵੇ। ਸ਼ਾਹਬਾਜ਼ ਸਿੰਘ ਦਾ ਮੁਸਲਮਾਨ ਬਣਨਾ ਇਨਕਾਰੀ ਕਰਨ ‘ਤੇ ਕਾਜ਼ੀ ਨੇ ਨਵੇਂ ਸੂਬੇਦਾਰ ਯਹੀਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਸ਼ਾਹਬਾਜ਼ ਸਿੰਘ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਤ ਸ਼ਬਦ ਕਹੇ ਹਨ ਤੇ ਇਸੇ ਆਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਕਰੀਆ ਖਾਨ, ਜਿਸ ਨੂੰ ਸ. ਸੁਬੇਗ ਸਿੰਘ ਦੀ ਸਹਾਇਤਾ ਤੇ ਚੰਗੀ ਸਲਾਹ ਦਾ ਸਤਿਕਾਰ ਸੀ, ਮਰ ਚੁੱਕਾ ਸੀ।
ਦੀਵਾਨ ਲਖਪਤ ਰਾਏ ਨੇ ਯਹੀਆ ਖਾਨ ਦੇ ਕੰਨ ਭਰੇ ਕਿ ਸੁਬੇਗ ਸਿੰਘ ਇਕ ਕੱਟੜ ਸਿੱਖ ਹੈ ਤੇ ਬਹਾਨੇ ਨਾਲ ਇਸ ਨੇ ਤੁਹਾਡੇ ਪਿਤਾ ਦੇ ਸਿਰ ‘ਤੇ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਹਨ ਤੇ ਇਸੇ ਅਪਮਾਨ ਨਾਲ ਜ਼ਕਰੀਆ ਖਾਨ ਮਰਿਆ ਹੈ ਤੇ ਹੋਰ ਜਚਾ ਦਿੱਤਾ ਕਿ ਸੁਬੇਗ ਸਿੰਘ ਹਕੂਮਤ ਦਾ ਦੁਸ਼ਮਣ ਹੈ। ਸੁਬੇਗ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਦੋਵਾਂ ਬਾਪ-ਬੇਟੇ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਸਾਫ਼ ਜਵਾਬ ਦੇਣ ਤੇ ਉਨ੍ਹਾਂ ਨੂੰ ਚਰਖੜੀਆਂ ‘ਤੇ ਚੜ੍ਹਾ ਦਿੱਤਾ ਗਿਆ।
ਸ. ਸੁਬੇਗ ਸਿੰਘ ਨੂੰ ਕਿਹਾ  ਗਿਆ ਕਿ ਸ਼ਾਹਬਾਜ਼ ਸਿੰਘ ਨੇ ਤਾਂ ਮੁਸਲਮਾਨ ਬਣਨਾ ਪ੍ਰਵਾਨ ਕਰ ਲਿਆ ਹੈ ਤੇ ਹੁਣ ਤੁਸੀਂ ਵੀ ਮੰਨ ਜਾਵੋ। ਭਾਈ ਸੁਬੇਗ ਸਿੰਘ ਨੇ ਮੁਸਲਮਾਨ ਬਣਨਾ ਨਾ ਮੰਨਿਆ ਤੇ ਸ਼ਾਹਬਾਜ਼ ਸਿੰਘ ਤਾਂ ਪਹਿਲਾਂ ਹੀ ਨਾਂਹ ਕਰ ਚੁੱਕਿਆ ਸੀ, ਸੋ ਦੋਹਾਂ ਪਿਓ-ਪੁੱਤਰਾਂ ਨੂੰ ਚਰਖੜੀਆਂ ‘ਤੇ ਚੜ੍ਹਾ ਕੇ ਮਾਰਚ 1746 ਨੂੰ, ਜਿੰਦਾ ਹੀ ਸ਼ਹੀਦ ਕਰ ਦਿੱਤਾ ਗਿਆ। ਸਿੱਖ ਕੌਮ ਵਿਚ ਇਸ ਨਿਰਦਈ ਕਾਰੇ ਬਾਰੇ ਬਹੁਤ ਰੋਸ ਜਾਗਿਆ।
ਇਸੇ ਦਿਨ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਨੂੰ ਕਸਾਈਆਂ ਦੇ ਸਪੁਰਦ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਕੱਟਿਆ ਤੇ ਵੱਢਿਆ ਜਾਵੇ। ਸ਼ਹਿਰ ਦੇ ਮੋਹਤਬਰ ਹਿੰਦੂਆਂ ਨੇ ਦੀਵਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਲਖਪਤ ਰਾਏ, ਆਪਣੇ ਨਿਰਦਈ ਫੈਸਲੇ ਤੋਂ ਨਾ ਟਲਿਆ।

ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਆਪਣੇ ਨਿਸ਼ਠੇ ਨੂੰ ਪਾਲਦੇ, ਗੁਰੂ ਆਸ਼ੇ ‘ਤੇ ਖਰੇ ਉਤਰਦਿਆਂ ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ।

Tuesday, December 18, 2012

ਪੰਜ ਪਿਆਰੇ

1 ਭਾਈ ਦਇਆ ਸਿੰਘ ਜੀ
2 ਭਾਈ ਧਰਮ ਸਿੰਘ ਜੀ
3 ਭਾਈ ਮੋਹਕਮ ਸਿੰਘ ਜੀ
4 ਭਾਈ ਹਿੰਮਤ ਸਿੰਘ ਜੀ
5 ਭਾਈ ਸਾਹਿਬ ਸਿੰਘ ਜੀ

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਪੰਜਾਂ ਸਿੰਘਾਂ ਕੋਲੋਂ ਸੀਸ ਭੇਟ ਲੈ ਕੇ ਉਨ੍ਹਾਂ ਨੂੰ ਖੰਡੇ-ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਪ੍ਰਾਪਤ ਕਰਕੇ ਸਿੱਖ ਧਰਮ ਵਿਚ ਅੰਮ੍ਰਿਤ ਦੀ ਮਹਾਨਤਾ ਪ੍ਰਗਟ ਕੀਤੀ। ਇਹ ਪੰਜ ਸਿੰਘ ਸੀਸ ਭੇਟ ਕਰਕੇ ਗੁਰੂ ਦੇ ਪਿਆਰੇ ਬਣੇ ਅਤੇ ਸਤਿਕਾਰ ਵਜੋਂ ਇਸੇ ਨਾਂ ਨਾਲ ਪੁਕਾਰੇ ਜਾਂਦੇ ਹਨ।

ਭਾਈ ਦਯਾ ਸਿੰਘ ਜੀ : ਭਾਈ ਦਯਾ ਸਿੰਘ ਜੀ ਦਾ ਜਨਮ ਭਾਈ ਸੁਧਾ ਜੀ ਦੇ ਗ੍ਰਹਿ ਵਿਖੇ ਮਾਤਾ ਦਿਆਲੀ ਜੀ ਦੀ ਕੁੱਖੋਂ ਲਾਹੌਰ ਵਿਖੇ ਸੰਨ 1661 ਵਿਚ ਹੋਇਆ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਪਹਿਲਾਂ ਆਪ ਦਾ ਨਾਂ ਦਯਾ ਰਾਮ ਸੀ।

ਭਾਈ ਧਰਮ ਸਿੰਘ ਜੀ : ਭਾਈ ਸੰਤ ਰਾਮ ਅਤੇ ਮਾਈ ਸਾਬੋ ਜੀ ਦੇ ਸਪੁੱਤਰ ਭਾਈ ਧਰਮ ਜੀ ਦਾ ਜਨਮ ਸੰਨ 1666 ਨੂੰ ਹਸਤਿਨਾਪੁਰ (ਦਿੱਲੀ) ਵਿਖੇ ਹੋਇਆ। ਅੰਮ੍ਰਿਤਪਾਨ ਕਰਨ ਸਮੇਂ ਆਪ ਦੀ ਉਮਰ 33 ਸਾਲ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਆਪ ਦਾ ਨਾਂ ਧਰਮ ਦਾਸ ਤੋਂ ਭਾਈ ਧਰਮ ਸਿੰਘ ਹੋਇਆ। ਆਪ ਵੀ 1708 ਈ. ਵਿਚ ਹਜ਼ੂਰ ਸਾਹਿਬ ਵਿਖੇ ਇਸ ਫ਼ਾਨੀ ਜਹਾਨ ਤੋਂ ਕੂਚ ਕਰ ਗਏ।

