Wednesday, April 6, 2011

GURMAT VICHAAR-3


 

" ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ !!
      
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ੍ !!
 
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ !!
        
ਤਿਨਾ੍ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ੍ !!
 
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ੍ !!
         
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ "!!੧੦੦!!
                    
                                                ਸਲੋਕ ਭਗਤ ਫਰੀਦ ਜੀ.... (ਪੰਨਾ-੧੩੮੩)

ਸ਼ਬਦਾਵਲੀ

ਦੇਹੁਰੀ           : ਸੋਹਣਾ ਸਰੀਰ
ਚਲੈ             : ਤੁਰਦਾ ਹੈ, ਕੰਮ ਦਿੰਦਾ ਹੈ
ਵਤਿ             : ਮੁੜ ਮੁੜ ਕੇ, ਪਰਤ ਪਰਤ ਕੇ
ਆਸੂਣੀ          : ਨਿੱਕੀ ਜਿਹੀ ਸੋਹਣੀ ਆਸ
ਬੰਨਿ             : ਬੰਨ ਕੇ
ਮਲਕਲ ਮਉਤ  : ਮੌਤ ਦਾ ਫਰਿਸ਼ਤਾ (ਮਲਕ : ਫਰਿਸ਼ਤਾ, ਅਲ : ਦਾ)
ਕੰਨਿ੍             : ਮੋਢੇ ਤੇ
ਆਏ ਕੰਮ        : ਕੰਮ ਆਉਣਾ, ਸਹਾਈ ਹੋਣਾ 

 
ਅਰਥ :

ਭਗਤ ਫਰੀਦ ਜੀ ਆਪਣੇ ਸਲੋਕ ਵਿਚ ਸਮਝਾਉਣਾ ਕਰਦੇ ਹਨ ਕਿ ਮਨੁੱਖਦਾ ਸਰੀਰ ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ ਹੈ ਜੋ ਕਿ ਅੰਨ ਅਤੇ ਪਾਣੀ ਦੇ ਜ਼ੋਰ ਤੇ ਚਲਦਾ ਹੈ !  
ਮਨੁਖ ਇਸ  ਧਰਤੀ ਤੇ, ਜਗਤ ਤੇ ਇਕ ਸੋਹਣੀ ਜਿਹੀ ਆਸ ਬੰਨ ਕੇ ਭਾਵ ਲੈ ਕੇ  ਮੁੜ ਮੁੜ ਕੇ ਆਉਂਦਾ ਹੈ ਪਰ ਉਸਦੀ ਇਹ ਆਸ ਪੂਰੀ ਨਹੀਂ ਹੁੰਦੀ  !  
ਜਦੋਂ ਮੌਤ ਦਾ ਫਰਿਸ਼ਤਾ ਇਸ ਦੇਹ ਰੂਪੀ       ਘਰ ਦੇ    ਸਾਰੇ ਦਰਵਾਜੇ ਭੰਨ ਕੇ  (ਭਾਵ ਸਾਰੀ ਇੰਦ੍ਰਿਆਂ ਨੂੰ ਨਕਾਰਾ ਕਰ ਕੇ) ਆ ਖੜਾ ਹੁੰਦਾ ਹੈ  ਤਾਂ ਮਨੁੱਖ  ਦੇ ਪਿਆਰੇ ਵੀਰ, ਰਿਸ਼ਤੇਦਾਰ ਜਿੰਨਾ ਲਈ ਓਹ ਧਨ ਇੱਕਠਾ ਕਰਨ ਵਿੱਚ ਲੱਗਾ ਰਿਹਾ  ਉਸਨੂੰ ਮੌਤ ਦੇ ਫਰਿਸ਼ਤੇ ਅੱਗੇ ਬੰਨ ਕੇ ਤੋਰ ਦਿੰਦੇ ਹਨ  ! ਵੇਖੋ ਬੰਦਾ ਚਾਰ ਬੰਦਿਆਂ ਦੇ ਮੋਢੇ ਤੇ ਤੁਰਿਆ ਜਾ ਰਿਹਾ ਹੈ !
ਹੇ ਫਰੀਦ ! ਪਰਮਾਤਮਾ ਦੀ ਦਰਗਾਹ ਵਿੱਚ ਓਹੀ ਕੰਮ ਸਹਾਈ ਹੁੰਦੇ ਹਨ ਜੋ ਦੁਨੀਆਂ ਵਿੱਚ ਵਿਚਰਦੇ ਹੋਏ ਕੀਤੇ ਜਾਂਦੇ ਹਨ

ਫਰੀਦ ਜੀ ਮੁਨੁਖ ਨੂੰ ਨੇਕ ਕੰਮ ਕਰਨ ਲਈ ਕਹ ਰਹੇ ਹਨ ਤੇ ਸਮਝਾਉਣਾ ਕਰਦੇ ਹਨ ਕਿ ਮਨੁੱਖ  ਦੇ ਮੁੜ੍ਹ ਕਦੀਮੀ ਕਰਮ ਹੀ ਉਸਦੇ ਅੰਤਲੇ ਸਮੇਂ ਵਿੱਚ ਸਹਾਈ ਹੁੰਦੇ ਹਨ !! ਸੰਸਾਰ ਵਿਚ ਵਿਚਰਦੇ ਹੋਏ ਇਕਠਾ ਕੀਤਾ ਧੰਨ-ਦੌਲਤ, ਸਾਕ-ਸਬੰਧੀ ਕੁਝ ਵੀ ਸਾਥ ਨਹੀ ਦੇਂਦਾ ਸਿਰਫ ਮਨੁੱਖ ਦੇ ਕੀਤੇ ਸ਼ੁਭ ਕਰਮਾ ਦੇ ਅਧਾਰ ਤੇ ਨਿਬੇੜਾ ਹੁੰਦਾ ਹੈ ਜੀ....

ਸੋ ਗੁਰੂ ਪਿਆਰੀ ਸਾਧ ਸੰਗਤ ਜੀ,  ਸਿਮਰਨ ਅਤੇ ਨੇਕ ਕਿਰਤ ਕਮਾਈ ਨਾਲ ਜੁੜਨਾ ਕਰੀਏ ਤਾਂ ਜੋ  ਸਾਡੇ ਅੰਤਲੇ ਸਮੇਂ ਵਿਚ ਅਸੀਂ ਵੀ ਗੁਰੂ ਚਰਨਾਂ ਵਿੱਚ ਸਹਾਈ ਹੋ ਸਕੀਏ


ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ
.........














No comments: