Saturday, October 27, 2012

SAKA PANJA SAHIB

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ







20ਵੀਂ ਸਦੀ ਦੇ ਆਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿਚ ਜਿਹੜੀ ਜਾਗ੍ਰਿਤੀ ਪੈਦਾ ਕੀਤੀ, ਉਸ ਦੀ ਗਵਾਹੀ ਸਿੱਖ ਇਤਿਹਾਸ ਦੇ ਪੰਨੇ ਬਾਖੂਬੀ ਬਿਆਨ ਕਰਦੇ ਹਨ।   ਇਸ ਲਹਿਰ ਦੇ ਦੌਰਾਨ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਵਾਪਰਿਆ ਸ਼ਹੀਦੀ ਸਾਕਾ ਲੂੰਅ ਕੰਡੇ ਖੜ੍ਹੇ ਕਰਨ ਵਾਲੀ ਅਹਿਮ ਘਟਨਾ ਹੈ।   ਗੁਰਦੁਆਰਾ ਸੁਧਾਰ ਲਹਿਰ ਦੀ ਇਕ ਹੋਰ ਅਹਿਮ ਘਟਨਾ 'ਗੁਰੂ ਕੇ ਬਾਗ ਦਾ ਮੋਰਚਾ' ਹੈ।   ਇਹ ਮੋਰਚਾ 8 ਅਗਸਤ, 1922 ਈ: ਨੂੰ ਆਰੰਭ ਹੋਇਆ।   ਇਸ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ ਮਰਜੀਵੜਿਆਂ ਦੇ ਜਥੇ ਸਮੁੱਚੇ ਪੰਜਾਬ ਵਿਚੋਂ ਵਹੀਰਾ ਘੱਤ ਕੇ ਆਉਂਦੇ ਸਨ। ਆਪਣੇ ਜਾਨ ਤੋਂ ਪਿਆਰੇ ਗੁਰਧਾਮਾਂ ਲਈ ਆਪਾ ਵਾਰਨ ਲਈ ਪਰਿਵਾਰਾਂ ਤੋਂ ਵਿਛੜਨ ਸਮੇਂ ਅਰਦਾਸ ਕਰਕੇ ਤੁਰਦੇ ਸਨ। ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਅੰਮ੍ਰਿਤਸਰ ਦੇ ਕਿਲ੍ਹੇ ਗੋਬਿੰਦਗੜ੍ਹ ਵਿਚ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ। ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਿੱਛੋਂ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ।   29 ਅਕਤੂਬਰ, 1922 ਈ: ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਕਿਲ੍ਹੇ ਵੱਲ ਭੇਜੀ ਗਈ। ਗੁਰਦੁਆਰਾ ਪੰਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਨੇ ਅੰਮ੍ਰਿਤਸਰ ਤੋਂ ਅਟਕ ਜਾ ਰਹੀ ਰੇਲ ਗੱਡੀ ਵਿਚ ਸਵਾਰ ਕੈਦੀ ਸਿੰਘਾਂ ਨੂੰ ਨੇੜਲੇ ਸਟੇਸ਼ਨ 'ਹਸਨ ਅਬਦਾਲ' (ਪੱਛਮੀ ਪੰਜਾਬ) ਵਿਚ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਦਾ ਫ਼ੈਸਲਾ ਕੀਤਾ। ਇਸ ਰੇਲ ਗੱਡੀ ਨੇ ਇਸ ਸਟੇਸ਼ਨ 'ਤੇ ਬਿਨਾਂ ਰੁਕਣ ਤੋਂ ਹੀ ਅੱਗੇ ਨਿਕਲ ਜਾਣਾ ਸੀ। ਇਹ ਸਮਾਂ ਸਵੇਰੇ 10 ਵਜੇ ਦਾ ਸੀ। ਸਟੇਸ਼ਨ ਮਾਸਟਰ ਨੇ ਸੰਗਤ ਨੂੰ ਸੂਚਿਤ ਕਰ ਦਿੱਤਾ ਕਿ ਕੈਦੀ ਸਿੰਘਾਂ ਵਾਲੀ ਰੇਲ ਸਰਕਾਰ ਦੇ ਹੁਕਮ ਮੁਤਾਬਿਕ ਰੋਕੀ ਨਹੀਂ ਜਾ ਸਕਦੀ। ਲੰਗਰ ਛਕਾਉਣ ਲਈ ਉਤਾਵਲੀ ਹੋਈ ਸੰਗਤ ਰੇਲ ਪਟੜੀ ਉੱਪਰ ਬੈਠ ਗਈ। ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਨੂੰ ਪੂਰਾ ਕੀਤਾ।   ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਈ: ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸ: ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ। ਆਪਣੇ ਕਸਬੇ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿਚ ਅਧਿਆਪਕ ਨਿਯੁਕਤ ਹੋ ਗਏ। ਪਿੱਛੋਂ ਕਰਾਚੀ ਦੇ ਕਿਸੇ ਆੜਤੀਏ ਕੋਲ ਵੀ ਨੌਕਰੀ ਕੀਤੀ। 1918 ਵਿਚ ਇਨ੍ਹਾਂ ਦੀ ਸ਼ਾਦੀ ਬੀਬੀ ਹਰਨਾਮ ਕੌਰ ਨਾਲ ਹੋਈ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ। ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ।   ਹੁਣ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਜਾਨਚੀ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਈ: ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਛਕਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸ: ਸੰਤ ਸਿੰਘ ਸੀ। ਪਰ ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿਚ ਨਾਮਵਰ ਕੀਰਤਨੀਏ ਬਣ ਗਏ। 1922 ਈ: ਵਿਚ ਆਪਣੀ ਪਤਨੀ ਸਮੇਤ ਗੁ: ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ, ਇਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ ਗਿਆ। ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ।   ਗੱਡੀ ਵਿਸਲਾਂ ਮਾਰਦੀ ਆ ਰਹੀ ਸੀ, ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜਕੇ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਸਨ, ਪਰ ਸੁਆਸ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁ: ਪੰਜਾ ਸਾਹਿਬ ਦੇ ਗੁਰਧਾਮ ਵਿਚ ਇਲਾਜ ਲਈ ਪਹੁੰਚਾਇਆ ਗਿਆ। ਲੰਗਰ ਲੈ ਕੇ ਪੁੱਜੀ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੀ ਗੁਰੂ ਕੇ ਲੰਗਰ ਨਾਲ ਭਰਪੂਰ ਸੇਵਾ ਕੀਤੀ। ਇਸ ਘਟਨਾ ਦੀ ਖ਼ਬਰ ਪੂਰੀ ਦੁਨੀਆ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।   ਇਹ ਸਾਕਾ 29 ਅਕਤੂਬਰ, 1922 ਨੂੰ ਵਾਪਰਿਆ। ਸਮੁੱਚੇ ਸੰਸਾਰ ਦੀਆਂ ਦੂਸਰੀਆਂ ਕੌਮਾਂ ਵਿਚ ਸਿੱਖ ਕੌਮ ਦੀ ਆਪਾ ਵਾਰ ਕੇ ਭੁੱਖੇ ਸਾਥੀ ਕੈਦੀਆਂ ਨੂੰ ਲੰਗਰ ਛਕਾਉਣ ਦੀ ਚਰਚਾ ਤਾਂ ਹੋਣੀ ਹੀ ਸੀ, ਉਥੇ ਅੰਗਰੇਜ਼ ਸਰਕਾਰ ਨੂੰ ਲਾਹਨਤ ਦਾ ਟਿੱਕਾ ਵੀ ਪੱਕੇ ਤੌਰ 'ਤੇ ਮੱਥੇ ਦਾ ਕਲੰਕ ਬਣ ਗਿਆ।   ਗੰਭੀਰ ਰੂਪ ਵਿਚ ਦੋਵੇਂ ਜ਼ਖਮੀ ਸਾਥੀ ਭਾਈ ਧਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਪਹਿਲੀ ਨਵੰਬਰ ਨੂੰ ਦੋਵਾਂ ਸ਼ਹੀਦਾਂ ਦਾ ਸੰਸਾਕਰ ਰਾਵਲਪਿੰਡੀ ਵਿਖੇ 'ਲਈ' ਨਦੀ ਦੇ ਕਿਨਾਰੇ ਕੀਤਾ ਗਿਆ।   1947 ਦੀ ਦੇਸ਼ ਦੀ ਵੰਡ ਤੋਂ ਪਹਿਲਾਂ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਪੰਜਾ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਅਕਤੂਬਰ ਦੇ ਅੰਤ ਵਿਚ ਲਗਦਾ ਸੀ।   ਪਰ ਹੁਣ ਕੇਵਲ ਇਨ੍ਹਾਂ ਸ਼ਹੀਦਾਂ ਦੀ ਅਮਰ ਯਾਦ ਹੀ ਬਾਕੀ ਹੈ।   ਧਰਮ ਲਈ ਆਪਾ ਕੁਰਬਾਨ ਕਰਨ ਅਤੇ ਗੁਰਧਾਮਾਂ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਇਸ ਅਮਰ ਸਾਕੇ ਦੇ ਸ਼ਹੀਦਾਂ ਨੂੰ ਸਾਡਾ ਪ੍ਰਣਾਮ।

Tuesday, October 23, 2012

"ਸਿਖ ਧਰਮ ਪ੍ਰਸ਼ਨੋਤਰੀ"



ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਤੇ ਜੋਤੀ-ਜੋਤਿ ਸਮਾਉਣ ਦਾ ਸਮਾਂ(ਸਾਲ) ਦੱਸੋ ਜੀ ?
ਉੱਤਰ : 1469-1539

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚਪੰਜਾਬ ਤੋ ਬਾਹਰ ਕੁਲ ੪ ਉਦਾਸੀਆਂ ਕੀਤੀਆਂ, ਇਹਨਾ ੪ ਉਦਾਸੀਆਂ ਵਿੱਚ ਗੁਰੂ ਸਾਹਿਬ ਨੂੰ ਕਿਤਨਾ ਸਮਾਂ (ਸਾਲ) ਲੱਗਾ ?
ਉੱਤਰ : ੨੪-੨੬ ਸਾਲ

