Monday, December 3, 2012

ਭਗਤ ਨਾਮਦੇਵ ਜੀ






                                  
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ 
                                (ਭਗਤ ਨਾਮਦੇਵ ਜੀ)

Namdev serves that Lord, who is not limited to either the temple or the mosque (Bhagat Namdev Ji)

ਪੂਰੇ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿਤੋਂ ਲੈ ਕੇ ਮੁੰਦਾਵਣੀ ਮਹਲਾ ੫ਤੱਕ ਵਿਚਾਰ ਧਾਰਾ ਇਕ ਹੀ ਹੈ।

: ੩॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਅੰਗ-੬੪੬)

ਭਗਤ ਨਾਮਦੇਵ ਜੀ ਦੀ ਵਿਚਾਰਧਾਰਾ ਵੀ ਉਹੀ ਸੀ ਤਾਂ ਹੀ ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੀ। ਇਸ ਦੇ ਪ੍ਰਮਾਣ ਭਗਤ ਨਾਮਦੇਵ ਜੀ ਦੀ ਬਾਣੀ ਵਿਚੋਂ ਅਨੇਕਾਂ ਸਬਦਾਂ ਵਿੱਚ ਸਪੱਸ਼ਟ ਮਿਲ ਜਾਂਦੇ ਹਨ। ਭਗਤ ਨਾਮਦੇਵ ਜੀ ਸਬੰਧੀ ਬਹੁਤ ਸਾਰੀਆਂ ਕਥਾਂਵਾਂ ਪ੍ਰਚੱਲਤ ਹੋ ਗਈਆਂ ਹਨ, ਇਨ੍ਹਾਂ ਸਭ ਦਾ ਮੰਤਵ ਸਿਰਫ ਕਰਾਮਾਤ ਪੇਸ਼ ਕਰਨਾ ਹੀ ਰਿਹਾ ਹੈ। ਪਰੰਤੂ ਕਰਾਮਾਤ ਨਾ ਤਾਂ ਗੁਰਮਤਿ ਵਿੱਚ ਪ੍ਰਵਾਨ ਹੈ ਤੇ ਨਾ ਹੀ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਪ੍ਰਵਾਨ ਕੀਤਾ ਹੈ। ਜੇ ਅਸੀਂ ਆਖੀਏ ਕਿ ਮੈਂ ਆਪਣੇ ਉਦਮ ਨਾਲ ਇਹ ਚੀਜ਼ ਲੈ ਲਈ ਹੈ, ਤਾਂ ਇਹ ਮਾਲਕ ਵਲੋਂ ਬਖ਼ਸ਼ਸ਼ ਨਹੀਂ ਅਖਵਾ ਸਕਦੀ। ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਪ੍ਰਸੰਨ ਹੋਣ ਨਾਲ ਮਿਲੇ।

ਸਲੋਕੁ ਮਹਲਾ ੨॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ ੧॥ (੪੭੪, ੪੭੫)

ਭਗਤ ਨਾਮਦੇਵ ਜੀ ਨੇ ਕੋਈ ਕਰਾਮਾਤ ਕਰਕੇ ਨਹੀਂ ਵਿਖਾਈ ਬਲਕਿ ਅਕਾਲ ਪੁਰਖੁ ਦੇ ਹੁਕਮੁ ਵਿੱਚ ਚਲਣ ਦੀ ਸਿਖਿਆ ਦਿਤੀ ਹੈ। ਹਰੇਕ ਸਬਦ ਦਾ ਅਸਲੀ ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ। ਜਿਆਦਾ ਤਰ ਕਥਾਂਵਾਂ ਜੋ ਵੀ ਬਣਾਈਆਂ ਗਈਆਂ ਹਨ, ਉਹ ਸਬਦ ਵਿੱਚ ਅੰਕਤ ਕੀਤੀਆਂ ਗਈਆਂ ਹੋਰ ਪੰਗਤੀਆਂ ਨੂੰ ਮੁਦਾ ਲੈ ਕੇ ਬਣਾਈਆਂ ਗਈਆਂ ਹਨ। ਅਜੇਹੇ ਲੋਕਾਂ ਨੇ ਕਦੇ ਰਹਾਉ ਦੀ ਪੰਕਤੀ ਨੂੰ ਵਿਚਾਰਨ ਦਾ ਉਪਰਾਲਾ ਨਹੀਂ ਕੀਤਾ ਹੈ। ਆਓ ਉਨ੍ਹਾਂ ਦੀ ਬਾਣੀ ਦੁਆਰਾ ਦਿਤੀਆਂ ਗਈਆਂ ਸਿਖਿਆਂਵਾਂ ਤੇ ਖਾਸ ਤੌਰ ਤੇ ਰਹਾਉ ਦੀ ਪੰਕਤੀ ਵਿੱਚ ਅੰਕਤ ਕੀਤੀ ਗਈ ਵਿਚਾਰਧਾਰਾ ਸਾਂਝੀ ਕਰੀਏ।

ਗੁਰੂ ਅਰਜਨ ਸਾਹਿਬ ਨੇ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕਰਕੇ ਉਨ੍ਹਾਂ ਨੂੰ ਸਿਰਫ ਮਾਣ ਹੀ ਨਹੀਂ ਦਿਤਾ ਹੈ, ਬਲਕਿ ਉਨ੍ਹਾਂ ਭਗਤਾਂ ਦੇ ਗੁਣ, ਗੁਰੂ ਸਾਹਿਬਾਂ ਨੇ ਆਪਣੀ ਰਚਨਾਂਵਾਂ ਵਿੱਚ ਵੀ ਕਈ ਥਾਂ ਤੇ ਸਾਂਝੇ ਕੀਤੇ ਹਨ।