ਭਾਈ ਹਿੰਮਤ ਸਿੰਘ ਜੀ : ਭਾਈ ਗੁਲਜ਼ਾਰੀ ਜੀ ਅਤੇ ਮਾਤਾ ਧੰਨੋ ਜੀ ਦੇ ਘਰ ਸੰਨ 1661 ਨੂੰ ਜਗਨਨਾਥਪੁਰ (ਉੜੀਸਾ) ਵਿਖੇ ਹਿੰਮਤ ਰਾਏ ਦਾ ਜਨਮ ਹੋਇਆ, ਜਿਨ੍ਹਾਂ ਨੇ 38 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਭਾਈ ਹਿੰਮਤ ਸਿੰਘ ਬਣੇ। ਆਪ ਨੇ ਸੰਨ 1705 ਨੂੰ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹਾਦਤ ਪ੍ਰਾਪਤ ਕੀਤੀ।

ਭਾਈ ਮੋਹਕਮ ਸਿੰਘ ਜੀ : ਸੰਨ 1663 ਨੂੰ ਦੁਆਰਕਾ (ਗੁਜਰਾਤ) ਵਿਖੇ ਭਾਈ ਮੋਹਕਮ ਚੰਦ ਦਾ ਜਨਮ ਭਾਈ ਤੀਰਥ ਚੰਦ ਅਤੇ ਮਾਤਾ ਦੇਵੀ ਰਾਣੀ ਦੇ ਘਰ ਹੋਇਆ। ਆਪ ਨੇ 36 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ 42 ਸਾਲ ਦੀ ਉਮਰ ਵਿਚ ਚਮਕੌਰ ਦੀ ਜੰਗ ਵਿਚ ਸ਼ਹਾਦਤ ਦਾ ਜਾਮ ਪੀਤਾ।

ਭਾਈ ਸਹਿਬ ਸਿੰਘ ਜੀ : ਬਿਦਰ (ਕਰਨਾਟਕ) ਵਿਖੇ ਸੰਨ 1662 ਨੂੰ ਭਾਈ ਸਾਹਿਬ ਚੰਦ ਜੀ ਦਾ ਜਨਮ ਭਾਈ ਗੁਰੂ ਨਾਰਾਇਣਾ ਤੇ ਮਾਤਾ ਅਨਾਕਸਾ ਬਾਈ ਦੇ ਗ੍ਰਹਿ ਵਿਖੇ ਹੋਇਆ। 37 ਸਾਲ ਦੀ ਉਮਰ ਵਿਚ ਆਪ ਅੰਮ੍ਰਿਤ ਛਕ ਕੇ ਸਿੰਘ ਸਜੇ। ਆਪ ਵੀ ਸੰਨ 1706 ਵਿਚ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ।


ਇਨ੍ਹਾਂ ਪੰਜ ਪਿਆਰਿਆਂ ਦੇ ਨਾਵਾਂ ਨਾਲ ਸਿੰਘ ਸ਼ਬਦ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਜੁੜਿਆ। ਇਕੋ ਬਾਟੇ ਵਿਚ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਜਾਤ-ਪਾਤ ਅਤੇ ਊਚ-ਨੀਚ ਦੇ ਭਿੰਨ-ਭੇਦ ਤੋਂ ਮੁਕਤ ਕਰਕੇ ਧਰਮ ਮਾਰਗ ਦੇ ਪਾਂਧੀ ਬਣਾਇਆ।