ਪ੍ਰਸ਼ਨ : ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਜੀ ਕਿਸ ਨੂੰ ਮਿਲੇ ?
ਉੱਤਰ : ਵੈਸ਼ਨੋ ਸਾਧ ਨੂੰ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਕਿੱਥੇ ਮਿਲੇ ਸੀ ?
 ਉੱਤਰ : ਕਾਥੁਨੰਗਲ ਵਿਖੇ ਮਿਲੇ ਸਨ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਬਾਰਹ-ਮਾਹਾ ਦੀ ਬਾਣੀ ਕਿੱਥੇ ਉਚਾਰੀ ?
ਉੱਤਰ : ਗੁਰੂ ਸਾਹਿਬ ਜੀ ਨੇ ਬਾਰਹ-ਮਾਹਾਦੀ ਬਾਣੀ ਕਰਤਾਰਪੁਰ ਵਿਖੇ ਉਚਾਰੀ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਪੀਰ ਹਮਜ਼ਾ ਗੌਜ਼ ਨੂੰ ਕਿੱਥੇ ਮਿਲੇ ਸਨ ?
ਉੱਤਰ : ਸਿਆਲਕੋਟ (ਪਾਕਿਸਤਾਨ) ਵਿਖੇ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਦੇ ਪੁੱਛਣ ‘ਤੇ ਭਾਈ ਮਰਦਾਨੇ ਨੂੰ ਮਰਨਾ ਸਚ ਜਿਉਣਾ ਝੂਠ ਇਹ ਕਿਸ ਨੇ ਲਿਖ ਕੇ ਦਿੱਤਾ ਸੀ ?
ਉੱਤਰ : ਭਾਈ ਮੁੱਲਾ ਖਤਰੀ ਜੀ ਨੇ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਵਲੀ ਕੰਧਾਰੀ ਨੂੰ ਗਿਆਨ ਦਾ ਉਪਦੇਸ਼ ਕਿਸ ਜਗਾ ਤੇ ਜਾ ਕੇ ਦਿੱਤਾ ਸੀ ?
ਉੱਤਰ : ਹਸਨ ਅਬਦਲ (ਪਾਕਿਸਤਾਨ)
ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਸਿਧ-ਗੋਸ਼ਟ ਦੀ ਬਾਣੀ ਕਿੱਥੋਂ ਦੇ ਯੋਗੀਆਂ ਨੂੰ ਗਈਆਂ ਦਾ ਉਪਦੇਸ਼ ਦੇਣ ਲਈ ਉਚਾਰੀ ਸੀ ?
ਉੱਤਰ : ਅਚਲ ਅਤੇ ਸਮੇਰ ਪਰਬਤ ਦੇ ਯੋਗੀਆਂ ਨੂੰ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਫ਼ਰੀਦ ਜੀ ਦੀ ਬਾਣੀ ਕਿਸ ਕੋਲੋਂ ਅਤੇ ਕਿਸ ਅਸਥਾਨ ਤੇ ਪ੍ਰਾਪਤ ਕੀਤੀ ?
ਉੱਤਰ : ਸ਼ੇਖ ਬ੍ਰਹਮ ਜੀ, ਪਾਕ ਪਟਨ ਤੋਂ

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਦੇ ਕਿਸ ਪੰਡਿਤ ਨੂੰ ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ !!, ਇਹ ਤੁੱਕ ਸੁਣਾ ਕੇ ਗਈਆਂ ਦਿੱਤਾ ਸੀ ?
ਉੱਤਰ : ਪੰਡਿਤ ਚਤੁਰ ਦਾਸ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦਾ ਜਨਮ ਕਦੋਂ ਤੇ ਕਿਸ ਅਸਥਾਨ ਤੇ ਹੋਇਆ ?
ਉੱਤਰ : ੩੧ ਮਾਰਚ, ੧੫੦੪, ਮਤੇ ਦੀ ਸਰਾਂ ਵਿਖੇ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਮਾਤਾ-ਪਿਤਾ ਦਾ ਨਾਮ ਦੱਸੋ ਜੀ ?
ਉੱਤਰ : ਪਿਤਾ – ਫੇਰੂ ਮਾਲ ਜੀ , ਮਾਤਾ – ਦਇਆ ਕੌਰ ਜੀ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਕਿਸ ਭਾਸ਼ਾ ਦੇ ਵਿਦਵਾਨ ਸਨ ?
ਉੱਤਰ : ਫਾਰਸੀ ਭਾਸ਼ਾ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਕਿਸ ਕਲਾ ਵਿੱਚ ਨਿਪੁੰਨ ਸਨ ?
ਉੱਤਰ : ਬਹੀ-ਖਾਤੇ ਦੇ ਕੰਮ ਵਿਚ

ਪ੍ਰਸ਼ਨ : ਭਾਈ ਲਹਿਣਾ ਜੀ ਨੇ ਕਿਸ ਕੋਲੋਂ ਗੁਰਬਾਣੀ ਦਾ ਕਿਹੜਾ ਸ਼ਬਦ ਸਰਵਣ ਕਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣੇ ਅਤੇ ਇਹ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਕਿਸ ਅੰਗ ਉੱਤੇ ਅੰਕਿਤ ਹੈ ?
ਉੱਤਰ : ਭਾਈ ਜੋਧ ਜੀ ਤੋਂ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥  ਸ਼ਬਦ ਸਰਵਣ ਕੀਤਾ ਜੋ ਕਿ ਅੰਗ ੪੭੪ ਉੱਤੇ ਅੰਕਿਤ ਹੈ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਮੁੰਹ ਬੋਲੀ ਭੂਆ ਬੀਬੀ ਵਿਰਾਈ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਉੱਤਰ : ਚੌਧਰੀ ਤਖਤ ਮਲ

ਪ੍ਰਸ਼ਨ :  ਗੁਰੂ ਅੰਗਦ ਸਾਹਿਬ ਜੀ ਦੇ ਕੁੱਲ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਅਤੇ ਇਹ ਬਾਣੀ ਕਿੰਨੀਆਂ ਵਾਰਾਂ ਵਿੱਚ ਹੈ ?
ਉੱਤਰ : ੬੩ ਸਲੋਕ, ੯ ਵਾਰਾਂ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਪਤਨੀ ਦਾ ਨਾਮ ਦੱਸੋ ?
ਉੱਤਰ : ਮਾਤਾ ਖੀਵੀ ਜੀ

ਪ੍ਰਸ਼ਨ : ਕਿਹੜੇ ਗੁਰੂ ਕੇ ਮਹਿਲ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ?
ਉੱਤਰ : ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਪਤਨੀ (ਮਾਤਾ ਖੀਵੀ ਜੀ) ਦਾ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਕਿਸ ਅੰਗ ਤੇ ਅੰਕਿਤ ਹੈ, ਕਿਸ ਤੁੱਕ ਵਿੱਚ ਆਉਂਦਾ ਹੈ ਅਤੇ ਕਿਸ ਦੁਆਰਾ ਰਚਿਤ ਕੀਤਾ ਗਿਆ ਹੈ ?
ਉੱਤਰ : ਮਾਤਾ ਖੀਵੀ ਜੀ ਦਾ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੯੬੭ ਅੰਗ ਉੱਤੇ  ਭਾਈ ਸੱਤੇ ਅਤੇ ਭਾਈ ਬਲਵੰਡੇ ਦੀ ਵਾਰ (ਰਾਮਕਲੀ ਦੀ ਵਾਰ) ਵਿੱਚ ਅੰਕਿਤ ਹੈ !
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥

ਪ੍ਰਸ਼ਨ : ਭਾਈ ਲਹਿਣਾ ਜੀ, ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਿੱਥੇ ਮਿਲੇ ਸਨ (ਜਦੋਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣ ਵੀ ਨਾ ਸਕੇ )?
ਉੱਤਰ : ਕਰਤਾਰਪੁਰ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਸੰਤਾਂਨ ਦੇ ਨਾਮ ਦੱਸੋ ਜੀ ?
ਉੱਤਰ : ਗੁਰੂ ਸਾਹਿਬ ਦੇ ੨ ਪੁੱਤਰ ( ਦਾਤੂ ਜੀ ਅਤੇ ਦਾਸੁ ਜੀ) ਅਤੇ ੨ ਪੁੱਤਰੀਆਂ (ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ) ਸਨ !

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੀ ਗੁਰਤਾਗੱਦੀ ਸਮੇਂ ਉਮਰ ਕਿੰਨੀ ਸੀ ?
ਉੱਤਰ : ਗੁਰੂ ਸਾਹਿਬ ਜੀ ੩੫ ਸਾਲ ਦੀ ਉਮਰ ਵਿੱਚ ਗੁਰਤਾ-ਗੱਦੀ ਤੇ ਵਿਰਾਜਮਾਨ ਹੋਏ ਸਨ !

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਨੇ ਕਿੰਨੇ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ?
ਉੱਤਰ : ੭ ਸਾਲ

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਦੇ ਕਿਸ ਗੁਣ ਕਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਵਿੱਚ ਗੁਰੂ ਜੋਤ ਪ੍ਰਗਟਾਈ ?
ਉੱਤਰ : ਹੁਕਮ ਮੰਨਣ ਦੇ ਸਿਧਾਂਤ ਅਤੇ ਨਿਮਰਤਾ ਦੇ ਗੁਣ ਕਰ ਕੇ ਗੁਰਿਆਈ ਮਿਲੀ !

ਪ੍ਰਸ਼ਨ : ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਯੋਗ ਗੱਦੀ ਨਸੀਨ ਚੁਣਨ ਲਈ ਕਿਹੜੀ ਅਖੀਰੀ ਅਤੇ ਸਭ ਤੋਂ ਮੁਸ਼ਕਿਲ ਪ੍ਰੀਖਿਆ ਲਈ ਸੀ ?
ਉੱਤਰ : ਮੁਰਦਾ ਚੁੱਕਣ ਦੀ ਜਿਸ ਵਿੱਚ ਭਾਈ ਲਹਿਣਾ ਜੀ ਸਫਲ ਹੋਏ ਸਨ !