ਗੁਰੂ ਅਮਰਦਾਸ ਸਾਹਿਬ ਨੇ ਹੇਠ ਲਿਖੇ ਸਬਦ ਦੀ ਰਹਾਉ ਦੀ ਪੰਕਤੀ ਵਿੱਚ ਮਨ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਅਕਾਲ ਪੁਰਖੁ ਦਾ ਨਾਮ ਜਪ ਤਾਂ ਜੋ ਆਤਮਕ ਆਨੰਦ ਮਿਲ ਸਕੇ। ਇਹ ਦਾਤ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਦਾ ਹੈ, ਤੇ ਮਨੁੱਖ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ।

ਮਨ ਰੇ ਨਾਮੁ ਜਪਹੁ ਸੁਖੁ ਹੋਇ ॥
ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ਰਹਾਉ॥ (੬੭, ੬੮)

ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਪੂਰੇ ਗੁਰੁ ਦੁਆਰਾ ਗੁਣ ਗਾਇਨ ਕਰਨ ਦੀ ਸਿਖਿਆ ਤਾਂ ਦਿਤੀ ਹੈ ਤੇ ਨਾਲ ਹੀ ਇਸੇ ਸਬਦ ਵਿੱਚ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਸਾਹਿਬ ਬਾਰੇ ਆਪ ਜੀ ਨੇ ਪੂਰੇ ਗੁਰੁ ਦੁਆਰਾ ਗੁਣ ਗਾਇਨ ਕਰਨ ਦਾ ਜਿਕਰ ਵੀ ਕੀਤਾ ਹੈ। ਭਾਵੇਂ ਭਗਤ ਨਾਮਦੇਵ ਜਾਤ ਦਾ ਛੀਂਬਾ ਸੀ ਤੇ ਭਗਤ ਕਬੀਰ ਜੁਲਾਹਾ ਸੀ, ਪਰ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਇਸ ਤਰ੍ਹਾਂ ਉਨ੍ਹਾਂ ਆਪਣੇ ਅੰਦਰੋਂ ਹਉਮੈ ਦਾ ਬੀ ਨਾਸ ਕਰ ਦਿੱਤਾ। ਹੁਣ ਦੇਵਤੇ ਤੇ ਮਨੁੱਖ ਉਨ੍ਹਾਂ ਦੀ ਉਚਾਰੀ ਹੋਈ ਬਾਣੀ ਗਇਨ ਕਰਦੇ ਹਨ, ਕੋਈ ਵੀ ਉਨ੍ਹਾਂ ਨੂੰ ਮਿਲੀ ਹੋਈ, ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ ਹੈ।

ਨਾਮਾ ਛੀਬਾ ਕਬੀਰੁ ਜਲਾਹਾ ਪੂਰੇ ਗੁਰ ਤੇ ਗਤਿ ਪਾਈ ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥ ੩॥ (੬੭, ੬੮)

ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਉਸ ਆਕਾਲ ਪੁਰਖੁ ਨੂੰ ਸਾਰਿਆਂ ਵਿੱਚ ਵੱਸਦਾ ਵੇਖਣ ਲਈ ਕਿਹਾ ਹੈ। ਅਕਾਲ ਪੁਰਖੁ ਨੂੰ ਸੰਬੋਧਨ ਕਰਨ ਲਈ ਭਗਤ ਜੀ ਨੇ ਗੋਬਿੰਦੁ, ਬੀਠਲੁ, ਰਾਮੁ, ਆਦਿ ਸਬਦਾਂ ਦੀ ਵਰਤੋਂ ਕੀਤੀ ਹੈ। ਇਹ ਸਬਦ ਕਿਸੇ ਖਾਸ ਵਿਅਕਤੀ ਜਾਂ ਵਸਤੂ ਲਈ ਨਹੀਂ ਵਰਤੇ ਗਏ ਹਨ, ਸਿਰਫ ਉਸ ਸਰਬ ਵਿਆਪਕ ਅਕਾਲ ਪੁਰਖੁ ਲਈ ਵਰਤੇ ਹਨ।

ਹਰ ਥਾਂ ਅਕਾਲ ਪੁਰਖੁ (ਗੋਬਿੰਦੁ) ਹੈ, ਅਕਾਲ ਪੁਰਖੁ ਤੋਂ ਸੱਖਣੀ ਕੋਈ ਥਾਂ ਨਹੀਂ ਹੈ। ਜਿਸ ਤਰ੍ਹਾਂ ਇੱਕ ਧਾਗਾ ਹੋਵੇ ਤੇ ਉਸ ਵਿੱਚ ਸੈਂਕੜੇ ਹਜ਼ਾਰਾਂ ਮਣਕੇ ਪ੍ਰੋਤੇ ਹੋਏ ਹੋਣ, ਇਸੇ ਤਰ੍ਹਾਂ ਉਹ ਅਕਾਲ ਪੁਰਖੁ ਸਭ ਜੀਵਾਂ ਵਿੱਚ ਵੱਸਦਾ ਹੈ। ਜਿਵੇਂ ਤਾਣੇ-ਪੇਟੇ ਵਿੱਚ ਧਾਗੇ ਮਿਲੇ ਹੁੰਦੇ ਹਨ, ਤਿਵੇਂ ਉਹ ਅਕਾਲ ਪੁਰਖੁ ਸਭ ਵਿੱਚ ਮਿਲਿਆ ਹੋਇਆ ਹੈ। ਇਸ ਸਬਦ ਵਿੱਚ ਭਗਤ ਨਾਮਦੇਵ ਜੀ ਨੇ ਆਕਾਲ ਪੁਰਖੁ ਲਈ ਗੋਬਿੰਦੁ ਸਬਦ ਵਰਤਿਆ ਹੈ, ਪਰ ਉਹ ਸਭ ਵਿੱਚ ਵਸੇ ਹੋਏ ਗੋਬਿੰਦੁ ਬਾਰੇ ਬਿਆਨ ਕਰ ਰਹੇ ਹਨ, ਕਿਸੇ ਵਿਅਕਤੀ ਬਾਰੇ ਨਹੀਂ।

