Tuesday, November 1, 2011

"ਧੰਨ ਧੰਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ"

"ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ " 
(1630-1661 )

ਦਾਦਾ ਜੀ  :         ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਿਤਾ ਜੀ  :         ਬਾਬਾ ਗੁਰਦਿੱਤਾ ਜੀ
ਮਾਤਾ ਜੀ  :         ਮਾਤਾ ਅਨੰਤੀ ਜੀ (ਮਾਤਾ ਨਿਹਾਲ ਕੋਰ ਜੀ )
ਜਨਮ     :         1630 , ਕੀਰਤਪੁਰ ਸਾਹਿਬ (ਰੋਪੜ )
ਗੁਰਿਆਈ  ਸਮਾਂ :   1644-1661
ਗੁਰੂ ਕੇ ਮਹਿਲ  :    ਮਾਤਾ ਕਿਸ਼ਨ ਕੋਰ ਜੀ ( ਬੀਬੀ ਸੁਲੱਖਣੀ ਜੀ )
ਸੰਤਾਂਨ  :           ਰਾਮਰਾਇ ਜੀ, (ਗੁਰੂ ) ਹਰਕ੍ਰਿਸ਼ਨ ਸਾਹਿਬ ਜੀ
ਜੋਤੀ-ਜੋਤ  :       1661,  ਕੀਰਤਪੁਰ  ਸਾਹਿਬ


"ਧੰਨ ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ" ਗੁਰੂ ਨਾਨਕ ਸਾਹਿਬ ਜੀ ਦੀ ਸਤਵੀਂ ਜੋਤ ਦਾ ਪ੍ਰਕਾਸ਼ ਧੰਨ ਧੰਨ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ੧੬੩੦ ਈ. ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ !

ਗੁਰੂ ਜੀ ਬਚਪਨ ਤੌ ਹੀ ਬਹੁਤ ਹੀ ਨਿਰਮਤਾ ਅਤੇ ਸ਼ਾਂਤ ਬਿਰਤੀ ਦੇ ਮਾਲਿਕ ਸਨ, ਇਕ ਵਾਰ ਆਪ ਜੀ ਦੇ ਕਲੀਆ ਵਾਲੇ ਕੁੜਤੇ ਕਰਕੇ ਬਾਗ ਵਿੱਚੌ ਲੰਘਣ ਵੇਲੇ ਕਈ ਫੁੱਲ ਟੁੱਟ ਗਏ ਤਾ ਆਪ ਜੀ ਦੇ ਨੇਤਰ ਹੰਜੂਆ ਨਾਲ ਭਰ ਗਏ ਅਤੇ ਆਪ ਜੀ ਨੇ ਅੱਗੇ ਤੌ ਆਪਣੇ ਕੁੜਤੇ ਨੂੰ ਸੰਭਾਲ ਕੇ ਰੱਖਦੇ ਹੋਏ ਬਾਗ ਵਿਚੌ ਲੰਘਣਾ ਆਰੰਭ ਕੀਤਾ, ਗੁਰੂ ਸਾਹਿਬ ਨੇ ਜਾਨਵਰਾਂ ਦੀ ਸਾੰਭ -ਸੰਭਾਲ ਵਾਸਤੇ ਚਿੜੀਆ-ਘਰ ਉਸਾਰੇ !

ਦਾਦਾ-ਗੁਰੂ "ਗੁਰੂ ਹਰ ਗੋਬਿੰਦ ਸਾਹਿਬ ਜੀ" ਵਾਂਗ ਆਪ ਜੀ ਨੇ ਵੀ ਅਧਿਆਤਮਿਕ ਜੀਵਨ ਦੇ ਨਾਲ-ਨਾਲ ਸ਼ਕਤੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਅਤੇ ਤਕਰੀਬਨ 2200 ਸਿਪਾਹੀ ਤਿਆਰ-ਬਰ-ਤਿਆਰ ਕੀਤੇ ਹੋਏ ਸਨ !

ਗੁਰੂ ਸਾਹਿਬ ਜੀ ਨੇ ਪੂਰਨ ਲੋਕਾਈ ਦੇ ਇਲਾਜ ਲਈ ਇਕ ਆਯੁਰਵੈਦਿਕ ਹਸਪਤਾਲ ਵੀ ਤਿਆਰ ਕਰਵਾਇਆ ਸੀ ਜਿੱਥੇ ਸਮਾ ਪਾ ਕੇ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ  ਦਾ ਇਲਾਜ ਵੀ ਹੋਇਆ !

ਗੁਰੂ ਸਾਹਿਬ ਜੀ ਨੇ ਵੀ ਬਾਕੀ ਗੁਰੂ ਸਾਹਿਬਾਨ ਵਾਂਗ ਬਾਣੀ (ਸ਼ਬਦ -ਗੁਰੂ ) ਨੂੰ ਹੀ ਸਰਵ -ਉੱਤਮ ਦੱਸਿਆ ! ਆਪ ਜੀ ਦੇ ਵੱਡੇ ਪੁੱਤਰ ਰਾਮਰਾਇ ਜੀ ਦੁਆਰਾ ਬਾਣੀ ਨਾਲ ਕੀਤੀ ਹੇਰ-ਫੇਰ ਨੂੰ ਵੇਖਦੇ ਹੋਏ ਆਪ ਜੀ ਨੇ ਰਾਮਰਾਇ ਜੀ ਤੌ ਸਦਾ ਲਈ ਕਿਨਾਰਾ ਕੀਤਾ ਅਤੇ ਆਪਣਾ ਅੰਤਿਮ ਸਮਾਂ ਨਜਦੀਕ ਜਾਣਦੇ ਹੋਏ 1661 ਵਿਚ ਆਪਣੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਨੂੰ ਗੁਰਤਾ -ਗੱਦੀ ਬਖਸ਼ਦੇ ਹੋਏ ਜੋਤੀ-ਜੋਤ ਸਮਾ ਗਏ .....

 
 
 
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

ਦਾਸ,
ਗੁਰਮਤ ਪ੍ਰਚਾਰ ਕੋਂਸਿਲ, ਲੁਧਿਆਣਾ

"ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ"

 . 
" ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ !!