ਪ੍ਰਸ਼ਨ : ਗੁਰੂ ਅੰਗਦ ਸਾਹਿਬ ਜੀ ਜੋਤੀ-ਜੋਤਿ ਕਦੋਂ ਅਤੇ ਕਿਥੇ ਸਮਾਏ ਸਨ ?
ਉੱਤਰ : ਖਡੂਰ ਸਾਹਿਬ, ੧੫੫੨ ਵਿੱਚ



ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਕਿਸ ਦੇ ਮੂੰਹ ਤੋਂ ਗੁਰਬਾਣੀ ਦੀ ਕਿਹੜ੍ਹੀ ਤੁੱਕ ਸੁਣੀ ਅਤੇ ਇਹ ਤੁੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਉੱਤੇ ਦਰਜ ਹੈ ?
ਉੱਤਰ : ਬੀਬੀ ਅਮਰੋ ਜੀ ਪਾਸੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਵਿਚ ਉਚਾਰੀ ਬਾਣੀ ਦੀ ਤੁੱਕ ਸੁਣੀ !
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ (ਅੰਗ-੯੯੦)
Actions are the paper, and the mind is the ink; good and bad are both recorded upon it.

ਪ੍ਰਸ਼ਨ : ਜਦੋਂ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਦੀ ਉਮਰ ਕੀ ਸੀ ?
ਉੱਤਰ : ੨ ਸਾਲ

ਪ੍ਰਸ਼ਨ : ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿੰਨੇ ਸਾਲ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਲਈ ਕਿਸ ਨਦੀ ਤੋਂ ਜਲ ਲਿਆਉਣ ਦੀ ਸੇਵਾ ਕਰਦੇ ਰਹੇ ?
ਉੱਤਰ : ੧੧-੧੨ ਸਾਲ, ਬਿਆਸ ਨਦੀ ਤੋਂ..

ਪ੍ਰਸ਼ਨ : ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਧਰਮ ਪ੍ਰਚਾਰ ਲਈ ਕੁੱਲ ਕਿਨੇ ਕੇਂਦਰ ਬਣਾਏ ? ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ : ਗੁਰੂ ਸਾਹਿਬ ਜੀ ਨੇ ੨੨ ਕੇਂਦਰ, ੨੨ ਮੰਜਿਆ ਸਥਾਪਿਤ ਕੀਤੀਆਂ ਜਿਨ੍ਹਾਂ ਦੇ ੫੨ ਉੱਪ-ਕੇਂਦਰ ਸਨ ਅਤੇ ੫੨ ਪੀੜ੍ਹੇ ਲਾਏ ਸਨ !

ਪ੍ਰਸ਼ਨ : ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ-ਗੱਦੀ ਪ੍ਰਾਪਤ ਹੋਣ ਤੇ ਕੌਣ ਕੌਣ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲਾਗ ਪਿਆ ਸੀ ?
ਉੱਤਰ : ਭਾਈ ਦਾਤੂ ਜੀ, ਭਾਈ ਦਾਸੁ ਜੀ, ਕੁਝ ਬ੍ਰਾਹਮਣ, ਖਤ੍ਰੀ ਅਤੇ ਚੌਧਰੀ ਮਰਵਾਹ

ਪ੍ਰਸ਼ਨ : ਕਿਹੜੇ-ਕਿਹੜੇ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤ ਕੀਤੀ ਹੈ ?
ਉੱਤਰ :  ਭੱਟ ਕਲਸਹਾਰ ਜੀ, ਭੱਟ ਜਾਲਾਪ ਜੀ, ਭੱਟ ਕੀਰਤ ਜੀ, ਭੱਟ ਭੀਖਾ ਜੀ, ਭੱਟ ਸਲ ਜੀ, ਭੱਟ ਬਲ ਜੀ..

ਪ੍ਰਸ਼ਨ : ਸ੍ਰੀ ਗੁਰੂ ਅਮਰਦਾਸ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਜੋ ਉਪਦੇਸ਼ ਦਿੱਤਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਅੰਗ ਤੇ ਦਰਜ ਹੈ  ਅਤੇ ਇਹ ਬਾਣੀ ਕਿਸ ਦੀ ਹੈ ?
ਉੱਤਰ : ਬਾਣੀ ਰਾਮਕਲੀ ਸਦੁ, ਬਾਬਾ ਸੁੰਦਰ ਜੀ ਦੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ-੯੨੩ ਉੱਤੇ ਦਰਜ ਹੈ !
ਰਾਮਕਲ਼ੀ, ਰਾਗ ਦਾ ਨਾਮ ਹੈ ਤੇ 'ਸਦੁ' ਤੋਂ ਭਾਵ ਗੁਰੂ ਅਮਰਦਾਸ ਜੀ ਨੂੰ ਅਕਾਲਪੁਰਖ ਵਲੋਂ ਸੱਦਾ ।
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥


ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਨੇ ਅਲਾਹਣੀਆ ਤੇ ਸੋਲਹੇ ਬਾਣੀ ਕਿਸ ਰਾਗ ਵਿੱਚ ਕਿੰਨੇ-ਕਿੰਨੇ ਸ਼ਬਦ ਵਿੱਚ ਉਚਾਰਨ ਕੀਤੀ ਹੈ ?
ਉੱਤਰ : ਅਲਾਹਣੀਆ – ਵਡਹੰਸ ਰਾਗ, ੪ ਸ਼ਬਦ
          ਸੋਲਹੇ – ਮਾਰੂ ਰਾਗ, ੨੪ ਸ਼ਬਦ

ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਬਣਨ ਤੋਂ ਪਹਿਲਾ ਨਾਮ ਦੱਸੋ ਜੀ ?
ਉੱਤਰ : ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਬਣਨ ਤੋਂ ਪਹਿਲਾ ਨਾਮ ਭਾਈ ਜੇਠਾ ਜੀ ਸੀ !


ਪ੍ਰਸ਼ਨ :  ਗੁਰੂ ਅਮਰਦਾਸ ਸਾਹਿਬ ਜੀ ਦੇ ਮਾਤਾ-ਪਿਤਾ ਦਾ ਨਾਮ, ਜਨਮ-ਤਰੀਕ, ਜਨਮ ਅਸਥਾਨ ਦੱਸੋ ਜੀ ?
ਉੱਤਰ : ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ੨੪ ਸਤੰਬਰ ੧੫੩੪ ਵਿੱਚ ਲਾਹੌਰ ਵਿਖੇ ਮਾਤਾ ਦਇਆ ਕੌਰ ਜੀ ਅਤੇ ਪਿਤਾ ਹਰੀ ਦਾਸ ਜੀ ਦੇ ਘਰ ਹੋਇਆ !

ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਬਚਪਨ ਵਿੱਚ ਆਪਣੀ ਨਾਨੀ ਕੋਲ ਕਿੱਥੇ ਰਹਿੰਦੇ ਸੀ ਅਤੇ ਕੀ ਵੇਚਦੇ ਸੀ ?
ਉੱਤਰ : ਗੁਰੂ ਅਮਰਦਾਸ ਸਾਹਿਬ ਜੀ ਬਾਸਰਕੇ ਵਿਖੇ ਘੁੰਗਣੀਆਂ ਵੇਚਦੇ ਸਨ

ਪ੍ਰਸ਼ਨ : ਗੁਰੂ ਅਮਰਦਾਸ ਸਾਹਿਬ ਜੀ ਦੇ ਪਤਨੀ (ਗੁਰੂ ਕੇ ਮਹਿਲ) ਅਤੇ ਸੰਤਾਨ ਦਾ ਨਾਮ ਦੱਸੋ ਜੀ ?
ਉੱਤਰ : ਪ੍ਰਿਥੀ ਚੰਦ, ਮਹਾਦੇਵ ਅਤੇ (ਗੁਰੂ) ਅਰਜਨ

ਪ੍ਰਸ਼ਨ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਹਨ ?
ਉੱਤਰ : ਅਠ (੮) ਵਾਰਾਂ

ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਦੇ ਕਿਸ ਸ਼ਬਦ ਵਿੱਚ ਰਹਾਓ ਦੀ ਵਰਤੋ ਸਭ ਤੋਂ ਵੱਧ ਹੋਈ ਹੈ ?
ਉੱਤਰ : ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ 
                                                                 (ਸਿਰੀਰਾਗੁ ਮਹਲਾ ੪ ਵਣਜਾਰਾ, ਅੰਗ- ੮੧,੮੨)

ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਨੇ ਕਿਸ ਗੁਰਸਿੱਖ ਨੂ ਗੁਰੂ ਕਾ ਸ਼ਾਹ ਕਹਿ ਕੇ ਨਿਵਾਜਿਆ ਸੀ ?
ਉੱਤਰ : ਭਾਈ ਸੋਮਾ ਜੀ

ਪ੍ਰਸ਼ਨ : ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹੜਾ ਨਗਰ ਵਸਾਇਆ ?
ਉੱਤਰ : ਗੁਰੂ ਕਾ ਚੱਕ ਜੋ ਕਿ ਬਾਅਦ ਵਿੱਚ ਰਾਮਦਾਸਪੁਰ ਅਤੇ ਅਜੋਕੇ ਸਮੇਂ ਵਿੱਚ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ


ਪ੍ਰਸ਼ਨ :  ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਬਚਪਨ ਤੇ ਅਨਾਥ ਅਵਸਥਾ ਤੋਂ ਗੁਰੂ ਪਦਵੀ ਤੱਕ ਪਹੁੰਚਣ ਬਾਰੇ ਆਪਣੀ ਬਾਣੀ ਵਿੱਚ ਕਿਸ ਤਰ੍ਹਾਂ ਬਿਆਨ ਕੀਤਾ ਹੈ ? ਅੰਗ ਵੀ ਦੱਸੋ ?
ਉੱਤਰ : ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
         ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
                                                                 (ਗਉੜੀ ਬੈਰਾਗਣਿ ਮਹਲਾ ੪ ॥, ਅੰਗ-੧੬੭)

ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਬਣਨ ਦਾ ਜ਼ਿਕਰ ਕਿਸ ਬਾਣੀ ਵਿੱਚ ਕੀਤਾ ਹੈ ? ਬਾਣੀ ਦਾ ਨਾਮ, ਪੰਕਤੀ, ਅੰਗ ਅਤੇ ਲਿਖਤਕਾਰ ਦਾ ਨਾਮ ਵੀ ਦੱਸੋ ?
ਉੱਤਰ : ਰਾਮਕਲੀ ਸਦੁ  - ਭਗਤ ਸੁੰਦਰ ਜੀ
          ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
                          ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥ ” ( ਅੰਗ-੯੨੩)

ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਦੀਆਂ ਕੋਈ ੫ ਬਾਣੀਆਂ ਦੇ ਨਾਮ ਦੱਸੋ ਜੀ ?
ਉੱਤਰ : ਪਹਿਰੇ, ਵਣਜਾਰਾ, ਕਰ੍ਹਾਲੇ, ਘੋੜੀਆ, ਸੋਲਹੇ
            
ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਅਨੁਸਾਰ ਸਿੱਖ ਦੀ ਪਰਿਭਾਸ਼ਾ/ਜੀਵਨ-ਜਾਚ ਕੀ ਹੈ ? ਗੁਰਬਾਣੀ ਦਾ ਪ੍ਰਮਾਣ ਦਿਓ ਜੀ ?
ਉੱਤਰ : ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ (ਅੰਗ-੩੦੫)

ਪ੍ਰਸ਼ਨ : ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਘਰ ਲਈ ਮਾਇਆ ਦੀ ਲੋੜ ਨੂੰ ਪੂਰਾ ਕਰਨ ਲਈ ਕਿਹੜੀ ਪ੍ਰਥਾ ਸ਼ੁਰੂ ਕੀਤੀ ? ਕਿਸ ਗੁਰੂ ਸਾਹਿਬਾਨ ਨੇ ਇਹ ਪ੍ਰਥਾ ਹਮੇਸ਼ਾ ਲਈ ਬੰਦ ਕੀਤੀ ਅਤੇ ਕਿਓਂ ?
ਉੱਤਰ : ਗੁਰੂ ਰਾਮਦਾਸ ਸਾਹਿਬ ਜੀ ਨੇ ਮਸੰਦ ਪ੍ਰਥਾ ਆਰੰਭ ਕੀਤੀ ਗਈ ! ਇਹ ਮਸੰਦ ਦੂਰ-ਦਰੇੜੇ ਰਹਿਣ ਵਾਲੇ ਸ਼ਰਧਾਵਾਨ-ਗੁਰਸਿਖਾਂ ਪਾਸੋ ਉਹਨਾਂ ਦੀ ਮਰਜੀ ਅਨੁਸਾਰ ਦਸਵੰਦ ਪ੍ਰਾਪਤ ਕਰ ਕੇ ਗੁਰੂ ਘਰ ਪਹੁੰਚਾਉਂਦੇ ਸਨ !
ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਸਦਾ ਲਈ ਬੰਦ ਕਰ ਦਿੱਤਾ ਤਾਂ ਜੋ ਲੋਕ ਉਹਨਾਂ ਲਾਲਚੀ ਬਣ ਚੁੱਕੇ ਮਸੰਦਾਂ ਦੇ ਚੰਗੁਲ ਵਿੱਚੋਂ ਨਿਕਲ ਸਕਣ ! ਇਹ ਮਸੰਦ ਸਮੇਂ ਦੇ ਬੀਤਦੇ ਬੇਥਾਹ ਲਾਲਚੀ ਬਣ ਚੁੱਕੇ ਸਨ ਜੋ ਕਿ ਗੁਰੂ ਘਰ ਦੇ ਨਾਮ ਤੇ ਸੰਗਤ ਤੋਂ ਮਾਇਆ ਇਕਠੀ ਕਰ ਕੇ ਦੁਰ-ਵਰਤੋਂ ਕਰਦੇ ਸਨ !

ਪ੍ਰਸ਼ਨ : ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ, ਪਤਨੀ (ਗੁਰੂ ਕੇ ਮਹਿਲ) ਅਤੇ ਸੰਤਾਨ ਦੇ ਨਾਮ, ਗੁਰਤਾ-ਗੱਦੀ ਅਸਥਾਨ ਅਤੇ ਜੋਤੀ-ਜੋਤਿ ਅਸਥਾਨ ਬਾਰੇ ਦੱਸੋ ?
ਉੱਤਰ :  ਪ੍ਰਕਾਸ਼ ਅਸਥਾਨ – ਗੋਇੰਦਵਾਲ ਸਹਿਬ
ਗੁਰਤਾ-ਗੱਦੀ ਅਸਥਾਨ – ਅੰਮ੍ਰਿਤਸਰ ਸਹਿਬ
ਜੋਤੀ-ਜੋਤਿ ਅਸਥਾਨ – ਲਾਹੋਰ
ਪਤਨੀ (ਗੁਰੂ ਕੇ ਮਹਿਲ) – ਮਾਤਾ ਗੰਗਾ ਜੀ 
ਸੰਤਾਨ – ਗੁਰੂ ਹਰਗੋਬਿੰਦ ਸਹਿਬ ਜੀ

ਪ੍ਰਸ਼ਨ : ਗੁਰੂ ਅਰਜਨ ਸਹਿਬ ਜੀ ਦੇ ਨਾਨਾ ਜੀ ਕੌਣ ਸਨ ? ਬਚਪਨ ਵਿੱਚ ਆਪ ਜੀ ਨੂੰ ਉਹਨਾਂ ਪਾਸੋ ਇੱਕ ਖਿਤਾਬ ਦਿੱਤਾ ਗਿਆ ਸੀ, ਉਸ ਬਾਰੇ ਦੱਸੋ ?
ਉੱਤਰ : ਤੀਜੀ ਪਾਤਸ਼ਾਹੀ  ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਿਬ ਜੀ (ਗੁਰ) ਅਰਜਨ ਸਹਿਬ ਜੀ ਦੇ ਨਾਨਾ ਜੀ ਸਨ !
ਗੁਰੂ ਅਰਮਦਾਸ ਸਹਿਬ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨਾ ਸਹਿਬ ਜੀ ਨੂੰ ਦੋਹੀਤਾ ਬਾਣੀ ਕਾ ਬੋਹੀਤਾ ਕਿਹ ਕੇ ਸੰਬੋਧਨ ਕੀਤਾ ਸੀ, ਜਿਸ ਦੇ ਅਰਥ ਹਨ ਗੁਰੂ ਸਹਿਬ ਜੀ ਦਾ ਦੋਹਤਾ (ਗੁਰੂ ਅਰਜਨ ਸਹਿਬ ਜੀ) ਬਾਣੀ ਦਾ ਬੋਹਿਥ (ਜਹਾਜ) ਹੋਵੇਗਾ !
ਗੁਰੂ ਅਰਜਨ ਸਹਿਬ ਪ੍ਰਤਖ ਰੂਪ ਵਿੱਚ ਬਾਣੀ ਦੇ ਬੋਹੀਤਾ ਹੋਏ ਹਨ ! ਆਪ ਜੀ ਨੇ ਸ੍ਰੀ ਆਦਿ ਗਰੰਥ ਸਹਿਬ ਜੀ ਦੀ ਸੰਪੂਰਨਤਾ ਕਰਵਾਈ ਅਤੇ ਆਪ ਜੀ ਨੇ ਸਭ ਤੋ ਵੱਧ ਬਾਣੀ ਵੀ ਉਚਾਰੀ !

ਪ੍ਰਸ਼ਨ : ਗੁਰੂ ਅਰਜਨ ਸਹਿਬ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚੋ-ਵਿੱਚ ਦਰਬਾਰ ਸਹਿਬ, ਸ੍ਰੀ ਹਰਮੰਦਿਰ ਸਹਿਬ ਦੀ ਨੀਂਹ ਕਿਸ ਕੋਲੋਂ ਅਤੇ ਕਦੋਂ ਰਖਵਾਈ ?
ਉੱਤਰ : ਸੰਨ ੧੫੮੮ ਈ: (ਸੰਮਤ ੧੬੪੫) ਵਿੱਚ ਸਾਈ ਮੀਆਂ ਮੀਰ ਜੀ ਪਾਸੋਂ ਰਖਵਾਈ ਜੋ ਕਿ ਇੱਕ ਮੁਸਲਿਮ ਪੀਰ ਸਨ ! ਆਪ ਜੀ ਦਾ ਪੂਰਾ ਨਾਮ ਸ਼ੇਖ ਮੁਹੰਮਦ ਮੀਰ ਸ਼ਾਹ ਸੀ !