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ ੧॥ ਰਹਾਉ॥ (੪੮੫)

ਭਗਤ ਨਾਮਦੇਵ ਜੀ ਸਮਝਾਂਉਂਦੇ ਹਨ ਕਿ ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਅਕਾਲ ਪੁਰਖੁ ਮੌਜੂਦ ਹੈ, ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ। ਇਸ ਸਬਦ ਵਿੱਚ ਭਗਤ ਨਾਮਦੇਵ ਜੀ ਨੇ ਆਕਾਲ ਪੁਰਖੁ ਲਈ ਬੀਠਲੁ ਸਬਦ ਵਰਤਿਆ ਹੈ। ਭਗਤ ਨਾਮਦੇਵ ਜੀ ਦਾ ਬੀਠਲੁ ਕੋਈ ਪੱਥਰ ਨਹੀਂ, ਉਹ ਸਰਬ ਵਿਆਪਕ ਅਕਾਲ ਪੁਰਖੁ ਹੀ ਹੈ।

ਭਗਤ ਨਾਮਦੇਵ ਜੀ, ਮਹਾਂਰਾਸ਼ਟਰਾ ਵਿੱਚ ਪੈਦਾ ਹੋਏ ਸਨ ਤੇ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਕਈ ਮਰਾਠੀ ਦੇ ਸਬਦ ਵਰਤੇ ਹਨ, ਤੇ ਮਰਾਠੀ ਵਿੱਚ ਬੀਠਲੁ ਦਾ ਮਤਲਬ ਅਕਾਲ ਪੁਰਖੁ ਹੀ ਹੈ।

ਜਤ੍ਰ ਜਾਉ ਤਤ ਬੀਠਲੁ ਭੈਲਾ ॥
ਮਹਾ ਅਨੰਦ ਕਰੇ ਸਦ ਕੇਲਾ ॥ ੧॥ ਰਹਾਉ॥ (੪੮੫)

ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈਨੂੰ ਹੁਣ ਕਿਸੇ ਉੱਚੀ-ਨੀਵੀਂ ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਉਸ ਅਕਾਲ ਪੁਰਖੁ ਦਾ ਨਾਮੁ ਸਿਮਰਦਾ ਹਾਂ। ਇਸ ਸਬਦ ਵਿੱਚ ਭਗਤ ਨਾਮਦੇਵ ਜੀ ਨੇ ਆਕਾਲ ਪੁਰਖੁ ਲਈ ਰਾਮ ਸਬਦ ਵਰਤਿਆ ਹੈ। ਭਗਤ ਨਾਮਦੇਵ ਜੀ, ਅਕਾਲ ਪੁਰਖੁ ਨੂੰ ਦਿਨ ਰਾਤ ਆਪਣੇ ਚਿਤ ਵਿੱਚ ਵਸਾਉਂਣ ਦੀ ਸਿਖਿਆ ਦਿੰਦੇ ਹਨ।

ਕਹਾ ਕਰਉ ਜਾਤੀ ਕਹ ਕਰਉ ਪਾਤੀ ॥
ਰਾਮ ਕੋ ਨਾਮੁ ਜਪਉ ਦਿਨ ਰਾਤੀ ॥ ੧॥ ਰਹਾਉ॥ (੪੮੫)

ਭਗਤ ਨਾਮਦੇਵ ਜੀ ਨੇ ਧਾਰਮਿਕ ਪਖੰਡ ਤੇ ਵਿਖਾਵੇ ਦੀ ਨਿਖੇਧੀ ਕੀਤੀ ਹੈ।

ਸੱਪ ਕੁੰਜ ਲਾਹ ਦੇਂਦਾ ਹੈ, ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ, ਬਗਲਾ ਪਾਣੀ ਵਿੱਚ ਖਲੋ ਕੇ ਸਮਾਧੀ ਤਾਂ ਲਾਂਉਂਦਾ ਹੈ, ਪਰ ਸਿਰਫ ਸ਼ਿਕਾਰ ਫੜਨ ਲਈ।

ਇਸ ਤਰ੍ਹਾਂ ਜੇਕਰ ਅੰਦਰ ਤ੍ਰਿਸ਼ਨਾ ਹੈ, ਤਾਂ ਬਾਹਰੋਂ ਭੇਖ ਬਣਾਉਣ ਨਾਲ, ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੋਣਾਂ। ਜਦ ਤਕ ਅੰਦਰੋਂ ਆਪਣਾ ਮਨ ਪਵਿੱਤਰ ਨਹੀਂ, ਤਦ ਤਕ ਸਮਾਧੀ ਲਾਉਂਣ ਜਾਂ ਜਾਪ ਕਰਨ ਦਾ ਕੀ ਲਾਭ ਹੈ?
ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, ਤੇ ਬਾਹਰੀ ਵਖਾਵੇ ਲਈ ਅੱਖਾਂ ਮੀਟਦਾ ਹੈ, ਸਮਾਧੀ ਲਾ ਕੇ ਬੈਠਦਾ ਹੈ, ਜਗਤ ਅਜੇਹੇ ਬੰਦੇ ਨੂੰ ਵੱਡਾ ਠੱਗ ਆਖਦਾ ਹੈ। ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਉਣ ਵਿੱਚ ਵੀ ਕੋਈ ਛਲ ਕਪਟ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ।

ਇਹ ਸਬਦ ਸਪੱਸ਼ਟ ਕਰਦਾ ਹੈ ਕਿ ਭਗਤ ਨਾਮਦੇਵ ਜੀ ਰਵਾਇਤੀ ਤੌਰ ਦਾ ਜਪਨ ਪ੍ਰਵਾਨ ਨਹੀਂ ਕਰਦੇ ਹਨ, ਅਪਣੇ ਹਿਰਦੇ ਵਿਚੋਂ ਵਿਕਾਰ ਕਢਣ ਦੀ ਸਿਖਿਆ ਦਿੰਦੇ ਹਨ।

ਕਾਹੇ ਕਉ ਕੀਜੈ ਧਿਆਨੁ ਜਪੰਨਾ ॥
ਜਬ ਤੇ ਸੁਧੁ ਨਾਹੀ ਮਨੁ ਅਪਨਾ ॥ ੧॥ ਰਹਾਉ॥ (੪੮੫)

ਭਗਤ ਨਾਮਦੇਵ ਜੀ, ਮਨ ਨੂੰ ਸਮਝਾਉਂਦੇ ਹਨ ਕਿ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ ਸੰਸਾਰ-ਸਮੁੰਦਰ ਵਿੱਚ ਵਿਕਾਰਾਂ ਦਾ ਪਾਣੀ ਭਰਿਆ ਪਿਆ ਹੈ। ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ ਅਕਾਲ ਪੁਰਖੁ ਨੂੰ ਭੁਲ ਗਿਆ ਹੈਂ।

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥
ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥ ੧॥ ਰਹਾਉ॥ (੪੮੫, ੪੮੬)

ਹੁਣ ਸਬਦ ਦੀ ਬਰਕਤ ਦਾ ਸਦਕਾ ਜਿਉਂ ਜਿਉਂ ਮੈਂ ਅਕਾਲ ਪੁਰਖੁ ਦਾ ਹਰ ਥਾਂ ਦੀਦਾਰ ਕਰਦਾ ਹਾਂ, ਮੈਂ ਆਪ-ਮੁਹਾਰਾ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਤੇ ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ।

ਭਗਤ ਨਾਮਦੇਵ ਜੀ ਰਹਾਉ ਦੀ ਪੰਕਤੀ ਵਿੱਚ ਸਮਝਾਉਂਦੇ ਹਨ ਕਿ ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, ਉਸ ਦੀ ਬਰਕਤ ਨਾਲ, ਮੇਰਾ ਮਨ ਉਸ ਦੇ ਸ਼ਬਦ ਵਿੱਚ ਲੀਨ ਹੋ ਗਿਆ ਹੈ। ਭਗਤ ਨਾਮਦੇਵ ਜੀ ਨੇ ਵੀ ਸਤਿਗੁਰੁ ਅੱਗੇ ਭੇਟ ਕਰਨ ਦੀ, ਅਨਹਦ ਸਬਦ, ਤੇ ਗੁਰ ਪ੍ਰਸਾਦਿ ਦੇ ਸਿਧਾਂਤ ਦੀ ਵਿਚਾਰਧਾਰਾ ਦਿੱਤੀ ਹੈ।

ਜਬ ਦੇਖਾ ਤਬ ਗਾਵਾ ॥
ਤਉ ਜਨ ਧੀਰਜੁ ਪਾਵਾ ॥ ੧॥
ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥ ੧॥ ਰਹਾਉ॥ (੬੫੬, ੬੫੭)


ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਨਾਲ ਦੀ ਗੁਆਂਢਣ ਨੇ ਪੁੱਛਿਆ, ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ? ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ। ਇਸੇ ਸਬਦ ਦੀ ਰਹਾਉ ਦੀ ਪੰਕਤੀ ਵਿੱਚ ਸਮਝਾਉਂਦੇ ਹਨ ਕਿ ਹੇ ਭੈਣ! ਉਸ ਤਰਖਾਣ ਦੀ ਇਸ ਤਰ੍ਹਾਂ ਦੱਸ ਨਹੀਂ ਪਾਈ ਜਾ ਸਕਦੀ; ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ ਤੇ ਉਹ ਮੇਰੀ ਜਿੰਦ ਦਾ ਆਸਰਾ ਹੈ। ਭਗਤ ਨਾਮਦੇਵ ਜੀ, ਨੇ ਬੇਢੀ ਸਬਦ ਸਿਰਫ ਅਕਾਲ ਪੁਰਖੁ ਲਈ ਵਰਤਿਆ ਹੈ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਤੇ ਸਾਰਿਆਂ ਦੇ ਪ੍ਰਾਣਾਂ ਦਾ ਅਧਾਰ ਹੈ। ਜੇ ਕੋਈ ਮਨੁੱਖ ਉਸ ਤਰਖਾਣ ਪਾਸੋਂ ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ ਦੀ ਮਜੂਰੀ ਮੰਗਦਾ ਹੈ; ਪ੍ਰੀਤ ਵੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਿਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ। ਜਿਸ ਤਰ੍ਹਾਂ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਣ ਤੇ ਉਸ ਪਾਸੋਂ ਉਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਇਸੇ ਤਰ੍ਹਾਂ ਮੈਂ ਉਸ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ ਹਾਂ, ਉਹ ਸਭਨਾਂ ਵਿੱਚ ਮਜੂਦ ਹੈ, ਉਹ ਸਭ ਥਾਈਂ ਵਿਆਪਕ ਹੈ। ਉਸ ਤਰਖਾਣ ਦੇ ਕੁੱਝ ਥੋੜੇ ਜਿਹੇ ਗੁਣ ਸੁਣ ਲੈ: ਉਸ ਨੇ ਧਰੂ (ਭਗਤ) ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਪਾਣੀ ਤੇ ਪੁਲ ਬੱਧਾ, ਨਾਮਦੇਵ ਦੇ ਉਸ ਤਰਖਾਣ ਨੇ ਲੰਕਾ ਤੋਂ ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ।

