ਸਮੁੱਚੀ ਮਨੁੱਖਤਾ ਦੇ
ਸਾਂਝੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪਿਤਾ ਸ੍ਰੀ ਮਹਿਤਾ ਕਾਲੂ (ਬੇਦੀ
ਪਰਿਵਾਰ) ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ੧੪੬੯ ਈ. ਵਿੱਚ ਰਾਇ ਭੋਇ ਕੀ ਤਲਵੰਡੀ ਵਿਖੇ
ਹੋਇਆ ! ਇਸ ਕਸਬੇ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਧਾਰਨ ਉਪਰੰਤ “ਨਨਕਾਣਾ ਸਾਹਿਬ” ਨਾਲ
ਪ੍ਰਚਲਿੱਤ ਹੋਇਆ ! ਇਹ ਅਸਥਾਨ ਪਾਕਿਸਤਾਨ ਵਿੱਚ ਹੈ !
ਗੁਰੂ ਸਾਹਿਬ ਜੀ ਦਾ
ਪੂਰਨ ਜੀਵਨ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੇ ਸਿਖ-ਸਿਧਾਂਤ ਦੀ ਛੋਹ ਦਿੰਦਾ ਹੈ !
ਮਨੁੱਖੀ ਏਕਤਾ, ਬਰਾਬਰਤਾ
ਅਤੇ ਧਾਰਮਿਕ ਸਹਿ-ਹੋਂਦ ਹੀ ਗੁਰੂ ਸਾਹਿਬ ਜੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਸੀ !
ਗੁਰੂ ਸਾਹਿਬ ਜੀ ਨੇ
ਸਿੱਖ ਧਰਮ ਨੂੰ ਸਿਰਫ ਅਧਿਆਤਮਿਕਤਾ ਤੱਕ ਹੀ ਸੀਮਤ ਨਾ ਰਖਦੇ ਹੋਏ ਸਮਪੂਰਣ ਮਨੁੱਖਤਾ ਦੀ ਅਗਵਾਈ
ਕਰਨ ਵਾਲਾ ਬਣਾਇਆ ! ਆਪ ਜੀ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਆਤਮ-ਨਿਰਭਰ ਅਤੇ ਸਵੈਮਾਣ ਵਾਲਾ
ਜੀਵਨ ਜਿਉਣ ਦੇ ਯੋਗ ਬਣਾਇਆ !
ਗੁਰੂ ਸਾਹਿਬ ਜੀ ਦੇ
ਜੀਵਨ ਕਾਲ ਚਲਦੇ ਹਿੰਦੁਸਤਾਨ ਵਿੱਚ ਕਾਜੀਆਂ, ਜੋਗੀਆਂ ਅਤੇ ਬ੍ਰਾਹਮਣਾਂ ਦਾ ਬੋਲਬਾਲਾ ਸੀ ਜੋ ਕਿ
ਲੋਕਾਈ ਨੂੰ ਧਰਮ ਦੇ ਨਾਮ ਤੇ ਲਤਾੜ ਰਹੇ ਸਨ ! ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਧਰਮ ਤੋਂ ਸੱਖਣੇ
ਦਸਦੇ ਹੋਏ ਜਿਕਰ ਕੀਤਾ :
“ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ
ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ”
(ਅੰਗ-੬੬੨)
ਬ੍ਰਾਹਮਨਵਾਦ ਦੇ ਵਧਦੇ
ਪ੍ਰਭਾਵ ਹੇਠ ਇਸਤਰੀ ਦੀ ਹਾਲਤ ਖੁੰਟੀ ਨਾਲ ਬੰਨੇ ਹੋਏ ਲਵੇਰੇ ਨਾਲੋਂ ਘੱਟ ਨਹੀਂ ਸੀ ! ਇਸਤਰੀ ਨੂੰ
ਪੈਰ ਦੀ ਜੁੱਤੀ ਸਮਾਨ ਮੰਨਿਆ ਜਾਂਦਾ ਸੀ ! ਉਸਨੂੰ ਪਰਦੇ ਤੋਂ ਬਾਹਰ ਦੀ ਵੀ ਇਜਾਜ਼ਤ ਨਹੀਂ ਸੀ ! ਇਥੋਂ
ਤੱਕ ਕਿ ਪਤੀ (ਜਿਸ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਹੈ ਹਿੰਦੁਸਤਾਨ ਵਿੱਚ) ਦੇ ਮਾਰ ਜਾਂ
ਉਪਰੰਤ ਇਸਤਰੀ ਨੂੰ ਸਤਿ ਕਰਨ ਦਾ ਵੀ ਰਿਵਾਜ਼ ਸੀ ! ਬੱਚੇ ਦੇ ਜਨਮ ਪਿਛੋਂ ਇਸਤਰੀ ਸ਼ੂਦਰ ਅਤੇ ਹੋਰ
ਅਨੇਕਾ ਵਹਿਮ-ਭਰਮ ਕੀਤੇ ਜਾਂਦੇ ਅਤੇ ਇਸਤਰੀ ਨੇ ਵੀ ਸਮੇਂ ਦੀ ਚਾਲ ਵੇਖਦੇ ਹੋਏ ਇਸ ਜਮਾਂਦਰੂ
ਅਧੀਨਗੀ ਨੂੰ ਸਵੀਕਾਰ ਕਰ ਲਿਆ ਸੀ !