ਪ੍ਰਸ਼ਨ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਗੁਰੂ ਅਰਜਨ ਸਹਿਬ ਜੀ ਦੇ ਕੁੱਲ ਕਿੰਨੇ ਸ਼ਬਦ ਅਤੇ ਕਿੰਨੀਆਂ ਵਾਰਾਂ ਦਰਜ ਹਨ ? ਇਹ ਵਾਰਾਂ ਕਿਹੜੇ-ਕਿਹੜੇ ਰਾਗ ਵਿੱਚ ਹਨ ?
ਉੱਤਰ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਗੁਰੂ ਅਰਜਨ ਸਹਿਬ ਜੀ ਦੁਆਰਾ ਉਚਾਰੀਆਂ
·         ਕੁੱਲ ੬ ਵਾਰਾਂ ਹਨ ! ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ ਅਤੇ ਰਾਗ ਬਸੰਤ ਵਿਚ ਉਛਾਰੀਆਂ ਗਈਆਂ ਹਨ !
·         ਕੁੱਲ ੨੩੧੨ ਸ਼ਬਦ ਹਨ (ਕਈ ਥਾਵਾਂ ਉੱਤੇ ੨੩੦੪, ੨੨੧੬, ੨੩੧੩, ੨੨੧੮ ਵੀ ਦੱਸੇ ਗਏ ਹਨ)

ਪ੍ਰਸ਼ਨ : ਕਿਰਤਾਂ ਕਰਨ ਸਮੇਂ ਗੁਰੂ ਅਰਜਨ ਸਹਿਬ ਜੀ ਕਿਸ ਸਾਜ ਦੀ ਵਰਤੋਂ ਕਰਦੇ ਸਨ ?
ਉੱਤਰ : ਸਾਰੰਦਾ

ਪ੍ਰਸ਼ਨ : ਗੁਰੂ ਅਰਜਨ ਸਹਿਬ ਜੀ ਦੇ ਦਰਬਾਰ ਵਿੱਚ ਕਿਰਤਾਂ ਕਰਨ ਵਾਲੇ ੨ ਭਰਾ ਕੌਣ ਸਨ ?
ਉੱਤਰ : ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ

Wednesday, October 17, 2012

PEER BUDHU SHAH

ਮਾਨਵੀ ਗੁਣਾਂ ਦਾ ਮੁਜੱਸਮਾ-ਦਸਮ ਪਿਤਾ ਦਾ ਲਾਡਲਾ ਪੀਰ ਬੁੱਧੂ ਸ਼ਾਹ

ਸਿੱਖ ਇਤਿਹਾਸ ਵਿਚ ਪੀਰ ਬੁੱਧੂ ਸ਼ਾਹ ਜੀ ਦਾ ਨਾਮ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਧਰਮ ਦੇ ਸਹੀ ਅਰਥਾਂ ਨੂੰ ਪਛਾਣਿਆ ਅਤੇ ਉਸੇ ਰਾਹ ਤੇ ਚੱਲੇ। ਭਾਵੇਂ ਕਿ ਉਨ੍ਹਾਂ ਨੂੰ ਇਸ ਕੰਮ ਵਿਚ ਆਪਣੇ ਹਮ-ਮਜ਼੍ਹਬੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਮਜ਼ਬੂਤ ਇਰਾਦੇ ਤੇ ਦ੍ਰਿੜ ਨਿਸ਼ਚੇ ਨਾਲ ਇਸ ਰਾਹ ਤੇ ਚੱਲਦੇ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਮਹਾਂਵਾਕ

"ਇਤੁ ਮਾਰਗਿ ਪੈਰੁ ਧਰੀਜੈ--
ਸਿਰੁ ਦੀਜੈ ਕਾਣਿ ਨ ਕੀਜੈ"

ਅਨੁਸਾਰ ਚੱਲਦੇ ਹੋਏ ਆਪ ਜੀ ਨੇ ਆਪਣਾ ਸਭ ਕੁਝ ਗੁਰੂ-ਚਰਨਾਂ ਵਿਚ ਅਰਪਣ ਕਰ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ।

ਜਨਮ

ਪੀਰ ਬੁੱਧੂ ਸ਼ਾਹ ਜੀ ਦਾ ਜਨਮ 1647 ਈ. ਨੂੰ ਸਢੌਰਾ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਸੱਯਦ ਸ਼ਾਹ ਬਦਰੁੱਦੀਨ ਸੀ, ਕਿਉਂਕਿ ਆਪ ਰੱਜੇ-ਪੁੱਜੇ ਸੱਯਦ ਖਾਨਦਾਨ ਵਿਚੋਂ ਸਨ। ਘਰ ਦੇ ਵਿਚ ਅਮੀਰੀ ਹੋਣ ਦੇ ਬਾਵਜੂਦ ਵੀ "ਬਦਰੁੱਦੀਨ ਦਾ ਝੁਕਾਉ ਵਧੇਰੇ ਕਰਕੇ ਰੁਹਾਨੀਅਤ ਵੱਲ ਸੀ। ਉਸ ਅੰਦਰ ਰੱਬ ਨੂੰ ਪੂਜਣ ਦੀ ਤੀਬਰ ਇੱਛਾ ਸੀ। ਉਹ ਬਹੁਤ ਘੱਟ ਬੋਲਦਾ ਸੀ ਅਤੇ ਘਰੇਲੂ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦਾ। ਇਸੇ ਕਰਕੇ ਸਢੌਰੇ ਦੇ ਵਸਨੀਕ ਬਦਰੁੱਦੀਨ ਨੂੰ ਬੁੱਧੂ ਕਹਿ ਕੇ ਬੁਲਾਉਣ ਲੱਗੇ।"1 ਵੱਡੇ ਹੋ ਕੇ ਆਪ ਪੀਰ ਬੁੱਧੂ ਸ਼ਾਹ ਜੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਆਪ ਜੀ ਦਾ ਵਿਆਹ ਸੱਯਦ ਖਾਂ ਦੀ ਭੈਣ ਨਸੀਰਾਂ ਨਾਲ ਹੋਇਆ, ਜਿਸ ਤੋਂ ਪਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ-- ਸੱਯਦ ਅਸ਼ਰਫ, ਸੱਯਦ ਮੁਹੰਮਦ ਸ਼ਾਹ, ਸੱਯਦ ਮੁਹੰਮਦ ਬਖਸ਼ ਅਤੇ ਸੱਯਦ ਸ਼ਾਹ ਹੁਸੈਨ।

ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ

ਆਪ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਹੋਣ ਕਰਕੇ ਹਮੇਸ਼ਾ ਅਧਿਆਤਮਿਕ ਹਸਤੀਆਂ ਦੀ ਸੰਗਤ ਕਰਨ ਦੇ ਇੱਛੁਕ ਰਹਿੰਦੇ। ਇਕ ਦਿਨ ਆਪ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤਿ  "ਗੁਰੂ ਗੋਬਿੰਦ ਸਿੰਘ ਜੀ "ਪਾਉਂਟਾ ਸਾਹਿਬ ਆਏ ਹਨ। ਆਪ ਗੁਰੂ ਜੀ ਦੇ ਦਰਸ਼ਨਾਂ ਨੂੰ ਜਾ ਪੁੱਜੇ। ਇਕ ਦਿਨ ਗੁਰੂ ਜੀ ਦਰਬਾਰ ਲਾ ਕੇ ਬੈਠੇ ਸਨ ਤਾਂ ਪੀਰ ਜੀ ਉਂਠ ਕੇ ਖੜ੍ਹੇ ਹੋ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅਤੇ ਆਉਣ ਦਾ ਕਾਰਨ ਪੁੱਛਿਆ, ਜਿਸ ਤੇ ਪੀਰ ਜੀ ਨੇ ਨਿਮਰਤਾ ਸਹਿਤ ਉਂਤਰ ਦਿੱਤਾ ਕਿ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਨੂੰ ਮਿਲਣ ਦਾ ਮਨ ਕਰ ਆਇਆ ਅਤੇ ਹੁਣ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਕੋਲ ਰਹਿਣ ਨੂੰ ਮਨ ਕਰ ਰਿਹਾ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ--
"ਸੁਨਿ ਕਰ ਜੋਰਤਿ ਬਾਕ ਬਖਾਨੋ।
ਸੱਯਦ ਜਾਤਿ ਦੇਹ ਕੀ ਜਾਨੋ।
ਸ਼ਹਿਰ ਸਢੌਰੇ ਮਹਿˆ ਘਰ ਅਹੈਂ।
ਬੁੱਧੂ ਸ਼ਾਹ ਨਾਮ ਜਗ ਕਹੈ।
ਮਹਿਮਾ ਸੁਨੀ ਘਨੀ ਬਹੁ ਦਿਨ ਤੇ।
ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ।
ਅਬਿ ਹਜ਼ੂਰ ਕੇ ਮੇਲਨਿ ਕੀਨਿ। ਬਨਹਿ ਨ ਬਿਛੁਰਨਿ ਮੈਂ ਲਖਿ ਲੀਨਿ। "
                                                  (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 1 ਅੰਸੂ 49, ਪੰਨਾ 4686)

ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਨਾਲ ਆਤਮਾ ਅਤੇ ਪਰਮਾਤਮਾ ਬਾਰੇ ਹੋਰ ਬਹੁਤ ਸਾਰੀ ਚਰਚਾ ਕੀਤੀ ਅਤੇ ਗੁਰੂ ਜੀ ਦੀ ਸੰਗਤ ਵਿਚ ਰਹਿ ਕੇ ਉਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਕੁਝ ਚਿਰ ਇਵੇਂ ਹੀ ਅਧਿਆਤਮਿਕ ਰਸ ਪੀਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਵਾਪਸ ਸਢੌਰੇ ਆ ਗਏ। ਸਢੌਰੇ ਰਹਿੰਦਿਆਂ ਜਦੋਂ ਕੁਝ ਸਮਾਂ ਬੀਤਿਆ ਤਾਂ ਇਕ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ ਪੰਜ ਸੌ ਸਿਪਾਹੀ ਆਪ ਜੀ ਕੋਲ ਆਏ ਤੇ ਬੇਨਤੀ ਕੀਤੀ ਕਿ ਬਾਦਸ਼ਾਹ ਨੇ ਸਾਨੂੰ ਫੌਜ ਵਿਚੋਂ ਕੱਢ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਹੁਕਮ ਕਰ ਦਿੱਤਾ ਹੈ ਕਿ ਕੋਈ ਵੀ ਇਨ੍ਹਾਂ ਨੂੰ ਨੌਕਰੀ ਉੱਤੇ ਨਾ ਰੱਖੇ। ਇਸ ਕਰਕੇ ਅਸੀਂ ਹੁਣ ਰੋਜ਼ੀ-ਰੋਟੀ ਤੋਂ ਲਾਚਾਰ ਹੋ ਗਏ ਹਾਂ ਅਤੇ ਅਸੀਂ ਆਪਣੀਆਂ ਪਹਿਨਣ ਤੇ ਖਾਣ-ਪੀਣ ਦੀਆਂ ਸਾਰੀਆਂ ਵਸਤੂਆਂ ਖਰਚ ਕਰ ਦਿੱਤੀਆਂ ਹਨ। ਹੁਣ ਤਾਂ ਸਾਡੀ ਹਥਿਆਰ ਤੱਕ ਵੇਚਣ ਦੀ ਨੌਬਤ ਵੀ ਆ ਗਈ ਹੈ। ਸਾਡੇ ਤੇ ਰਹਿਮ ਕਰੋ ਤੇ ਸਾਨੂੰ ਅਜਿਹੇ ਵਿਅਕਤੀ ਕੋਲ ਨੌਕਰੀ ਉੱਤੇ ਰਖਵਾਓ, ਜੋ ਔਰੰਗਜ਼ੇਬ ਤੋਂ ਨਾ ਡਰੇ। ਸਾਨੂੰ ਤਾਂ ਅਜਿਹਾ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਪੀਰ ਜੀ ਸੋਚ ਵਿੱਚ ਪੈ ਗਏ ਅਤੇ ਕੁਝ ਚਿਰ ਸੋਚ ਕੇ ਕਿਹਾ ਅਜਿਹੀ ਇਕੋ ਹੀ ਸ਼ਖ਼ਸੀਅਤ ਹੈ, ਜੋ ਕਿ ਕਿਸੇ ਦੁਨਿਆਵੀ ਬਾਦਸ਼ਾਹ ਤੋਂ ਨਹੀਂ ਡਰਦੇ ਅਤੇ ਤੁਹਾਨੂੰ ਸਾਰਿਆਂ ਨੂੰ ਨੌਕਰੀ ਵੀ ਦੇ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤਿ " ਗੁਰੂ ਗੋਬਿੰਦ ਸਿੰਘ ਜੀ " ਵੱਲ ਸੀ--
ਸ਼੍ਰੀ ਨਾਨਕ ਗਾਦੀ ਪਰ ਅਹੈ।
ਸੋ ਨਹਿˆ ਤ੍ਰਾਸ ਕਿਸੂ ਤੇ ਲਹੈ।
ਰਾਖਿ ਸਕਹਿ ਤੁਮ ਕੋ ਗੁਰ ਸੋਈ।
ਅਪਰ ਬਿਖੈ ਨਿਸ਼ਚੈ ਨਹਿˆ ਕੋਈ।
                        (ਉਹੀ, ਰਿਤੁ 2 ਅੰਸੂ 1, ਪੰਨਾ 4699)
ਪੀਰ ਬੁੱਧੂ ਸ਼ਾਹ ਜੀ ਉਨ੍ਹਾਂ ਨੂੰ ਪਾਉਂਟਾ ਸਾਹਿਬ ਗੁਰੂ ਜੀ ਕੋਲ ਲੈ ਆਏ ਅਤੇ ਉਨ੍ਹਾਂ (ਗੁਰੂ ਜੀ)ਨੂੰ ਬੇਕਾਰ ਹੋਏ ਪਠਾਣ ਸਿਪਾਹੀਆਂ ਨੂੰ ਨੌਕਰੀ ਤੇ ਰੱਖਣ ਲਈ ਬੇਨਤੀ ਕੀਤੀ। ਗੁਰੂ ਜੀ ਮੰਨ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਆਪਣੀ ਫੌਜ ਵਿਚ ਨੌਕਰੀ ਦੇ ਦਿੱਤੀ। ਉਨ੍ਹਾਂ ਵਿਚ "ਚਾਰ ਸਰਦਾਰਾਂ ਕਾਲੇ ਖਾਂ, ਭੀਖਮ ਖਾਂ, ਨਿਜਾਬਤ ਖਾਂ ਅਤੇ ਉਮਰ ਖਾਂ ਨੂੰ ਤਾਂ ਪੰਜ ਰੁਪਏ ਪ੍ਰਤੀ ਦਿਨ ਅਤੇ ਬਾਕੀ ਸਾਰਿਆਂ ਨੂੰ ਇਕ ਰੁਪਈਆ ਪ੍ਰਤੀ ਦਿਨ ਦੇ ਹਿਸਾਬ ਨਾਲ ਨੌਕਰ ਰੱਖਿਆ ਗਿਆ।"

2. ਗੁਰੂ ਸਾਹਿਬ ਪਾਉਂਟੇ ਦੀ ਧਰਤੀ ਤੇ ਸਿੱਖ ਸਿਪਾਹੀਆਂ ਨੂੰ ਯੁੱਧ ਸਿੱਖਿਆ ਦਿੰਦੇ। ਇਸ ਦੇ ਨਾਲ ਹੀ ਇਸ ਧਰਤੀ ਤੇ ਬਹੁਤ ਸਾਰਾ ਸਾਹਿਤ ਵੀ ਲਿਖਿਆ। ਪਰ ਗੁਰੂ ਸਾਹਿਬ ਸੰਬੰਧੀ ਪਹਾੜੀ ਰਾਜਿਆਂ ਵਿਚ ਬਹੁਤ ਸਾਰੇ ਭੁਲੇਖੇ ਪਾਏ ਗਏ ਤੇ ਉਹ ਲਗਾਤਾਰ ਗੁਰੂ ਜੀ ਦੀ ਸ਼ਕਤੀ ਨੂੰ ਘੱਟ ਕਰਨ ਦੇ ਜਤਨਾਂ ਵਿਚ ਲੱਗੇ ਰਹਿੰਦੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਆਪਣੇ ਕੁੜਮ ਸ੍ਰੀਨਗਰ (ਗੜ੍ਹਵਾਲ) ਦੇ ਰਾਜੇ ਫਤਿਹ ਸ਼ਾਹ ਨੂੰ ਵੀ ਇਸ ਕੰਮ ਵਿਚ ਨਾਲ ਚੱਲਣ ਲਈ ਪ੍ਰੇਰਿਆ। ਰਾਜਾ ਫਤਿਹ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਹੋਣ ਕਰਕੇ ਭੀਮ ਚੰਦ ਨੂੰ ਇਸ ਕੰਮ ਤੋਂ ਪ੍ਰਹੇਜ਼ ਕਰਨ ਲਈ ਕਹਿੰਦਾ ਰਿਹਾ। ਪਰ ਉਸ ਨੂੰ ਭੀਮ ਚੰਦ ਦੇ ਅੜੀਅਲ ਵਤੀਰੇ ਅਤੇ ਰਿਸ਼ਤੇਦਾਰੀ ਕਾਰਨ ਨਾਲ ਚੱਲਣ ਲਈ ਮਜਬੂਰ ਹੋਣਾ ਪਿਆ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ--

ਸਮਧੀ ਕੇ ਹਰਖਾਵਨਿ ਕਾਰਨ।
ਊਚੇ ਕੀਨਸਿ ਹੁਕਮ ਉਚਾਰਨਿ।
 ਦੁਹਰਿ ਚੋਬ ਧੌਂਸਾ ਧੁੰਕਾਰਹੁ।
 ਕਹਯੋ ਸਭਿਨਿ ਸੋਂ ਸ਼ਸਤ੍ਰ ਸੰਭਾਰਹੁ।
                               (ਰਿਤੁ 2 ਅੰਸੂ 20, ਪੰਨਾ 4772)
ਜਦੋਂ ਗੁਰੂ ਜੀ ਤੇ ਰਾਜਾ ਭੀਮ ਚੰਦ ਵਿਚਕਾਰ ਲੜਾਈ ਦੇ ਆਸਾਰ ਨਜ਼ਰ ਆਉਣ ਲੱਗੇ ਤਾਂ ਗੁਰੂ ਜੀ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੀ ਸਿਫਾਰਸ਼ ਤੇ ਭਰਤੀ ਕੀਤੇ ਹੋਏ ਪਠਾਣ ਪਿੱਛੇ ਹੱਟਣ ਲੱਗੇ।

ਉਹ ਵਾਰ ਵਾਰ ਗੁਰੂ ਜੀ ਤੋਂ ਵਿਦਾਇਗੀ ਲੈਣ ਦੀ ਗੱਲ ਕਰਨ ਲੱਗੇ ਅਤੇ ਇਸ ਲਈ ਉਨ੍ਹਾਂ ਆਪਣੇ ਸਾਕ-ਸੰਬੰਧੀਆਂ ਦੇ ਵਿਆਹਾਂ ਦਾ ਬਹਾਨਾ ਬਣਾਇਆ। ਜਦੋਂ ਉਹ ਇਸ ਗੱਲ ਤੇ ਅੜ ਹੀ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰੁਕਣ ਲਈ ਜ਼ਿਆਦਾ ਜ਼ੋਰ ਨਾ ਲਗਾਇਆ, ਪਰ ਉਨ੍ਹਾਂ ਵਿਚੋਂ ਇੱਕ ਪਠਾਣ ਸਰਦਾਰ ਕਾਲੇ ਖ਼ਾਂ ਗੁਰੂ ਜੀ ਦਾ ਸਾਥ ਛੱਡਣ ਲਈ ਤਿਆਰ ਨਾ ਹੋਇਆ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਕੋਲ ਇਕ ਪੱਤਰ ਰਾਹੀਂ ਇਸ ਗੱਲ ਤੇ ਗਿਲ਼ਾ ਵੀ ਕੀਤਾ ਕਿ

"ਤੇਰੇ ਨੌਕਰ ਕਰਵਾਏ ਪਠਾਣ ਸਾਡੇ ਕੋਲੋਂ ਤਨਖਾਹ ਲੈਂਦੇ ਰਹੇ, ਪਰ ਲੋੜ ਸਮੇਂ ਉਹ ਸਾਨੂੰ ਦਗ਼ਾ ਦੇ ਗਏ ਹਨ ਤੇ ਪਿੱਠ ਦਿਖਾ ਗਏ ਹਨ। ਸ਼ਾਇਦ ਉਹ ਪਹਾੜੀ ਰਾਜਿਆਂ ਦੀਆਂ ਬੇਸ਼ੁਮਾਰ ਫੌਜ਼ਾਂ ਤੋਂ ਡਰ ਗਏ ਹਨ। ਇਹ ਤਾਂ ਕਾਇਰ ਸਾਡੀਆਂ ਫੌਜਾਂ ਵਿਚ ਆ ਰਲ਼ੇ ਸਨ।"

3. ਭਾਈ ਸੰਤੋਖ ਸਿੰਘ ਜੀ ਵੀ ਇਸ ਸੰਬੰਧੀ ਦੱਸਦੇ ਹੋਏ ਲਿਖਦੇ ਹਨ ਕਿ:

ਉਪਾਲੰਭ ਬਹੁ ਤਿਸੈ ਪਠਾਏ।
ਨੌਕਰ ਜੇ ਪਠਾਨ ਰਖਵਾਏ।
ਪਾਵਿਤ ਰਹੇ ਰੋਜ਼ ਦਰਮਾਹਾ।
ਧਨ ਗਨ ਲੀਨਸਿ ਅਪਨੇ ਪਾਹਾ।
ਅਬਹਿ ਜੰਗ ਕੋ ਕਾਰਜ ਪਰ੍ਯੋ।
ਦੇਖਿ ਗੀਦੀਅਨ ਕੋ ਮਨ ਡਰ੍ਯੋ।
ਲਖਿ ਰਾਜਨ ਕੀ ਸੈਨ ਘਨੇਰੀ।
ਬਨਿ ਕਾਤੁਰ ਚਢਿਗੇ ਤਿਸ ਬੇਰੀ।
                               (ਰਿਤੁ 2 ਅੰਸੂ 22, ਪੰਨਾ 4780-81)


 
ਭੰਗਾਣੀ ਯੁੱਧ ਵਿਚ ਹਿੱਸਾ ਲੈਣਾ

ਜਦੋਂ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਆਪਣੇ ਪੁੱਤਰਾਂ ਅਤੇ ਮੁਰੀਦਾਂ ਸਮੇਤ ਗੁਰੂ ਜੀ ਕੋਲ ਆਉਣ ਦੀ ਤਿਆਰੀ ਕਰਨ ਲੱਗੇ।

ਜਦੋਂ ਪੀਰ ਬੁੱਧੂ ਸ਼ਾਹ ਜੀ ਪਹੁੰਚੇ ਤਾਂ ਭੰਗਾਣੀ ਦੇ ਸਥਾਨ ਤੇ ਘਮਸਾਣ ਦਾ ਯੁੱਧ ਚੱਲ ਰਿਹਾ ਸੀ। ਪੀਰ ਬੁੱਧੂ ਸ਼ਾਹ ਜੀ ਤੁਰੰਤ ਲੜਾਈ ਦੇ ਮੈਦਾਨ ਵਿਚ ਦੁਸ਼ਮਣ ਦੀਆਂ ਫੌਜਾਂ ਵਿਰੁੱਧ ਡਟ ਗਏ। ਉਨ੍ਹਾਂ ਦੇ ਪੁੱਤਰਾਂ ਅਤੇ ਮੁਰੀਦਾਂ ਨੇ ਲੜਾਈ ਦੇ ਮੈਦਾਨ ਵਿਚ ਬਹੁਤ ਬਹਾਦਰੀ ਦਿਖਾਈ। ਗੁਰੂ ਜੀ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਸ਼ਚੇ ਨੂੰ ਵੇਖ ਕੇ ਬਹੁਤ ਖੁਸ਼ ਹੋਏ, ਕਿਉਂਕਿ ਉਹ ਕੋਈ ਨਿਪੁੰਨ ਸਿਪਾਹੀ ਨਹੀਂ ਸਨ। ਪੀਰ ਬੁੱਧੂ ਸ਼ਾਹ ਜੀ ਦੇ ਦੋ ਸਪੁੱਤਰ ਅਤੇ ਅਨੇਕਾਂ ਮੁਰੀਦ ਜੰਗ ਵਿਚ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਦੁਸ਼ਮਣ ਦੇ ਬਹੁਤ ਸਾਰੇ ਸੈਨਿਕਾਂ ਨੂੰ ਵੀ ਸਦਾ ਦੀ ਨੀਂਦ ਸੁਆ ਦਿੱਤਾ। ਅਖੀਰ ਜਿੱਤ ਗੁਰੂ ਜੀ ਦੀ ਹੋਈ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਿਰ ਸਹਾਇਤਾ ਦੇਣ ਕਰਕੇ ਧੰਨਵਾਦ ਕੀਤਾ।

ਉਨ੍ਹਾਂ ਨੇ ਇਸ ਮਹਾਨ ਕਾਰਜ ਦੇ ਬਦਲੇ ਅਤੇ ਪਿਆਰ ਦੀ ਪਈ ਇਸ ਸਾਂਝ ਉਂਤੇ ਸਦੀਵੀ ਮੋਹਰ ਲਾਉਂਦੇ ਹੋਏ, ਪੀਰ ਬੁੱਧੂ ਸ਼ਾਹ ਜੀ ਨੂੰ "ਇਕ ਸੁੰਦਰ ਪੁਸ਼ਾਕ ਅਤੇ ਇਕ ਆਪਣੇ ਹੱਥੀਂ ਲਿਖਿਆ ਹੁਕਮਨਾਮਾ ਬਖਸ਼ਿਆ। ਆਪਣੀ ਅੱਧੀ ਦਸਤਾਰ (ਪੱਗ) ਭੀ ਦੇ ਦਿੱਤੀ। ਪਰ ਬੁੱਧੂ ਸ਼ਾਹ ਜੀ ਨੇ ਉਹ ਕੰਘਾ ਆਪ ਮੰਗ ਕੇ ਲੈ ਲਿਆ, ਜੋ ਉਸ ਵੇਲੇ ਸਤਿਗੁਰੂ ਜੀ ਵਰਤ ਕੇ ਹਟੇ ਹੀ ਸਨ ਅਤੇ ਜਿਸ ਵਿਚ ਕੁਝ ਕੇਸ ਪਏ ਹੋਏ ਸਨ।"

4. ਗੁਰੂ ਸਾਹਿਬ ਜੀ ਪੀਰ ਬੁੱਧੂ ਸ਼ਾਹ ਜੀ ਦੇ ਪ੍ਰੇਮ ਅਤੇ ਸ਼ਰਧਾ ਤੋਂ ਬਹੁਤ ਖੁਸ਼ ਸਨ, ਇਸ ਕਰਕੇ ਉਹ ਪੀਰ ਜੀ ਨੂੰ ਮਿਲਣ ਵਾਸਤੇ ਉਨ੍ਹਾਂ ਕੋਲ, ਇੱਕ ਤੋਂ ਵੱਧ ਵਾਰ, ਸਢੌਰੇ ਵੀ ਗਏ। ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ "ਭੱਲਾ ਖਾਨਦਾਨ ਦਾ ਇਕ ਮੁਖੀਆ ਗੁਰਬਖਸ਼ਾ ਗੁਰੂ ਸਾਹਿਬ ਨੂੰ ਆਮ ਤੌਰ ਤੇ ਪੀਰ ਬੁੱਧੂ ਸ਼ਾਹ ਜੀ ਦੇ ਘਰ ਹੀ ਮਿਲਿਆ ਕਰਦਾ ਸੀ। ਯਕੀਨ ਨਾਲ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਗੁਰਬਖਸ਼ੇ ਨੂੰ ਪਾਹੁਲ ਬਖਸ਼ੀ ਸੀ, ਜਿਸ ਕਰਕੇ ਉਹ ਗੁਰਬਖਸ਼ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ।"

5. ਇਸੇ ਕਰਕੇ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਨਸੀਰਾਂ ਵੀ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੀ ਸੀ। ਕਿਹਾ ਜਾਂਦਾ ਹੈ ਕਿ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਦਾ ਭਰਾ ਸੱਯਦ ਖਾਂ ਦਿੱਲੀ ਦੇ ਬਾਦਸ਼ਾਹ ਦੇ ਦਰਬਾਰ ਵਿਚ ਲੱਗਾ ਹੋਇਆ ਸੀ ਅਤੇ ਭੰਗਾਣੀ ਦੇ ਯੁੱਧ ਤੋਂ ਪਿੱਛੋਂ ਪਹਾੜੀ ਰਾਜਿਆਂ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੇ ਖਿਲਾਫ਼ ਲਿਖਤੀ ਸ਼ਿਕਾਇਤ ਵੀ ਇਸੇ ਨੇ ਦਬਾ ਲਈ ਸੀ। ਪਰ ਇਕ ਵਾਰੀ ਇਹੀ ਸੱਯਦ ਖਾਂ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਤੇ ਸਢੌਰੇ ਆਪਣੀ ਭੈਣ ਨਸੀਰਾਂ ਨੂੰ ਵੀ ਮਿਲਣ ਆਇਆ। ਜਦੋਂ ਗੁਰੂ ਜੀ ਦੀ ਸ਼ਰਧਾਲੂ ਨਸੀਰਾਂ ਨੂੰ ਇਹ ਪਤਾ ਲੱਗਾ ਕਿ ਉਸ ਦਾ ਭਰਾ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਹੈ ਤਾਂ ਉਸ ਨੇ ਆਪਣੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਕਰਨ ਵਾਲੇ ਕਿਸੇ ਵੀ ਕੰਮ ਤੋਂ ਵਰਜਿਆ। ਪਰ ਜਦੋਂ ਸੱਯਦ ਖਾਂ ਨੇ ਆਪਣੀ ਭੈਣ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਸੱਯਦ ਖਾਂ ਨੂੰ ਗੁਰੂ ਜੀ ਦੀ ਅਧਿਆਤਮਿਕ ਸ਼ਕਤੀ ਬਾਰੇ ਚਾਨਣਾ ਪਾਇਆ। ਇਸ ਗੱਲ ਨੂੰ ਸੱਯਦ ਖਾਂ ਨੇ ਉਦੋਂ ਮੰਨਿਆ ਜਦੋਂ ਉਹ ਗੁਰੂ ਸਾਹਿਬ ਜੀ ਨੂੰ ਮਿਲਿਆ ਅਤੇ ਉਨ੍ਹਾਂ ਦੇ ਅਧਿਆਤਮਿਕ ਤੇਜ ਦੇ ਪ੍ਰਭਾਵ ਸਦਕਾ ਉਨ੍ਹਾਂ ਦਾ ਪ੍ਰਸ਼ੰਸਕ ਅਤੇ ਸ਼ਰਧਾਲੂ ਬਣ ਗਿਆ। ਉਸ ਨੇ ਗੁਰੂ ਜੀ ਵਿਰੁੱਧ ਮੁਹਿੰਮ ਵਿਚ ਹਿੱਸਾ ਲੈਣ ਆਏ ਸਢੌਰੇ ਦੇ ਹਾਕਮ ਮੁਹੰਮਦ ਉਸਮਾਨ ਖਾਂ ਨੂੰ ਲੜਾਈ ਤੋਂ ਟਾਲਦੇ ਹੋਏ ਆਪਣੀ ਫੌਜ ਨੂੰ ਸਰਹਿੰਦ ਵੱਲ ਚੱਲਣ ਦਾ ਹੁਕਮ ਦੇ ਦਿੱਤਾ।

ਉਸਮਾਨ ਖਾਨ ਦੇ ਜ਼ੁਲਮ

ਉਸਮਾਨ ਖਾਂ, ਜੋ ਕਿ ਪੀਰ ਬੁੱਧੂ ਸ਼ਾਹ ਜੀ ਦੇ ਗੁਰੂ ਜੀ ਨਾਲ ਸੰਬੰਧਾਂ ਕਰਕੇ ਬੜਾ ਔਖਾ ਸੀ, ਉਹ ਹਮੇਸ਼ਾ ਪੀਰ ਜੀ ਦਾ ਨੁਕਸਾਨ ਕਰਨ ਬਾਰੇ ਸੋਚਦਾ ਰਹਿੰਦਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾਂ ਘੜਦਾ ਰਹਿੰਦਾ ਸੀ। ਪਰ ਉਹ ਆਪਣੇ ਮਿਸ਼ਨ ਵਿਚ ਕਦੇ ਵੀ ਕਾਮਯਾਬ ਨਾ ਹੋ ਸਕਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸਢੌਰੇ ਦੇ ਮੁਸਲਮਾਨ ਪੀਰ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ ਅਤੇ ਉਸਮਾਨ ਖਾਂ ਨੂੰ ਉਨ੍ਹਾਂ ਦੀ ਬਗ਼ਾਵਤ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜਬਰ ਅਤੇ ਜ਼ੁਲਮ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਨ ਅਤੇ ਪਹਿਲਾਂ ਆਨੰਦਪੁਰ ਸਾਹਿਬ ਫਿਰ ਚਮਕੌਰ ਦੀ ਗੜ੍ਹੀ ਵਿਚ ਭਿਆਨਕ ਯੁੱਧ ਹੋਏ, ਜਿਸ ਵਿਚ ਸਮੇਂ ਦੀ ਹਕੂਮਤ ਨੇ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਸੀ। ਇਸ ਸੰਘਰਸ਼ ਵਿਚ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਦੀ ਈਨ ਨਾ ਮੰਨਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਅਤੇ ਵੱਡੇ ਸਾਹਿਬਜ਼ਾਦੇ ਵੀ ਬਹਾਦਰੀ ਨਾਲ ਲੜਦੇ ਹੋਏ ਚਮਕੌਰ ਦੀ ਗੜ੍ਹੀ ਵਿਖੇ ਸ਼ਹੀਦ ਹੋ ਗਏ। ਇਹ ਉਹ ਸਮਾਂ ਸੀ, ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸ਼ਰਧਾਲੂ ਸਿੱਖਾਂ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ ਤੇ ਯੋਜਨਾ ਤਿਆਰ ਕੀਤੀ ਗਈ।

ਉਸਮਾਨ ਖਾਂ ਸਹੀ ਮੌਕਾ ਜਾਣ ਕੇ ਸਢੌਰੇ ਆ ਗਿਆ ਅਤੇ ਪੀਰ ਜੀ ਦੇ ਖਿਲਾਫ਼ ਵੀ ਅਜਿਹੀਆਂ ਸਾਜ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ, ਜਿਨ੍ਹਾਂ ਨਾਲ ਕਿ ਪਹਿਲਾਂ ਤਾਂ ਪੀਰ ਜੀ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਉਸਮਾਨ ਖਾਂ ਲਈ ਇਹ ਸਮਾਂ ਬਹੁਤ ਹੀ ਢੁਕਵਾਂ ਸੀ, ਕਿਉਂਕਿ ਗੁਰੂ ਜੀ ਦੇ ਹੱਕ ਵਿੱਚ ਬੋਲਣ ਵਾਲੇ ਲੋਕ ਉਸ ਵੇਲੇ ਬਹੁਤ ਘੱਟ-ਗਿਣਤੀ ਵਿਚ ਸਨ ਅਤੇ ਕੋਈ ਵੀ ਵਿਅਕਤੀ ਖੁੱਲ੍ਹ ਕੇ ਗੁਰੂ ਜੀ ਦੀ ਹਮਾਇਤ ਨਹੀਂ ਸੀ ਕਰਨਾ ਚਾਹੁੰਦਾ।

ਉਸਮਾਨ ਖਾਂ ਨੇ ਪੀਰ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਜੰਗਲ ਵਿਚ ਲਿਜਾ ਕੇ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।

ਪੀਰ ਜੀ ਤੇ ਉਸਮਾਨ ਖਾਂ ਦੁਆਰਾ ਕੀਤੇ ਜ਼ੁਲਮਾਂ ਦਾ ਸਢੌਰੇ ਵਾਸੀਆਂ ਨੂੰ ਕਾਫੀ ਸਦਮਾ ਪਹੁੰਚਿਆ ਜਿਸ ਵਿੱਚ ਪੀਰ ਜੀ ਦੇ ਪੱਕੇ ਸ਼ਰਧਾਲੂ ਅਤੇ ਹਿੰਦੂ ਸ਼ਾਮਲ ਸਨ, ਪਰ ਉਹ ਆਪਣੀ ਜਾਨ ਦੇ ਡਰੋਂ ਖੁੱਲ੍ਹ ਕੇ ਵਿਰੋਧ ਪ੍ਰਗਟ ਕਰਨ ਤੋਂ ਅਸਮਰੱਥ ਸਨ।

ਉਸਮਾਨ ਖਾਂ ਦੇ ਹਾਕਮ ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਵਲੋਂ ਸੋਧਣਾ

ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ, ਜਦੋਂ ਬੰਦੇ ਦੇ ਪੰਜਾਬ ਆਗਮਨ ਤੇ ਸਢੌਰੇ ਦੇ ਵਸਨੀਕਾਂ ਨੇ ਉਸ ਨੂੰ ਉਸਮਾਨ ਖਾਂ ਵਲੋਂ ਪੀਰ ਜੀ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਕਿ ਇਸ ਨੇ

"ਸਢੌਰੇ ਦੇ ਨਾਮਵਰ ਮੁਸਲਮਾਨ ਪੀਰ ਸੱਯਦ ਬਦਰੁੱਦੀਨ ਸ਼ਾਹ ਨੂੰ (ਜੋ ਇਤਿਹਾਸ ਵਿਚ ਸੱਯਦ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੈ) ਕੇਵਲ ਇਸ ਕਰਕੇ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ।"

6. ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉਠਿਆ ਅਤੇ ਉਸ ਨੇ ਸਢੌਰੇ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਤੋਂ ਇਲਾਵਾ ਸਢੌਰੇ ਦੇ ਉਹ ਵਸਨੀਕ ਵੀ ਸ਼ਾਮਲ ਸਨ, ਜਿਨ੍ਹਾਂ ਉੱਤੇ ਉਸਮਾਨ ਖਾਂ ਅਤੇ ਉਸ ਦੇ ਦੂਜੇ ਹਾਕਮ ਸਾਥੀਆਂ ਨੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਸਨ।

ਹਾਕਮ-ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਖ਼ਤ ਸਜ਼ਾਵਾਂ ਦਿੱਤੀਆਂ। ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਉਨ੍ਹਾਂ ਦੇ ਮਨਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਇਸ ਸਮੇਂ ਪੀਰ ਬੁੱਧੂ ਸ਼ਾਹ ਜੀ ਭਾਵੇਂ ਸਰੀਰਕ ਰੂਪ ਵਿਚ ਮੌਜੂਦ ਨਹੀਂ ਸਨ, ਪਰ ਉਨ੍ਹਾਂ ਵਲੋਂ ਦਿਖਾਈ ਗਈ ਪਿਆਰ ਅਤੇ ਸਤਕਾਰ ਦੀ ਜੋਤ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿਚ ਵਸ ਗਈ।

ਅੱਜ ਵੀ ਪੀਰ ਬੁੱਧੂ ਸ਼ਾਹ ਜੀ ਨੂੰ ਸਿੱਖ ਇਤਿਹਾਸ ਵਿਚ ਬੜੇ ਮਾਣ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਮੇਂ ਦੇ ਚਾਪਲੂਸ ਹਾਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚ ਅਤੇ ਹੱਕ ਦੀ ਆਵਾਜ਼ ਲਈ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦਾ ਸਾਥ ਦਿੱਤਾ ਸੀ। ਇਸ ਰਸਤੇ ਤੇ ਚੱਲਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਤਕ ਦੀ ਵੀ ਪ੍ਰਵਾਹ ਨਾ ਕੀਤੀ ਅਤੇ ਉਹ ਸਦਾ ਲਈ ਗੁਰੂ ਜੀ ਦੇ ਸਤਿਕਾਰ ਦੇ ਪਾਤਰ ਬਣ ਗਏ।

ਡਾ.ਪਰਮਵੀਰ ਸਿੰਘ ਦੇ ਗੁਰਮਤ ਪ੍ਰਕਾਸ਼ ਵਿਚ ਲੇਖ ਤੇ ਅਧਾਰਿਤ