ਜੀਵਨੀ : 
ਪਿਤਾ :            ਹਰੀ ਦਾਸ ਜੀ
ਮਾਤਾ :            ਦਇਆ ਕੌਰ ਜੀ
ਜਨਮ :           ੧੫੩੪, ਚੂਨਾ ਮੰਡੀ, ਪਾਕਿਸਤਾਨ
ਪਤਨੀ :          ਬੀਬੀ ਭਾਨੀ ਜੀ
ਸੰਤਾਨ :          ਪ੍ਰਿਥੀ ਚੰਦ, ਮਹਾ ਦੇਵ, ਅਤੇ ਅਰਜਨ ਸਾਹਿਬ ਜੀ
ਗੁਰਤਾ-ਗੱਦੀ :  ੧੫੭੪
ਬਾਣੀ ਰਚਨਾ :  ੬੩੮ ਸ਼ਬਦ, ਸਲੋਕ ਅਤੇ ਛੰਦ (ਤਕਰੀਬਨ)
ਜੋਤੀ-ਜੋਤ :      ੧੫੮੧, ਗੋਇੰਦਵਾਲ ਸਾਹਿਬ ਵਿਖੇ



ਗੁਰਤਾ-ਗੱਦੀ ਤੋ ਪਹਿਲਾਂ ਗੁਰੁ ਜੀ ਦਾ ਨਾਮ " ਭਾਈ ਜੇਠਾ " ਜੀ ਸੀ ! ਆਪ ਜੀ ਆਪਣੇ ਮਾਤਾ ਜੀ ਵੱਲੋ ਬਣਾਏ ਗਏ ਕਾਲੇ ਛੋਲੇ ਰੋਜ਼ਾਨਾ ਵੇਚਣ ਜਾਂਦੇ ਸਨ, ਇੱਕ ਦਿਨ ਆਪ ਜੀ ਨੇ ਸੰਗਤ ਪਾਸੋਂ ਗੁਰਬਾਣੀ ਸਰਵਨ ਕੀਤੀ ਅਤੇ ਪੁੱਛਣ ਤੇ ਗੁਰੁ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਅਤੇ ਸੰਗਤ ਨਾਲ ਹੀ ਗੋਇੰਦਵਾਲ ਸਾਹਿਬ ਗੁਰੁ ਜੀ ਦੇ ਦਰਸ਼ਨਾ ਲਈ ਰਵਾਨਾ ਹੋ ਗਏ !

ਆਪ ਜੀ ਗੁਰੁ ਸਾਹਿਬ ਜੀ ਦੇ ਦਰਸ਼ਨਾ ਤੋ ਇੰਜ ਨਿਹਾਲ ਹੋਏ ਕਿ ਓਹਨਾ ਕੋਲ ਹੀ ਸੇਵਾ ਕਰਨ ਲਈ ਠਹਿਰ ਗਏ !

ਕਾਫੀ ਸਮਾਂ ਓੱਥੇ ਬਿਤਾ ਕੇ ਆਪ ਜੀ ਅੰਮ੍ਰਿਤਸਰ ਪੁੱਜੇ ਜੋ ਕਿ "ਰਾਮਦਾਸ ਪੁਰ" ਦੇ ਨਾਮ ਨਾਲ ਜਾਣਿਆ ਜਾਂਦਾ ਸੀ ! ਆਪ ਜੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੁੱਖ-ਭੰਜਨੀ ਬੇਰੀ ਲਾਗੇ ਸਰੋਵਰ (ਅੰਮ੍ਰਿਤਸਰ) ਦੀ ਉਸਾਰੀ ਆਰੰਭ ਕਾਰਵਾਈ ਜਿਸ ਨੂੰ ਸੰਪੂਰਨ ਗੁਰੁ ਅਰਜਨ ਸਾਹਿਬ ਜੀ ਨੇ ਕਰਵਾਇਆ !

ਗੁਰੁ ਜੀ ਨੇ ਲੰਗਰ ਪ੍ਰਥਾ ਨੂੰ ਵਧੇਰੇ ਪ੍ਰਫੁਲਿਤ ਕੀਤਾ ! ਆਪ ਜੀ ਨੇ ਸਮੂਹ ਲੋਕਾਈ ਨੂੰ " ਲਾਵਾਂ " ਬਾਣੀ ਬਖਸ਼ੀ ਅਤੇ ਹੁਕਮ ਕੀਤਾ ਕਿ ਵਿਆਹ ਸਮੇਂ ਇਸ ਬਾਣੀ ਨੂ ਪੜਿਆ ਅਤੇ ਸਮਝਿਆ ਜਾਵੇ ! ਲਾਵਾਂ ਬਾਣੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅੰਗ: ੭੭੩ ਉੱਤੇ ਅੰਕਿਤ ਹੈ ਜੀ !

ਗੁਰੁ ਸਾਹਿਬ ਜੀ ੧੫੮੧ ਵਿੱਚ ਆਪਣੇ ਤਿੰਨੋ ਪੁੱਤਰਾਂ ਦੇ ਵਿਚੋਂ ਸਭ ਤੋਂ ਛੋਟੇ " ਗੁਰੁ ਅਰਜਨ ਸਾਹਿਬ" ਜੀ ਨੂੰ ਗੁਰਤਾ-ਗੱਦੀ ਬਖਸ਼ਦੇ ਹੋਏ ਜੋਤੀ-ਜੋਤ ਸਮਾਂ ਗਏ !



ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,



ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!


ਦਾਸ,
ਗੁਰਮਤ ਪ੍ਰਚਾਰ ਕੋਂਸਿਲ, ਲੁਧਿਆਣਾ

Monday, October 3, 2011

“ Vasde raho, Ujjad Jao”

BABA NANAK  - “ Vasde raho, Ujjad Jao”


During one of his Udaasis “BABA NANAK”  along with Bhai Mardana ji visited a village where the people were very mean and did not paid any attention to spiritual values or honesty in their lives.

Upon leaving the village after some days, HE rose HIS hand up and blessed the villagers and said - "Vasde raho"(May u prospers).
Next day, BABA NANAK along with Bhai Mardana ji reached another village.
In this village contrary to the people of the previous village the residents were very kind, honest and spiritual minded.

They respected and paid utmost respect to GURU NANAK SAHIB JI. Guru ji spent some days there very comfortably and then bid farewell to village.

While leaving, on outskirts of village GURU NANAK SAHIB JI rose HIS hand up again said, "Ujjad Jao" (May you get displaced).
On hearing this Bhai Mardana ji was taken by surprise. He asked the Guru why he did so.

The Guru's response was simple: These people are good people with great values, and if they leave the village and go to different parts of the world wherever they go they will spread these values among the local population. More people will get influenced and become good and ethical (by doing their sangat). The world will change for the better.
Whereas people from the first village had no values and thus must live there only because these are not the values that need to be spread.





Do forgive us for any mistakes done...

Waheguru Ji Ka Khalsa
Waheguru Ji Ki Fateh..




*** Please don't use DEV word with GURU NANAK SAHIB as the solely almighty was not a dev, he was BABA NANAK. For more clarifications, please go through the matter by clicking on the link below...