ਗੁਰੂ ਸਾਹਿਬ ਜੀ ਨੇ
ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ਤੇ ਬਹਾਲ ਕਰਦੇ ਹੋਏ ਇਸਤਰੀ ਨੂੰ ਪੁਰਸ਼ ਦੇ ਬਰਾਬਰ ਹੋਣ ਦਾ
ਦਰਜਾ ਕੀਤਾ, ਸੂਤਕ-ਪਾਤਕ, ਸਤਿ ਪ੍ਰਥਾ ਨੂੰ ਖਤਮ ਕੀਤਾ ! ਗੁਰੂ ਸਾਹਿਬ ਜੀ ਨੇ ਇਸਤਰੀ ਦੇ
ਮਾਨ-ਸਤਿਕਾਰ ਅਤੇ ਵਡਿਆਈ ਦੇ ਹਕ਼ ਵਿੱਚ ਆਪਣੀ ਆਵਾਜ਼ ਪੂਰ-ਜੋਰ ਬੁਲੰਦ ਕੀਤੀ ਅਤੇ ਗੁਰਬਾਣੀ ਵਿੱਚ
ਫੁਰਮਾਨ ਦਿੱਤਾ :
“ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ
ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ ॥ ” (ਅੰਗ-੪੭੩)
ਗੁਰੂ ਸਾਹਿਬ ਨੇ ਜਿਥੇ
ਇਸਤਰੀ ਦੇ ਨਾਮ ਮਰਿਆਦਾ ਲਈ ਅਨੇਕਾ ਯਤਨ ਕੀਤੇ, ਓਥੇ ਹੀ ਆਪ ਜੀ ਨੇ ਊਚ-ਨੀਚ, ਜਾਤ-ਪਾਤ ਦੇ
ਵੰਡ-ਵਿਤਕਰੇ ਦੀ ਵੀ ਨਿਖੇਦੀ ਕੀਤੀ ! ਆਪ ਜੀ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਇਸ ਕਥਨ ਉੱਤੇ
ਅਮਲ ਕਰਦੀਆਂ ਪਹਿਰਾ ਵੀ ਦਿੱਤਾ ! ਆਪ ਜੀ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ :
“ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ
ਸਾਥਿ ਵਡਿਆ ਸਿਉ ਕਿਆ ਰੀਸ ॥
” (ਅੰਗ-੧੫)
ਗੁਰੂ ਸਾਹਿਬ ਜੀ ਨੇ
ਵਹਿਮਾਂ-ਭਰਮਾਂ ਦਾ ਖੰਡਨ ਕੀਤਾ ! ਲੋਕਾਈ ਨੂੰ ਮੂਲ-ਮੰਤਰ ਬਖਸ਼ਦੇ ਹੋਏ ਪਰਮਾਤਮਾ ਦੇ ਸੱਚੇ ਸਰੂਪ
ਦੀ ਵਿਆਖਿਆ ਕੀਤੀ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਵੀ ਦਸਿਆ !
ਗੁਰੂ ਜੀ ਨੇ ਕਿਹਾ ਕਿ
ਨਾਮ ਸਿਮਰਨ ਦੁਆਰਾ ਹਿਰਦਾ ਵਿਕਾਰਾਂ ਰਹਿਤ ਹੋ ਜਾਂਦਾ ਹੈ ਅਤੇ ਮਨ ਸਦਾ ਜਾਗ੍ਰਿਤ ਰਹਿੰਦਾ ਹੈ !
ਜਿਹੜਾ ਮਨੁੱਖ ਉਸ ਅਕਾਲ-ਪੁਰਖ ਵਿੱਚ ਆਪਣਾ ਚਿੱਤ ਟਿਕੀ ਰਖਦੇ ਹਨ, ਉਹ ਸਦਾ ਉਸ ਪਰਮਾਤਮਾ ਵਿੱਚ
ਅਭੇਦ ਰਹਿੰਦੇ ਹਨ ਅਤੇ ਸਚਚ ਦੇ ਮਾਰਗ ਤੇ ਚਲਦੇ ਹੋਏ ਸਰਬਤ ਦੇ ਭਲੇ ਲਈ ਜੀਵਨ ਬਤੀਤ ਕਰਦੇ ਹਨ !
“ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ
ਕੇਤੀ ਛੁਟੀ ਨਾਲਿ ॥੧॥
” (ਅੰਗ-੮)
ਧੰਨ ਗੁਰੂ ਨਾਨਕ ਸਾਹਿਬ
ਜੀ ਨੇ ਦਸਾਂ ਨਹੁੰਆਂ ਦੀ ਕੀਰਤ-ਕਮਾਈ ਕਰਨ ਅਤੇ ਵੰਡ ਕੇ ਛਕਣ ਲਈ ਲੋਕਾਂ ਨੂ ਸੇਧ ਬਖਸ਼ੀ ! ਉਸ
ਸਮੇਂ ਊਚ-ਨੀਚ ਦੇ ਭੇਦ-ਭਾਵ ਹੇਠ ਲੋਕਾਂ ਨੂੰ ਲਤਾੜਦੇ ਹੋਏ ਉਹਨਾਂ ਦੀ ਕਮਾਈ ਉੱਤੇ ਐਸ਼, ਧਰਮ-ਕਰਮ ਕੀਤਾ
ਜਾਂਦਾ ਸੀ, ਦਾਨ ਪੁੰਨ ਦੇ ਨਾਮ ਤੇ ਧੰਨ, ਰਿਜਕ, ਆਦਿ ਜ਼ਬਰਦਸਤੀ ਲਿਆ ਜਾਂਦਾ ਸੀ !
ਗੁਰੂ ਸਾਹਿਬ ਨੇ ਇਹਨਾਂ
ਸਭ ਨੂੰ ਰੋਕਦੇ ਹੋਏ ਸੱਚੀ-ਸੁੱਚੀ ਕਿਰਤ ਕਰਨ ਤੇ ਜੋਰ ਦਿੱਤਾ ! ਨਾਲ ਹੀ ਆਪ ਜੀ ਨੇ ਇਸ ਨੇਕ
ਕਿਰਤ-ਕਮਾਈ ਵਿਚੋਂ ਵੰਡ ਕੇ ਛਕਣ ਲਈ ਵੀ ਕਿਹਾ !
“ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ ” (ਅੰਗ-੧੨੪੫)
ਗੁਰੂ ਸਾਹਿਬ ਦੇ ਇਸ ਕਥਨ
ਅਨੁਸਾਰ ਕਿਸੇ ਵੀ ਲਾਲਚ ਅਧੀਨ ਨਾ ਰਹਿ ਕੇ ਵੰਡ ਕੇ ਛਕਣਾ ਹੀ ਅਸਲ ਸੇਵਾ ਹੈ ! ਅਤੇ ਵੰਡ ਕੇ ਛਕਣ
ਲਈ ਹਾਥੀ ਕਿਰਤ ਕਰਨ ਨੂੰ ਗੁਰੂ ਸਾਹਿਬ ਜੀ ਨੇ ਲਾਜ਼ਮੀ ਕੀਤਾ ਹੈ !
ਘਾਲਿ ਖਾਇ : ਹਾਥੀ
ਮਹਿਨਤ ਕਰਕੇ
ਕਿਛੁ ਹਥਹੁ ਦੇਇ :
ਕਿਸੇ ਵਿਅਕਤੀਗਤ ਲਾਭ ਯਾ ਨਿਜੀ-ਹਿੱਤ ਲਈ ਨਹੀਂ ਸਗੋਂ ਸਰਬਤ ਦੇ ਭਲੇ ਲਈ ਵੰਡ ਕੇ ਛਕਣਾ ਹੈ
ਇਸ ਪ੍ਰਕਾਰ ਗੁਰੂ ਸਾਹਿਬ
ਨੇ ਪੂਰੇ ਜਗਤ ਨੂੰ ਇਹਨਾਂ ਅਨੇਕਾਂ ਵਹਿਮਾਂ-ਭਰਮਾਂ ਦੇ ਬੁਲੇਖੇ ਚੋਂ ਕਢਦੇ ਹੋਏ ਉਦਾਸੀਆਂ ਕੀਤੀਆਂ
ਅਤੇ ਹਰ ਉਪਦੇਸ਼ ਉੱਤੇ ਪਹਿਰਾ ਦਿੰਦੇ ਹੋਏ ਆਪ ਵੀ ਅਮਲ ਕੀਤਾ !
ਆਓ ਅਸੀਂ ਸਭ ਵੀ ਗੁਰੂ
ਸਾਹਿਬ ਦੀ ਕੀਤੀ ਇਸ ਘੋਲ-ਕਮਾਈ ਉੱਤੇ ਤੁਰਨ ਦਾ ਉਪਰਾਲਾ ਕਰਦੇ ਹੋਏ ਗੁਰੂ ਦੇ ਸੱਚੇ ਕਿਰਤੀ ਸਿੱਖ
ਅਖਵਾਈਏ !!