Guru Nanak SAHIB or Guru Nanak DEV

Saturday, September 17, 2011

" ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ "

" ਗੁਰੂ ਅੰਗਦ ਸਾਹਿਬ ਜੀ "(੧੫੦੪-੧੫੫੨

ਪਿਤਾ :             ਫੇਰੂ ਮਲ ਜੀਮਾਤਾ :              ਦਇਆ ਕੌਰ ਜੀ ਜਨਮ :             ੧੫੦੪, ਮੱਤੇ ਦੀ ਸਰਾਂ, ਹਰੀਕੇ, ਫਿਰੋਜਪੁਰ ਪਤਨੀ :            ਮਾਤਾ ਖੀਵੀ ਜੀ ਸੰਤਾਨ :            ਦਾਸੁ ਜੀ, ਦਾਤੂ ਜੀ, ਬੀਬੀ ਅਮਰੋ ਜੀ ਅਤੇ ਬੀਬੀ ਅਲਾਖੀ ਜੀ ਗੁਰਤਾ-ਗੱਦੀ :  ੧੫੩੯ ਬਾਣੀ ਰਚਨਾ :  ੬੩ ਸਲੋਕ (ਤਕਰੀਬਨ)ਜੋਤੀ-ਜੋਤ :       ੧੫੫੨, ਖਡੂਰ ਸਾਹਿਬ

ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਫੇਰੂ ਮਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ੧੫੦੪ ਨੂੰ ਹਰੀਕੇ, ਫਿਰੋਜਪੁਰ ਵਿਖੇ ਪ੍ਰਕਾਸ਼ ਧਾਰਿਆ ! ਗੁਰੂ ਜੀ ਦਾ ਗੁਰੂ ਰੂਪ ਵਿੱਚ ਆਉਣ ਤੋ ਪਹਿਲਾ ਨਾਮ "ਭਾਈ ਲਹਿਣਾ ਜੀ " ਸੀ !
ਭਾਈ ਲਹਿਣਾ ਜੀ ਮੁਗਲ ਸਾਸ਼ਨ ਦਾ ਅਤਿਆਚਾਰ ਅਤੇ ਜ਼ੁਲਮ ਵਧਦਾ ਵੇਖ ਕੇ ਪਿਤਾ ਜੀ ਦੇ ਕਹੇ ਅਨੁਸਾਰ ਖਡੂਰ ਸਾਹਿਬ ਵਿਖੇ ਆ ਵਸੇ ! ਭਾਈ ਲਹਿਣਾ ਜੀ ਆਪਣੇ ਮਾਤਾ ਜੀ ਦੇ ਪ੍ਰਭਾਵ ਹੇਠ ਹੋਣ ਕਰਕੇ ਦੁਰਗਾ ਦੇ ਪੁਜਾਰੀ ਸਨ ਅਤੇ ਜਵਾਲਾਮੁਖੀ ਮੰਦਿਰ ਲਈ ਸੰਗਤਾ ਲਈ ਪ੍ਰਬੰਧ ਕਰਦੇ ਸਨ !ਆਪ ਜੀ ਦਾ ਵਿਆਹ ਮਾਤਾ ਖੀਵੀ ਜੀ ਨਾਲ ੧੫੨੦ ਵਿੱਚ ਹੋਇਆ !ਮਾਤਾ ਖੀਵੀ ਜੀ ਬਹੁਤ ਹੀ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਭਰਪੂਰ ਸਨ ਅਤੇ ਆਪ ਜੀ ਦੀ ਚਲਾਈ ਲੰਗਰ ਪ੍ਰਥਾ ਨੂੰ ਮਾਤਾ ਜੀ ਨੇ ਪੂਰਾ ਓੁੱਧਮ ਬਖਸ਼ਦੇ ਹੋਏ ਹੱਥੀਂ ਸੇਵਾ ਕਰਦੇ ਸਨ !

ਇੱਕ ਦਿਨ ਆਪ ਜੀ ਨੇ ਭਾਈ ਜੋਧਾ ਜੀ (ਜੋ ਕਿ ਅਮ੍ਰਿਤ ਵੇਲੇ ਜਾਗ ਕੇ
, ਇਸ਼ਨਾਨ ਕਰਕੇ ਜਪ ਜੀ ਸਾਹਿਬ ਜੀ ਅਤੇ ਆਸਾ ਦੀ ਵਾਰ ਦੇ ਪਾਠ ਸਰਵਨ ਕਰਦੇ ਸਨ) ਪਾਸੋਂ ਅਮ੍ਰਿਤ ਬਾਣੀ ਸਰਵਨ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਬਾਰੇ ਜਾਣੂ ਹੋਏ ! ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਅਮ੍ਰਿਤ ਬਾਣੀ ਤੋ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾ ਦੀ ਤਾਂਗ ਹੋਈ ਅਤੇ ਦਰਸ਼ਨਾ ਲਈ ਕਰਤਾਰਪੁਰ ਵਿਖੇ ਰਵਾਨਾ ਹੋਏ !
ਆਪ ਜੀ ਗੁਰੂ ਸਾਹਿਬ ਜੀ ਦੇ ਨੂਰ ਅਤੇ ਸ਼ਬਦ ਗੁਰੂ ਸੁਣ ਕੇ ਨਦਰ-ਨਿਹਾਲ ਹੋ ਗਏ ਅਤੇ ਓਹਨਾਂ ਕੋਲ ਹੀ ਬਸੇਰਾ ਕਰ ਲਿਆ !
ਭਾਈ ਲਹਿਣਾ ਜੀ ਦੀ ਸੇਵਾ-ਭਾਵਨਾ
, ਨਿਮਰਤਾ ਅਤੇ ਗੁਰੂ ਘਰ ਲਈ ਸ਼ਰਧਾ, ਪ੍ਰੇਮ ਨੂੰ ਵੇਖਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ " ਅੰਗਦ " ਨਾਮ ਦੀ ਬਖਸ਼ਿਸ਼ ਕੀਤੀ ਅਤੇ ੧੫੩੯ ਵਿੱਚ ਕਰਤਾਰਪੁਰ ਵਿਖੇ ਗੁਰਤਾ-ਗੱਦੀ ਨਾਲ ਨਿਵਾਜਿਆ !
ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਗੁਰੂ ਅੰਗਦ ਸਾਹਿਬ ਜੀ ਵਾਪਿਸ ਖਡੂਰ ਸਾਹਿਬ ਵਿਖੇ ਆਣ ਵਸੇ ਅਤੇ ਬਾਕੀ ਦਾ ਜੀਵਨ ਸ਼ਬਦ ਗੁਰੂ ਦੇ ਪ੍ਰਚਾਰ ਵਿੱਚ ਬਿਤਾਇਆ !

ਗੁਰੂ ਅੰਗਦ ਸਾਹਿਬ ਜੀ ਨੇ "ਗੁਰਮੁੱਖੀ" ਲਿੱਪੀ ਦੀ ਰਚਨਾ ਕੀਤੀ ! ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਹੋਰਨਾ ਸੰਤਾਂ ਅਤੇ ਯੋਗੀਆਂ ਦੀ ਬਾਣੀ ਨੂੰ ਗੁਰਮੁੱਖੀ ਲਿੱਪੀ ਵਿੱਚ ਅੰਕਿਤ ਕਰ ਕੇ ਸੰਭਾਲਣਾ ਕੀਤੀ !
ਆਪ ਜੀ ਨੇ ਅਨੇਕਾ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਅਤੇ ਨੌਜਵਾਨ ਪੀੜੀ ਲਈ "ਮਲ-ਅਖਾੜੇ" ਵੀ ਉਸਾਰੂ ਕਰਵਾਏ !
ਆਪ ਜੀ ਨੇ "ਗੁਰੂ ਕਾ ਲੰਗਰ" ਨੂੰ ਪੂਰਨ ਉਤਸ਼ਾਹ ਦਿੱਤਾ ਅਤੇ ਮਾਤਾ ਖੀਵੀ ਨੇ ਵੀ ਗੁਰੂ ਕੇ ਲੰਗਰ ਦੀ ਹੱਥੀ ਸੇਵਾ ਕੀਤੀ ! ਮਾਤਾ ਖੀਵੀ ਜੀ ਦੀ ਲੰਗਰ ਸੇਵਾ ਸਦਕਾ ਉਹਨਾਂ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਇਆ ਹੈ ਜੀ.....
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥

ਆਪ ਜੀ ਨੇ ਖਡੂਰ ਸਾਹਿਬ ਨੇੜੇ "ਗੋਇੰਦਵਾਲ ਸਾਹਿਬ" ਸ਼ਹਿਰ ਦੀ ਉਸਾਰੀ ਵੀ ਆਰੰਭ ਕਾਰਵਾਈ (ਜੋ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਪੂਰੀ ਕੀਤੀ !)
ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਮੰਨਦੇ ਹੋਏ ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ-ਗੱਦੀ ਅਤੇ ਸ਼ਬਦ ਗੁਰੂ ਦੀ ਪੋਥੀ ਸੌਪਦੇ ਹੋਏ ੧੫੫੨ ਵਿੱਚ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ !

Saturday, July 23, 2011

ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

ਗੁਰੂ ਹਰਕ੍ਰਿਸ਼ਨ ਸਾਹਿਬ ਜੀ
(1656-1664)



ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ੨੩ ਜੁਲਾਈ ੧੬੫੬ ਸਾਉਣ ਵਦੀ ੧੦ (੭ ਸਾਉਣ) ਵਿੱਚ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਪਿਤਾ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੋਰ ਜੀ (ਸੁਲੱਖਣੀ ਜੀ) ਦੇ ਘਰ ਹੋਇਆ !

ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਦੂਸਰੇ ਪੁੱਤਰ ਸਨ ! ਰਾਮ ਰਾਏ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਸਨ । ਰਾਮਰਾਏ ਜੀ ਨੂੰ ਉਨ੍ਹਾਂ ਦੇ ਗੁਰੂ ਘਰ ਵਿਰੋਧੀ ਕੰਮਾਂ ਅਤੇ ਮੁਗਲ ਰਾਜ ਦੇ ਪੱਖ ਵਿੱਚ ਖੜੇ ਹੋਣ ਦੀ ਵਜ੍ਹਾ ਨਾਲ ਸਿੱਖ ਪੰਥ ਵਿੱਚੋ ਬਾਹਰ ਕਢਿਆ ਹੋਇਆ ਸੀ । ਗੁਰੂ ਸਾਹਿਬ ਜੀ ਨੂੰ ਬਾਲ ਅਵਸਥਾ ਵਿੱਚ ਹੀ ਗੁਰਤਾ ਗੱਦੀ ਸੰਭਾਲ ਦਿੱਤੀ ਗਈ ਸੀ, ਆਪ ਜੀ ਦੀ ਉਮਰ ਉੱਸ ਵੇਲੇ ਕੇਵਲ ੫ ਸਾਲ ਅਤੇ ੩ ਮਹੀਨੇ ਦੀ ਸੀ !


ਪਿਤਾ :                      ਸ਼੍ਰੀ ਗੁਰੂ ਹਰਰਾਇ ਸਾਹਿਬ ਜੀ
ਮਾਤਾ:                       ਕ੍ਰਿਸ਼ਨ ਕੌਰ ਜੀ
ਜਨਮ :                      ੧੬੫੬, ਕੀਰਤਪੁਰ ਸਾਹਿਬ
ਗੁਰਤਾ-ਗੱਦੀ :           ੧੬੬੧
ਗੁਰਤਾ-ਗੱਦੀ ਸਮਾਂ:     ੨ ਸਾਲ ਅਤੇ ੬ ਮਹੀਨੇ (ਤਕਰੀਬਨ)
ਜੋਤੀ ਜੋਤ:                  ੧੬੬੪, ਦਿੱਲੀ




ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਜੀਵਨ ਕਾਲ ਵਿੱਚ ਹੀ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨਾ ਕੀਤਾ ਅਤੇ ਅਨੇਕਾ ਵਹਿਮਾ ਭਰਮਾਂ ਵਿੱਚੋਂ ਕੱਢਿਆ ਵੀ ! ਇਕ ਵਾਰ ਹਿੰਦੂ ਧਰਮ ਦੇ ਇਕ ਪ੍ਰਸਿੱਧ ਵਿਦਵਾਨ ਲਾਲ ਚੰਦ ਨੇ ਗੁਰੂ ਸਾਹਿਬ ਨੂੰ ਗੀਤਾ ਦੇ ਅਰਥ, ਸਾਰ ਪੁੱਛਿਆ ਤਾਂ ਆਪ ਜੀ ਨੇ ਪਾਣੀ ਲੈਕੇ ਆਉਣ ਵਾਲੇ ਛੱਜੂ ਰਾਮ ਨੂੰ ਬੁਲਵਾ ਕੇ ਉਸ ਤੋਂ ਸੰਪੂਰਣ ਗੀਤਾ ਦੇ ਸਾਰ, ਅਰਥ ਕਰਵਾਏ ਅਤੇ ਜਿਸ ਤੌ ਲਾਲ ਚੰਦ ਹੈਰਾਨ ਹੋ ਗਿਆ ਅਤੇ ਗੁਰੂ ਜੀ ਦੇ ਇਸ ਗੁਰੂਪਦ ਤੋਂ ਪ੍ਰਭਾਵਿਤ ਹੋਕੇ ਸਿੰਘ ਸੱਜਿਆ !

ਜਦੋਂ ਗੁਰੂ ਸਾਹਿਬ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਅਤੇ ਦਿੱਲੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਉਨ੍ਹਾਂ ਦਾ ਵੱਡੇ ਹੀ ਗਰਮਜੋਸ਼ੀ ਤੋਂ ਸਵਾਗਤ ਕੀਤਾ । ਗੁਰੂ ਸਾਹਿਬ ਨੂੰ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਰੱਖਿਆ ਗਿਆ । ਸਾਰੇ ਧਰਮਾਂ ਦੇ ਲੋਕਾਂ ਦਾ ਮਹੱਲ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਤਾਂਤਾ ਲੱਗ ਗਿਆ ।

ਇੱਕ ਵਾਰ ਰਾਜਾ ਜੈ ਸਿੰਘ ਨੇ ਬਹੁਤ ਸਾਰੀਆ ਔਰਤਾਂ ਨੂੰ , ਜੋ ਕਿ ਇੱਕ ਤਰਾਂ ਹੀ ਤਿਆਰ ਸਨ, ਗੁਰੂ ਸਾਹਿਬ ਦੇ ਸਾਹਮਣੇ ਮੋਜੂਦ ਕੀਤਾ ਅਤੇ ਅਸਲੀ ਰਾਣੀ ਨੂੰ ਪਹਿਚਾਨਣ ਲਈ ਕਿਹਾ ਗਿਆ । ਗੁਰੂ ਸਾਹਿਬ ਜੀ ਇੱਕ ਔਰਤ, ਜੋ ਕਿ ਨੌਕਰਾਣੀ ਦੇ ਵੇਸ਼ ਵਿੱਚ ਸੀ, ਦੀ ਗੋਦ ਵਿੱਚ ਜਾ ਕੇ ਬੈਠ ਗਏ । ਇਹ ਔਰਤ ਹੀ ਅਸਲੀ ਰਾਣੀ ਸੀ । ਇਸਦੇ ਇਲਾਵਾ ਵੀ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੀ ਬੌਧਿਕ ਸਮਰੱਥਾ ਨੂੰ ਲੈ ਕੇ ਬਹੁਤ ਸੀ ਸਾਖੀਆਂ ਪ੍ਰਚੱਲਿਤ ਹਨ ।

ਬਹੁਤ ਹੀ ਘੱਟ ਸਮੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਨਤਾ ਦੇ ਨਾਲ ਆਪਣੇ ਮਿੱਤਰਤਾਪੂਰਣ ਸੁਭਾਅ ਕਰਕੇ ਰਾਜਧਾਨੀ ਵਿੱਚ ਲੋਕਾਂ ਤੋਂ ਲੋਕਪ੍ਰਿਅਤਾ ਹਾਸਲ ਕੀਤੀ । ਇਸ ਦੌਰਾਨ ਦਿੱਲੀ ਵਿੱਚ ਹੈਜਾ ਅਤੇ ਛੋਟੀ ਮਾਤਾ ਵਰਗੀ ਬੀਮਾਰੀਆਂ ਦਾ ਕਹਿਰ ਮਹਾਮਾਰੀ ਲੈ ਕੇ ਆਇਆ । ਮੁਗਲ ਰਾਜ ਜਨਤਾ ਦੇ ਪ੍ਰਤੀ ਅਸੰਵੇਦਨਸ਼ੀਲ ਸੀ । ਜਾਤ ਪਾਤ ਅਤੇ ਉੱਚਾ ਨੀਚ ਨੂੰ ਦੂਰ ਕਰਦੇ ਹੋਏ ਗੁਰੂ ਸਾਹਿਬ ਨੇ ਸਾਰੇ ਭਾਰਤੀ ਲੋਕਾਂ ਦੀ ਸੇਵਾ ਦਾ ਅਭਿਆਨ ਚਲਾਇਆ । ਖਾਸਕਰ ਦਿੱਲੀ ਵਿੱਚ ਰਹਿਣ ਵਾਲੇ ਮੁਸਲਮਾਨ ਉਨ੍ਹਾਂ ਦੀ ਇਸ ਮਨੁੱਖਤਾ ਦੀ ਸੇਵਾ ਨਾਲ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਉਨ੍ਹਾਂ ਨੂੰ ਬਾਲਾ ਪੀਰ ਕਹਿਕੇ ਪੁਕਾਰਨ ਲੱਗੇ । ਜਨਤਾ ਅਤੇ ਪਰੀਸਥਿਤੀਆਂ ਨੂੰ ਵੇਖਦੇ ਹੋਏ ਔਰੰਗਜੇਬ ਵੀ ਉਨ੍ਹਾਂਨੂੰ ਛੇੜ ਨਹੀ ਸਕਿਆ । ਪਰ ਨਾਲ ਹੀ ਨਾਲ ਔਰੰਗਜੇਬ ਨੇ ਰਾਮ ਰਾਏ ਜੀ ਨੂੰ ਸ਼ਹਿ ਵੀ ਦੇਕੇ ਰੱਖੀ, ਤਾਂਕਿ ਸਾਮਾਜਕ ਮੱਤਭੇਦ ਪਰਗਟ ਹੋਣ ।

ਦਿਨ ਰਾਤ ਮਹਾਮਾਰੀ ਤੋਂ ਗ੍ਰਸਤ ਲੋਕਾਂ ਦੀ ਸੇਵਾ ਕਰਦੇ ਕਰਦੇ ਗੁਰੂ ਸਾਹਿਬ ਆਪ ਵੀ ਤੇਜ ਤਾਪ ਤੋਂ ਪੀਡ਼ਿਤ ਹੋ ਗਏ । ਛੋਟੀ ਮਾਤਾ ਦੇ ਅਚਾਨਕ ਕਹਿਰ ਨੇ ਉਨ੍ਹਾਂ ਨੂੰ ਕਈ ਦਿਨਾਂ ਤੱਕ ਬਿਸਤਰੇ ਤੇ ਬੰਨ੍ਹ ਦਿੱਤਾ ।
ਜਦੋਂ ਉਨ੍ਹਾਂ ਦੀ ਹਾਲਤ ਕੁੱਝ ਜ਼ਿਆਦਾ ਹੀ ਗੰਭੀਰ ਹੋ ਗਈ ਤਾਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਅਖੀਰ ਹੁਣ ਨਜ਼ਦੀਕ ਹੈ ।

ਜਦੋਂ ਉਨ੍ਹਾਂ ਨੂੰ ਆਪਣੇ ਵਾਰਿਸ ਦਾ ਨਾਮ ਲੈਣ ਲਈ ਕਿਹਾ, ਤਾਂ ਉਨ੍ਹਾਂ ਨੇ ਕੇਵਲ ਬਾਬਾ ਬਕਾਲਾ ਦਾ ਨਾਮ ਲਿਆ । ਇਹ ਸ਼ਬਦ ਕੇਵਲ ਭਵਿੱਖ ਗੁਰੂ , ਗੁਰੂ ਤੇਗ ਬਹਾਦੁਰ ਸਾਹਿਬ, ਜੋ ਕਿ ਪੰਜਾਬ ਵਿੱਚ ਬਿਆਸ ਨਦੀ ਦੇ ਕੰਡੇ ਸਥਿਤ ਬਕਾਲਾ ਪਿੰਡ ਵਿੱਚ ਰਹਿ ਰਹੇ ਸਨ , ਲਈ ਪ੍ਰਯੋਗ ਹੋਇਆ ਸੀ ।

ਆਪਣੇ ਅਖੀਰ ਸਮਾਂ ਵਿੱਚ ਗੁਰੂ ਸਾਹਿਬ ਨੇ ਸਾਰੇ ਲੋਕਾਂ ਨੂੰ ਨਿਰਦੇਸ਼, ਹੁਕਮ ਦਿੱਤਾ ਕਿ ਕੋਈ ਵੀ ਉਨ੍ਹਾਂ ਦੀ ਮੋਤ ਉੱਤੇ ਰੋਵੇਗਾ ਨਹੀਂ ਸਗੋ ਗੁਰਬਾਣੀ ਵਿੱਚ ਲਿਖੇ ਸ਼ਬਦਾਂ ਨੂੰ ਗਾਉਣ, ਕੀਰਤਨ ਕਰਨ ।

ਇਸ ਪ੍ਰਕਾਰ ਬਾਲਾ ਪ੍ਰੀਤਮ ਚੇਤਰ ਸੁਦੀ ੧੪ ( ਤੀਜਾ ਵੈਸਾਖ ) ਬਿਕਰਮ ਸੰਵਤ ੧੭੨੧ ( ੩੦ ਮਾਰਚ ੧੬੬੪ ) ਨੂੰ ਹੋਲੀ-ਹੋਲੀ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਣ ਕਰਦੇ ਹੋਏ ਜੋਤੀ ਜੋਤ ਸਮਾ ਗਏ ।

ਦਸਵਾਂ ਨਾਨਕ - ਗੁਰੂ ਗੋਬਿੰਦ ਸਿੰਘ  ਸਾਹਿਬ ਜੀ ਨੇ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਅਰਦਾਸ ਵਿੱਚ ਦਰਜ ਕੀਤਾ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ ।

ਦਿੱਲੀ ਵਿੱਚ ਜਿਸ ਘਰ, ਮਹਿਲ ਵਿੱਚ ਆਪ ਰਹੇ , ਉੱਥੇ ਇੱਕ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸ਼ੁਸ਼ੋਬਿਤ ਹੈ ।


















ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!

Thursday, July 21, 2011

ਮੀਰੀ-ਪੀਰੀ ਦਿਵਸ (੧੬੦੬)



ਮੀਰੀ-ਪੀਰੀ ੧੬੦੬  ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੇਵੀਂ  ਜੋਤ " ਗੁਰੂ ਹਰਗੋਬਿੰਦ ਸਾਹਿਬ ਜੀ" ਨੇ ਸੰਸਾਰ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੇ ਹੋਏ ਮਨੁੱਖਤਾ ਲਈ ਇੱਕ ਨਵੀਂ ਜੀਵਨ-ਜਾਚ ਪੇਸ਼ ਕੀਤੀ !
ਮੀਰੀ-ਪੀਰੀ ਦੇ ਸਿਧਾਂਤ ਬਾਰੇ ਦਾਸ ਵੱਲੋਂ ਇਕ ਸੰਖੇਪ ਲੇਖ ਆਪ ਜੀ ਦੇ ਸਨਮੁੱਖ ਹੈ ਜੀ !
 
ਪੜਕੇ ਲਾਹਾ ਲੈਣ ਦੀ ਖੇਚਲ ਕਰਨੀ ਜੀ !

ਮੀਰੀ ਅਤੇ ਪੀਰੀ ਸ਼ਬਦ ਸਿੱਖ ਮਰਿਆਦਾ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦ੍ਰਿਸ਼ਟਾਂਟ ਕਰਨ ਲਈ ਉਲੀਕੇ ਗਏ ਹਨ ! ਮੀਰੀ-ਪੀਰੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੀ ਹੈ !

ਭਾਵ-ਅਰਥ:
ਮੀਰੀ ਅਤੇ ਪੀਰੀ ਦੋਨੋਂ ਸ਼ਬਦ ਫ਼ਾਰਸੀ ਭਾਸ਼ਾ ਦੇ ਹਨ !

ਮੀਰੀ
ਤੋਂ ਭਾਵ ਹੈ ਰਾਜਨੀਤਕ, ਸਮਾਜਿਕ ਅਤੇ ਵਿਵਹਾਰਿਕ ਜੀਵਨ ਦੀ ਅਗਵਾਈ ਕਰਨਾ !
ਪੀਰੀ ਤੋਂ ਭਾਵ ਹੈ ਅਧਿਆਤਮਿਕ ਜਾਂ ਰੂਹਾਨੀਅਤ ਜੀਵਨ ਸ਼ੈਲੀ !

ਇਸ ਪ੍ਰਕਾਰ ਮੀਰੀ ਬਾਦਸ਼ਾਹੀ ਦੀ ਸੂਚਕ ਹੈ ਅਤੇ ਪੀਰੀ ਅਧਿਆਤਮਿਕ ਪਾਤਸ਼ਾਹੀ ਦੀ ਸੂਚਕ ਹੈ !


ਗੁਰੂ ਸਾਹਿਬਾਨ ਨੇ ਆਰੰਭਤਾ ਤੋ ਹੀ ਸੰਸਾਰਿਕ ਜੀਵ ਨੂੰ ਇਸ ਸਿਧਾਂਤ ਬਾਰੇ ਸੁਚੇਤ ਕੀਤਾ ਹੈ !
ਗੁਰੂ ਨਾਨਕ ਸਾਹਿਬ ਜੀ ਸਮੇਂ ਤੋਂ ਵੀ ਪਹਿਲਾਂ ਮੀਰੀ (ਬਾਦਸ਼ਾਹਤ) ਦਾ ਬੋਲਬਾਲਾ ਸੀ ਅਤੇ ਪੀਰੀ ਉਸਦੀ ਗੁਲਾਮ ਹੁੰਦੀ ਜਾ ਰਹੀ ਸੀ ਸੋ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਇੱਕ ਨਵੀਂ ਜੀਵਨ-ਜਾਚ ਪੇਸ਼ ਕਰਦੇ ਹੋਏ ਇਹ ਸਮਝਾਉਣਾ ਕੀਤਾ ਕਿ ਪੀਰ ਨੇ ਮੀਰ ਦੀ ਗੁਲਾਮੀ ਨਹੀਂ ਕਰਨੀ ਸਗੋਂ ਭਗਤੀ ਜਾਣ ਬੰਦਗੀ ਦੇ ਨਾਲ ਸ਼ਕਤੀ ਨੂੰ ਵੀ ਆਪਣੇ ਜੀਵਨ ਵਿੱਚ ਥਾਂ ਦੇਣੀ ਹੈ !

ਮੀਰੀ ਅਤੇ ਪੀਰੀ ਇੱਕ ਸੰਤੁਲਤ ਜੀਵਨ ਲਈ ਹੋਣੀਆਂ ਅਤਿ ਜ਼ਰੂਰੀ ਹਨ ! ਮਨੁੱਖ ਨੂੰ ਆਦਰਸ਼ਕ ਮਨੁੱਖ ਬਣਨ ਲਈ ਆਤਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਅਤਿ ਜ਼ਰੂਰੀ ਹੈ ਅਤੇ ਇਹ ਕੇਵਲ ਮੀਰੀ-ਪੀਰੀ ਦੇ ਸੁਮੇਲ ਨਾਲ ਹੀ ਪ੍ਰਾਪਤ ਹੋ ਸਕਦਾ ਹਨ !


ਸਿੱਖ ਲਈ ਜ਼ਰੂਰੀ ਹੈ ਕਿ ਉਸ ਨੇ ਸ਼ਾਸਤਰ (ਸ਼ਬਦ ਗੁਰੂ) ਨਾਲ ਪ੍ਰੀਤ ਪਾ ਕੇ ਪੀਰੀ ਨੂੰ ਖਿਚਣਾ ਹੈ ਭਾਵ ਸ਼ਬਦ ਗੁਰੂ ਨਾਲ ਜੁੜ ਕੇ ਆਤਮਿਕ ਉੱਚਤਾ ਤੇ ਪਹੁੰਚਨਾ ਹੈ ਅਤੇ ਅਤੇ ਸ਼ਸਤਰ ਨਾਲ ਪ੍ਰੀਤ ਪਾ ਕੇ ਮੀਰੀ ਨੂੰ ਪਾਉਣਾ ਹੈ ਭਾਵ ਸ਼ਸਤਰ ਚੁੱਕ ਕੇ ਆਪਣੇ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨੀ !

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਗੱਦੀ ਨਸ਼ੀਨ ਹੋਣ ਸਮੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ੧੬੦੬ ਵਿੱਚ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ ਅਤੇ ਸਮੁਚੇ ਜਗਤ ਨੂੰ ਇਹ ਹੁਕਮ ਕੀਤਾ ਕੇ ਅੱਜ ਤੋ ਬਾਅਦ ਓਹ ਅਤੇ ਓਹਨਾਂ ਦੇ ਸਿੱਖ ਸ਼ਬਦ ਗੁਰੂ ਦੀ ਉਸਤਤ ਦੇ ਨਾਲ ਨਾਲ ਜ਼ੁਲਮ ਦੇ ਖਿਲਾਫ਼ ਵੀ ਆਵਾਜ਼ ਉਠਾਉਣ !

ਗੁਰੂ ਸਾਹਿਬ ਜੀ ਨੇ ਸੰਸਾਰਿਕ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰਖਦੇ ਹੋਏ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਵੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਜੋ ਕਿ ਮੀਰੀ-ਪੀਰੀ ਦਾ ਸੂਚਕ ਹੈ ! 
















ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!




VISIT:
             mukhwaksewa.blogspot.com

Friday, July 15, 2011

"ਭਾਈ ਤਾਰੂ ਸਿੰਘ ਜੀ"





" ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ !!
          ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ !!੧!!
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ !!
        ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ !!੨!!"


ਸਤਾਰਵੀਂ ਅਤੇ ਅਠਾਰਵੀਂ ਸਦੀ ਵਿੱਚ ਅਨੇਕਾਂ ਸਿੱਖ ਸ਼ਹੀਦ ਸੂਰਮੇ ਹੋਏ ਹਨ ਜਿੰਨਾ ਨੇ ਸਿੱਖੀ ਸਿਦਕ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ !
ਇਹਨਾਂ ਵਿੱਚੋ ਹੀ ਇੱਕ ਸਨ "ਭਾਈ ਤਾਰੂ ਸਿੰਘ ਜੀ" ਜਿੰਨਾ ਨੇ ਨਿਵੇਕਲੀ ਕਿਸਮ ਦੀ ਸ਼ਹਾਦਤ ਦੇ ਕੇ ਸਿੱਖ ਇਤਿਹਾਸ ਨੂੰ ਹੋਰ ਪ੍ਰਫੁੱਲਿਤ ਕੀਤਾ !
ਬਚਪਨ ਤੋਂ ਹੀ ਭਾਈ ਤਾਰੂ ਸਿੰਘ ਜੀ ਸੰਤ ਬਿਰਤੀ ਦੇ ਸਨ! ਆਪ ਜੀ ਖੇਤੀ ਕਰਕੇ ਜੀਵਨ ਨਿਰਬਾਹ ਕਰਦੇ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਰੀ ਉਪਦੇਸ਼ਾਂ ਨੂੰ ਮੰਨਦੇ ਹੋਏ ਵੰਡ ਕੇ ਛੱਕਦੇ ਅਤੇ ਬਿਨਾ ਕਿਸੇ ਭੇਦ-ਭਾਵ ਦੇ ਸਮੂਹ ਸੰਗਤ ਦੀ ਮਦਦ ਕਰਦੇ ਸਨ !

ਉਹਨਾਂ ਦੇ ਜੀਵਨ ਬਾਰੇ ਚਾਨਣ ਪਾਉਂਦਾ ਇੱਕ ਸੰਖੇਪ ਜਿਹਾ ਲੇਖ ਆਪ ਜੀ ਦੇ ਸਨਮੁੱਖ ਹੈ ਜੀ.. 

                            
                            ਭਾਈ ਤਾਰੂ ਸਿੰਘ ਜੀ
                                            (1720-1745)




                                     ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪੜੀ ਲਾਹੁਣ ਦਾ ਦ੍ਰਿਸ਼


                





ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਜ਼ਿਲਾ ਲਾਹੋਰ ਦੇ ਰਹਿਣ ਵਾਲੇ ਸਨ ! ਬਚਪਨ ਤੋਂ ਹੀ ਆਪ ਜੀ ਸੰਤ ਬਿਰਤੀ ਦੇ ਸਨ ਅਤੇ ਆਪ ਜੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਏ ਸਨ ! ਆਪ ਜੀ ਕੋਲ ਥੋੜੀ ਜਿਹੀ ਜ਼ਮੀਨ ਸੀ ਜਿੱਥੇ ਖੇਤੀ ਕਰਦੇ ਹੋਏ ਜੀਵਨ ਨਿਰਬਾਹ ਕਰਦੇ ਸਨ ਅਤੇ ਗੁਰਬਾਣੀ ਦੇ ਮਹਾਵਾਕ

                          " ਘਾਲਿ ਖਾਇ ਕਿਛੁ ਹਥਹੁ ਦੇਇ "

ਦੇ ਅਨੁਸਾਰ ਆਪਣੀ ਕਿਰਤ ਕਮਾਈ ਵਿੱਚੋਂ ਆਉਂਦੀ ਜਾਂਦੀ ਸੰਗਤ ਨੂੰ ਲੰਗਰ ਛਕਾਉਂਦੇ ਅਤੇ ਗਰੀਬ ਗੁਰਬੇ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਸਨ ! ਕੇਵਲ ਸਿਖਾਂ ਨਾਲ ਹੀ ਨਹੀਂ ਆਪ ਜੀ ਪੂਰਨ ਲੋਕਾਈ ਲਈ ਨਿਮਰਤਾ ਤੇ ਸੇਵਾ-ਭਾਵ ਰਖਣ ਵਾਲੇ ਸ਼ਖਸ ਸਨ !

ਇੱਕ ਦਿਨ ਆਪ ਜੀ ਦੇ ਨਿਵਾਸ ਅਸਥਾਨ 'ਰਹੀਮ ਬਖਸ਼' ਨਾਮ ਦੇ ਮੁਸਲਮਾਨ ਮਛਿਆਰੇ (ਜਿਸ ਦੀ ਜਵਾਨ ਧੀ ਨੂੰ ਪੱਟੀ ਸੂਬੇਦਾਰ ਨੇ ਚੁੱਕ ਕੇ ਕੈਦ ਕੀਤਾ ਸੀ) ਨੇ ਰੈਨ ਬਸੇਰਾ ਕੀਤਾ ਅਤੇ ਲੰਗਰ ਪਰਸ਼ਾਦਾ ਛਕਣ ਉਪਰੰਤ ਭਾਈ ਸਾਹਿਬ ਜੀ ਨਾਲ ਸਾਰੀ ਵਾਰਤਾਲਾਪ ਕੀਤੀ ਕਿ ਕਿਸ ਤਰਾਂ ਪੱਟੀ ਦੇ ਸੇਨਾਪਤੀ ਨੇ ਉਸਦੀ ਧੀ ਨੂ ਅਗਵਾ ਕਰ ਲਇਆ ਹੈ ਅਤੇ ਜ਼ਕਰਆ ਖਾਨ ਦੇ ਦਰਬਾਰ ਵਿੱਚ ਵੀ ਉਸਦੀ ਸੁਣਵਾਈ ਨਹੀਂ ਹੋਈ ! ਭਾਈ ਸਾਹਿਬ ਨੇ ਰਹੀਮ ਬਖਸ਼ ਨੂੰ ਦਿਲਾਸਾ ਅਤੇ ਹੌਸਲਾ ਦਿੰਦੇ ਹੋਏ ਕਿਹਾ ਕਿ ਉਸਦੀ ਸੁਣਵਾਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਹੋ ਗਈ ਅਤੇ ਓਹ ਬੇਫਿਕਰ ਰਹਿਣ, ਉਹਨਾਂ ਦੀ ਧੀ ਜਲਦੀ ਹੀ ਉਹਨਾਂ ਪਾਸ ਆ ਜਾਏਗੀ !

ਭਾਈ ਤਾਰੂ ਸਿੰਘ ਜੀ ਨੇ ਸਿੰਘਾਂ ਦੇ ਇੱਕ ਜੱਥੇ ਦੀ ਮਦਦ ਨਾਲ ਮੁਸਲਮਾਨ ਧੀ ਨੂੰ ਕੈਦ ਵਿੱਚੋਂ ਆਜ਼ਾਦ ਕਰਵਾ ਲਿਆ ! ਭਾਈ ਜੀ ਦੇ ਇਸ ਸਾਹਸ ਦੀ ਗਾਥਾ ਨੂੰ ਪਿੰਡ ਦੇ ਇੱਕ ਬੰਦੇ ਖੁਸ਼ਹਾਲਾ ਨੇ ਜ਼ਕਰਿਆ ਖਾਨ ਨੂੰ ਜਾ ਸੁਣਾਇਆ ! ਭਾਈ ਤਾਰੂ ਸਿੰਘ ਜੀ ਦੇ ਦਲੇਰੀ ਅਤੇ ਸਾਹਸ ਤੋਂ ਈਰਖਾ ਰਖਣ ਵਾਲੇ ਜ਼ਕਰਿਆ ਖਾਨ ਨੂੰ ਮੌਕਾ ਮਿਲ ਗਿਆ ਅਤੇ ਉਸਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ !

ਭਾਈ ਸਾਹਿਬ ਨੂੰ ਅਨੇਕਾਂ ਤਸੀਹੇ ਦਿੱਤੇ ਗਏ, ਅਨੇਕਾਂ ਸੁੱਖ-ਸਹੂਲਤਾਵਾਂ ਦਾ ਲਾਲਚ ਦਿੱਤਾ ਗਿਆ ਅਤੇ ਸਿੱਖੀ ਭੇਸ ਨੂੰ ਤਿਆਗ ਕੇ ਇਸਲਾਮ ਧਰਮ ਨੂੰ ਅਪਣਾਉਣ ਲਈ ਹੁਕਮ ਜਾਰੀ ਕੀਤਾ ਗਿਆ ਪਰ ਆਪ ਜੀ ਨੇ ਸਿੱਖੀ ਸਿਦਕ ਨਹੀਂ ਛਡਿਆ ! ਭਾਈ ਸਾਹਿਬ ਦੀ ਇਸ ਗਲ ਤੇ ਜ਼ਕਰਿਆ ਖਾਨ ਅੱਗ-ਬਾਬੂਲਾ ਹੋ ਗਿਆ ਅਤੇ ਭਾਈ ਤਾਰੂ ਜੀ ਨੂੰ ਚਰਖੜੀਆਂ ਤੇ ਚਾੜਿਆ ਗਿਆ ਪਰ ਭਾਈ ਸਾਹਿਬ ਆਪਣੇ ਸਿੱਖੀ ਸਿਦਕ ਉੱਤੇ ਦ੍ਰਿੜ ਰਹੇ !
ਆਪਣੇ ਰਾਜ ਵਿੱਚ ਇੱਕ ਸਿੰਘ ਵੱਲੋ ਆਪਣੀ ਈਨ ਦਾ ਰਸਤਾ ਖੁਲਦਾ ਵੇਖਦੇ ਹੋਏ ਜ਼ਕਰਿਆ ਖਾਨ ਨੇ ਜ਼ੁਲਮ ਦੀ ਅੱਤ ਚੁੱਕ ਦਿੱਤੀ ਅਤੇ ਭਾਈ ਸਾਹਿਬ ਜੀ ਦੀ ਖੋਪੜੀ ਕੇਸਾਂ ਸਮੇਤ ਉਤਾਰ ਦੇਣ ਦਾ ਹੁਕਮ ਜਾਰੀ ਕਰ ਦਿੱਤਾ !

ਇੱਕ ਮੋਚੀ ਦੁਆਰਾ ਭਾਈ ਤਾਰੂ ਸਿੰਘ ਜੀ ਦੀ ਰੰਬੀ ਦੇ ਨਾਲ ਖੋਪੜੀ ਕੇਸਾਂ ਸਮੇਤ ਉਤਰਵਾ ਦਿੱਤੀ ਗਈ ! ਇਸ ਸਾਰੇ ਸਮੇਂ ਦੌਰਾਨ ਭਾਈ ਸਾਹਿਬ ਨੇ "ਵਾਹਿਗੁਰੂ" ਸਿਮਰਨ ਨਾ ਛਡਿਆ ਅਤੇ ਰੱਤੀ ਭਰ ਵੀ ਭੈ ਉਹਨਾਂ ਦੇ ਚਿਹਰੇ ਤੇ ਨਹੀਂ ਸੀ ! ਇਸ ਕਾਂਡ ਦੇ ੨੨ ਦਿੰਨ ਉਪਰੰਤ ੧੭੪੫ ਵਿੱਚ ਆਪ ਜੀ ਸ਼ਹਾਦਤ ਪਾ ਗਏ !


******
ਪਰ ਅੱਜ ਦੀ ਨੌਜਵਾਨ ਪੀੜੀ ਇਹਨਾਂ ਮਹਾਂ ਸ਼ਹੀਦਾਂ ਅਤੇ ਗੁਰੂਆਂ ਦੀ ਦਿੱਤੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਭੁੱਲ ਕੇਸ ਕਤਲ ਨੂੰ ਜਿਆਦਾ ਪ੍ਰਾਥਮਿਕਤਾ ਦੇ ਰਹੀ ਹੈ ! ਉਹ੍ਨਾਨਾ ਲਈ ਸਿੱਖ ਇਤਿਹਾਸ ਸਿਰਫ ਇੱਕ ਕੰਧ ਯਾ ਫੇਰ ਬੂਕ ਸ਼ੇਲ੍ਫ਼ ਦੀ ਟਹੁਰ ਬਣ ਕੇ ਰਹ ਗਿਆ ਹੈ, ਕੇਸ ਕਤਲ ਅਤੇ ਰੋਮਾਂ ਦੀ ਬੇ-ਅਦਬੀ ਉਹਨਾਂ ਲਈ fashion ਹੈ..

ਸੋ ਸਮੂਹ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਵਿਰਸੇ ਦੀ ਕਦਰ ਕਰੀਏ ਅਤੇ ਗੁਰੂਆਂ ਅਤੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਅਨੇਕਾਂ ਸਿੰਘ ਸ਼ਹੀਦਾਂ ਦੀ ਸ਼ਹਾਦਤ ਦਾ ਮੂਲ ਪਛਾਣੀਏ ਜੀ..








ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!