ਘਰੁ ੪ ਸੋਰਠਿ॥
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ ੧॥
ਰੀ ਬਾਈ ਬੇਢੀ ਦੇਨੁ ਨ ਜਾਈ ॥
ਦੇਖੁ ਬੇਢੀ ਰਹਿਓ ਸਮਾਈ ॥
ਹਮਾਰੈ ਬੇਢੀ ਪ੍ਰਾਨ ਅਧਾਰਾ ॥ ੧॥ ਰਹਾਉ॥
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥ ੨॥
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥ ੩॥
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ॥ ੪॥ ੨॥ (੬੫੬)

ਸਬਦ ਦਾ ਮੁਖ ਮੰਤਵ ਆਪਣੇ ਪਰਿਵਾਰਕ ਮੋਹ ਤੋਂ ਉਪਰ ਉਠ ਕੇ ਉਸ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਰੰਗਣ ਦੀ ਸਿਖਿਆ ਦਿਤੀ ਗਈ ਹੈ ਤਾਂ ਜੋ ਹਿਰਦੇ ਘਰ ਨੂੰ ਸੁੰਦਰ ਬਣਾਇਆ ਜਾ ਸਕੇ। ਸਬਦ ਨੂੰ ਵਿਚਾਰਨ ਨਾਲ ਤਾਂ ਅਸਲੀਅਤ ਇਹੀ ਲਗਦੀ ਹੈ ਕਿ ਇਥੇ ਦੁਨਿਆਵੀ ਘਰ ਬਣਾਉਂਣ ਦੀ ਬਜਾਏ ਹਿਰਦੇ ਘਰ ਨੂੰ ਸੁੰਦਰ ਬਣਾਉਂਣ ਲਈ ਪ੍ਰੇਮ ਦਾ ਮਾਰਗ ਦੱਸਿਆ ਗਿਆ ਹੈ।

ਭਗਤ ਨਾਮਦੇਵ ਜੀ ਸਮਝਾਉਂਦੇ ਹਨ ਕਿ ਮੈਨੂੰ ਪਿਆਰਾ ਰਾਮੁ ਮਿਲ ਪਿਆ ਹੈ, ਜਿਸ ਦੇ ਮਿਲਣ ਦੀ ਬਰਕਤ ਨਾਲ ਮੇਰਾ ਸਰੀਰ (ਮਨ) ਵੀ ਚਮਕ ਪਿਆ ਹੈ। ਰਾਮੁ ਦੇ ਅਖੀਰ ਤੇ ਔਕੜ ਵੀ ਉਸ ਅਕਾਲ ਪੁਰਖ ਦਾ ਸੰਕੇਤ ਦਿੰਦਾ ਹੈ। ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ, ਪਤੀਜ ਗਿਆ ਹੈ, ਤੇ ਸੁਅੱਛ ਹੋ ਗਿਆ ਹੈ। ਜਿਵੇਂ ਪਾਰਸ ਨਾਲ ਛੋਹ ਕੇ ਲੋਹਾ, ਸੋਨਾ ਬਣ ਜਾਂਦਾ ਹੈ, ਹੁਣ ਮੇਰੇ ਬਚਨਾਂ ਵਿੱਚ ਤੇ ਖ਼ਿਆਲਾਂ ਵਿੱਚ ਨਾਮ-ਰਤਨ ਪਰੋਤਾ ਗਿਆ ਹੈ। ਅਕਾਲ ਪੁਰਖੁ ਨਾਲ ਹੁਣ ਮੇਰਾ ਆਪਣਿਆਂ ਵਾਲਾ ਪਿਆਰ ਹੋ ਗਿਆ ਹੈ, ਤੇ ਸਾਰੇ ਭਰਮ ਭੁਲੇਖਾ ਦੂਰ ਹੋ ਗਏ ਹਨ।

ਮੋ ਕਉ ਮਿਲਿਓ ਰਾਮੁ ਸਨੇਹੀ ॥
ਜਿਹ ਮਿਲਿਐ ਦੇਹ ਸੁਦੇਹੀ ॥ ੧ ॥ ਰਹਾਉ ॥
ਮਿਲਿ ਪਾਰਸ ਕੰਚਨੁ ਹੋਇਆ ॥
ਮੁਖ ਮਨਸਾ ਰਤਨੁ ਪਰੋਇਆ ॥
ਨਿਜ ਭਾਉ ਭਇਆ ਭ੍ਰਮੁ ਭਾਗਾ ॥
ਗੁਰ ਪੂਛੇ ਮਨੁ ਪਤੀਆਗਾ ॥ ੨ ॥ (੬੫੭)

ਨਾਮਦੇਵ ਜੀ ਅੰਮ੍ਰਿਤ ਬਾਣੀ ਦਾ ਉਚਾਰਣ ਤੇ ਉਸ ਦੁਆਰਾ ਆਤਮਾ ਨੂੰ ਸਮਝਾਉਣ ਦੀ ਸਿਖਿਆ ਦਿੰਦੇ ਹਨ। ਹੁਣ ਮੈਂ ਮੁੜ ਮੁੜ ਜਨਮ ਮਰਨ ਵਿੱਚ ਨਹੀਂ ਆਵਾਂਗਾ, ਕਿਉਂਕਿ ਮੈਂ ਚਿੱਤ ਜੋੜ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੀ ਆਤਮਾ ਨੂੰ ਸਹੀ ਜੀਵਨ ਦੀ ਸਿੱਖਿਆ ਦੇਂਦਾ ਰਹਿੰਦਾ ਹਾਂ।

ਪਾਛੈ ਬਹੁਰਿ ਨ ਆਵਨੁ ਪਾਵਉ ॥
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥ ੧ ॥ ਰਹਾਉ ॥ (੬੯੩)

ਜਿਸ ਤਰ੍ਹਾਂ ਅਕਾਲ ਪੁਰਖੁ ਦੀ ਸੁੰਦਰਤਾ ਦਾ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਬਿਆਨ ਕੀਤਾ ਗਿਆ ਹੈ, ਠੀਕ ਉਸੇ ਤਰ੍ਹਾਂ ਭਗਤ ਨਾਮਦੇਵ ਜੀ ਅਕਾਲ ਪੁਰਖੁ ਦੀ ਸੁੰਦਰਤਾ ਬਿਆਨ ਕਰਦੇ ਹਨ, ਕਿ ਹੇ ਮੇਰੇ ਸੋਹਣੇ ਰਾਮ! ਤੇਰਾ ਨਾਮੁ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ।

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥ ੧ ॥ ਰਹਾਉ ॥ (੬੯੩)

ਪਹਿਲਾਂ ਪੁਰਸ਼ ਅਕਾਲ ਪੁਰਖੁ ਪਰਗਟ ਹੋਇਆ ਆਪੀਨੈ੍ਹ੍ਹ ਆਪੁ ਸਾਜਿਓ, ਆਪੀਨੈ੍ਹ੍ਹ ਰਚਿਓ ਨਾਉਫਿਰ ਅਕਾਲ ਪੁਰਖ ਤੋਂ ਮਾਇਆ ਬਣੀ ਦੁਯੀ ਕੁਦਰਤਿ ਸਾਜੀਐਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ ਮੇਲ ਹੋਇਆ ਕਰਿ ਆਸਣੁ ਡਿਠੋ ਚਾਉਇਸ ਤਰ੍ਹਾਂ ਇਹ ਸੰਸਾਰ ਅਕਾਲ ਪੁਰਖੁ ਦਾ ਇੱਕ ਸੋਹਣਾ ਜਿਹਾ ਬਾਗ਼ ਬਣ ਗਿਆ ਹੈ, ਜੋ ਇਉਂ ਨੱਚ ਰਿਹਾ ਹੈ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ, ਭਾਵ, ਸੰਸਾਰ ਦੇ ਜੀਵ ਮਾਇਆ ਵਿੱਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ। ਇਹ ਸਾਰੀ ਮਾਇਕ ਰਚਨਾ ਅਕਾਲ ਪੁਰਖੁ ਤੋਂ ਹੀ ਹੋਈ ਹੈ, ਅਕਾਲ ਪੁਰਖੁ ਸਭ ਵਿੱਚ ਵਿਆਪਕ ਹੈ। ਪਰ ਜੀਵ ਅਕਾਲ ਪੁਰਖੁ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਸਿਰਫ ਅਕਾਲ ਪੁਰਖੁ ਦੀ ਸ਼ਰਨ ਪਿਆਂ ਹੀ ਇਸ ਮਾਇਆ ਦੇ ਝਮੇਲੇ ਤੋਂ ਬਚਿਆ ਜਾ ਸਕਦਾ ਹੈ।

ਪਹਿਲ ਪੁਰਸਾਬਿਰਾ ॥
 ਅਥੋਨ ਪੁਰਸਾਦਮਰਾ ॥
ਅਸਗਾ ਅਸ ਉਸਗਾ ॥
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥ ੧ ॥ ਰਹਾਉ ॥ (੬੯੩, ੬੯੪)

ਭਗਤ ਨਾਮਦੇਵ ਜੀ, ਨੇ ਗੋਬਿੰਦ ਸਬਦ ਵੀ ਸਿਰਫ ਅਕਾਲ ਪੁਰਖੁ ਲਈ ਵਰਤਿਆ ਹੈ, ਜੋ ਸਾਰਿਆਂ ਤੋਂ ਉਪਰ ਹੈ। ਉਸ ਗੋਬਿੰਦ ਦੀ ਮਿਹਰ ਨਾਲ ਮੇਰੇ ਮੱਥੇ ਉੱਤੇ ਵੀ ਉਸ ਦੇ ਚਰਨਾਂ ਦੀ ਧੂੜ ਲੱਗੀ ਹੈ ਭਾਵ, ਮੈਨੂੰ ਵੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ, ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਵੀ ਭਾਗਾਂ ਵਿੱਚ ਨਹੀਂ ਹੋ ਸਕੀ। ਅਕਾਲ ਪੁਰਖੁ ਦੇ ਸਿਮਰਨ ਦੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਜੋ ਸਿਮਰਦੇ ਹਨ, ਉਨ੍ਹਾਂ ਦੇ ਸਭ ਪਾਪ ਦੂਰ ਹੋ ਜਾਂਦੇ ਹਨ।

ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥ ੧ ॥ ਰਹਾਉ ॥ (੬੯੪)


ਇਨਸਾਨੀ ਸੁਭਾਅ ਵਿੱਚ ਇਹ ਇੱਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅਤਿ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗੀਆਂ ਹਨ। ਜਿਸ ਕਰਕੇ ਭਗਤ ਨਾਮਦੇਵ ਜੀ, ਨੇ ਕਈ ਵਾਰੀ ਰਾਮ ਤੇ ਕਿ੍ਰਸ਼ਨ ਦਾ ਜਿਕਰ ਕੀਤਾ ਹੈ। ਭਗਤ ਜੀ, ਕਹਿੰਦੇ ਹਨ ਕਿ ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੰਸਰੀ ਤਾਂ ਕਿ੍ਰਸ਼ਨ ਵਜਾਉਂਦਾ ਸੀ ਤੇ ਇਥੇ ਤਾਂ ਜਿਕਰ ਰਾਮ ਦਾ ਕੀਤਾ ਗਿਆ ਹੈ। ਇਹ ਸਬਦ ਸਪੱਸ਼ਟ ਕਰ ਦਿੰਦਾ ਹੈ ਕਿ ਉਹ ਰਾਮ ਚੰਦਰ ਦਾ ਜਿਕਰ ਨਹੀ ਕਰ ਰਹੇ ਹਨ, ਉਹ ਤਾਂ ਸਰਬ ਵਿਆਪਕ ਰਾਮੁ, ਭਾਵ, ਅਕਾਲ ਪੁਰਖੁ ਦਾ ਜਿਕਰ ਕਰ ਰਹੇ ਹਨ।

ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮਧੁਰ ਮਧੁਰ ਧੁਨਿ ਅਨਹਤ ਗਾਜੈ ॥ ੧ ॥ ਰਹਾਉ ॥ (੯੮੮)

ਭਗਤ ਨਾਮਦੇਵ ਜੀ, ਤਾਂ ਅਕਾਲ ਪੁਰਖੁ ਨੂੰ ਲੰਮੇ ਕੇਸਾਂ ਵਾਲਾ ਕਹਿੰਦੇ ਹਨ, ਫਿਰ ਬਿਨਾ ਕੇਸਾਂ ਵਾਲੇ ਦਾ, ਭਗਤ ਨਾਮਦੇਵ ਅਤੇ ਗੁਰੂ ਗਰੰਥ ਸਾਹਿਬ ਨੂੰ ਟੇਕਿਆ ਮੱਥਾ ਕਿਸ ਤਰ੍ਹਾ ਪ੍ਰਵਾਨ ਹੋ ਸਕਦਾ ਹੈ। ਮੱਥਾ ਟੇਕਣ ਦਾ ਭਾਵ ਹੀ ਇਹੀ ਹੈ ਕਿ ਮੈਂ ਆਪਣੀ ਮਤ ਤਿਆਗ ਰਿਹਾ ਹਾਂ ਤੇ ਗੁਰੂ ਸਾਹਿਬ ਦੀ ਦਿਤੀ ਹੋਈ ਮਤ ਅਨੁਸਾਰ ਚਲਾਂਗਾ। ਭਗਤ ਨਾਮਦੇਵ ਜੀ, ਬੇਨਤੀ ਕਰਦੇ ਹਨ ਕਿ ਹੇ ਮੇਰੇ ਮਾਧੋ, ਲੰਮੇ ਕੇਸਾਂ ਵਾਲੇ, ਸਾਂਵਲੇ ਰੰਗ ਵਾਲੇ, ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ। ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ। ਹੇ ਮਾਧੋ! ਹੱਥਾਂ ਵਿੱਚ ਚੱਕਰ ਫੜ ਕੇ ਬੈਕੁੰਠ ਤੋਂ ਹੀ ਆਇਆ ਸੀ ਤੇ ਗਜ ਹਾਥੀ ਦੀ ਜਿੰਦ ਤੰਦੂਏ ਤੋਂ ਤੂੰ ਹੀ ਬਚਾਈ ਸੀ। ਹੇ ਸਾਂਵਲੇ ਅਕਾਲ ਪੁਰਖੁ! ਦੁਹਸਾਸਨ ਦੀ ਸਭਾ ਵਿੱਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ। ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ, ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ ਅਨੇਕਾਂ ਪਤਿਤਾਂ ਨੂੰ ਪਵਿਤੱਰ ਕੀਤਾ ਤੇ ਤਾਰਿਆ ਹੈ। ਮੈਂ ਨਾਮਦੇਵ ਵੀ ਇੱਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਵੀ ਸਹਾਇਤਾ ਕਰ।

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥ ੧ ॥ ਰਹਾਉ ॥
ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥ ੧ ॥
ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥ ੨ ॥ ੨ ॥ (੯੮੮)

ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਜਿਸ ਨੂੰ ਆਪਣਾ ਪੈਦਾ ਕਰਨ ਵਾਲਾ ਕਹਿ ਰਹੇ ਹਨ, ਤੇ ਜਿਸ ਦੀ ਸ਼ਰਨ ਪੈਂਦੇ ਹਨ, ਉਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ, ਜਿਵੇਂ, ਮਾਧੋ, ਕੇਸੋ, ਸਾਂਵਲਾ, ਬੀਠੁਲ। ਮਾਧੋ, ਸਾਂਵਲਾ ਤੇ ਬੀਠੁਲ ਤਾਂ ਕਿ੍ਰਸ਼ਨ ਜੀ ਦੇ ਨਾਮ ਕਹੇ ਜਾ ਸਕਦੇ ਹਨ, ਪਰ ਕੇਸੌਵਿਸ਼ਨੂੰ ਦਾ ਨਾਮ ਹੈ। ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਇਆ ਹੈ, ਉਹਨਾਂ ਸਭਨਾਂ ਦਾ ਵਾਹ ਕਿ੍ਰਸ਼ਨ ਜੀ ਨਾਲ ਨਹੀਂ ਪਿਆ। ਪੁਰਾਣਕ ਸਾਖੀਆਂ ਅਨੁਸਾਰ ਦਰੋਪਤੀ ਦੀ ਲਾਜ ਕਿ੍ਰਸ਼ਨ ਜੀ ਨੇ ਰੱਖੀ ਸੀ; ਪਰ ਅਹੱਲਿਆ ਨੂੰ ਤਾਰਨ ਵਾਲੇ ਤਾਂ ਰਾਮ ਚੰਦਰ ਜੀ ਸਨ। ਇੱਕ ਅਵਤਾਰ ਦਾ ਭਗਤ ਦੂਜੇ ਅਵਤਾਰ ਦਾ ਪੁਜਾਰੀ ਨਹੀਂ ਹੋ ਸਕਦਾ। ਦਰੋਪਤੀ ਤੇ ਅਹੱਲਿਆ ਦੋਹਾਂ ਨੂੰ ਵੱਖੋ-ਵੱਖਰੇ ਜੁਗਾਂ ਵਿੱਚ ਤਾਰਨ ਵਾਲਾ ਨਾਮਦੇਵ ਜੀ ਨੂੰ ਕੋਈ ਹੋਰ ਦਿੱਸ ਰਿਹਾ ਹੈ, ਜੋ ਸਿਰਫ਼ ਇਕੋ ਜੁਗ ਵਿੱਚ ਨਹੀਂ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਨਾਮਦੇਵ ਜੀ ਨੂੰ ਉਹ ਪ੍ਰਭੂ, ਸਭਨਾਂ (ਨਾਰਾਇਣ, ਕਿ੍ਰਸ਼ਨ ਜੀ ਤੇ ਰਾਮ ਚੰਦਰ ਜੀ) ਵਿੱਚ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਕਹਿ ਲਵੋ ਕਿ ਨਾਮਦੇਵ ਜੀ, ਇਸ ਸ਼ਬਦ ਵਿੱਚ ਨਿਰੋਲ ਅਕਾਲ ਪੁਰਖੁ ਅੱਗੇ ਬੇਨਤੀ ਕਰ ਰਹੇ ਹਨ। ਇਹ ਸਭ ਸਿਮਰਨ ਦੀ ਮਹਿਮਾ ਹੈ, ਜੋ ਵੀ ਅਕਾਲ ਪੁਰਖੁ ਦੀ ਸ਼ਰਨ ਆਉਂਦਾ ਹੈ, ਅਕਾਲ ਪੁਰਖੁ ਉਸ ਨੂੰ ਅਪਦਾ ਤੋਂ ਬਚਾ ਲੈਂਦਾ ਹੈ।

ਸਾਰੇ ਸਰੀਰਾਂ ਵਿੱਚ ਅਕਾਲ ਪੁਰਖੁ (ਰਾਮੁ) ਬੋਲਦਾ ਹੈ, ਅਕਾਲ ਪੁਰਖੁ ਹੀ ਬੋਲਦਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ। ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ, ਹਰੇਕ ਘਟਿ (ਸਰੀਰ) ਵਿੱਚ ਅਕਾਲ ਪੁਰਖੁ ਹੀ ਸਮਾਇਆ ਹੋਇਆ ਹੈ। ਇਸ ਲਈ ਹੋਰ ਸਭਨਾਂ ਦੀ ਆਸ ਛੱਡ, ਇੱਕ ਬੇਅੰਤ ਅਕਾਲ ਪੁਰਖੁ ਦਾ ਧਿਆਨ ਧਰ, ਜੋ ਸਭਨਾਂ ਵਿੱਚ ਮੌਜੂਦ ਹੈ। ਨਾਮਦੇਵ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਅਕਾਲ ਪੁਰਖੁ ਦਾ ਧਿਆਨ ਧਰ ਕੇ ਨਿਸ਼ਕਾਮ ਹੋ ਜਾਂਦਾ ਹੈ, ਉਸ ਵਿੱਚ ਅਤੇ ਅਕਾਲ ਪੁਰਖੁ ਵਿੱਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ। ਇਸ ਲਈ ਹੋਰ ਆਸਾਂ ਛੱਡ ਕੇ ਸਿਰਫ ਉਸੇ ਇੱਕ ਦਾ ਆਸਰਾ ਲੈਣਾ ਚਾਹੀਦਾ ਹੈ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥ ੧ ॥ ਰਹਾਉ ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥ ੧ ॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥ ੨ ॥ ੩ ॥ (੯੮੮)

ਮਨ ਦਾ ਦੁੱਖ-ਕਲੇਸ਼ ਜਾਂ ਦੁਖੀਏ ਦਾ ਆਪਣਾ ਮਨ ਜਾਣਦਾ ਹੈ ਤੇ ਜਾਂ ਅੰਤਰਜਾਮੀ ਅਕਾਲ ਪੁਰਖੁ ਜਾਣਦਾ ਹੈ। ਇਸ ਲਈ ਜੇ ਆਖਣਾ ਹੋਵੇ ਤਾਂ ਉਸ ਅੰਤਰਜਾਮੀ ਅੱਗੇ ਬੇਨਤੀ ਕਰਨੀ ਚਾਹੀਦਾ ਹੈ। ਭਗਤ ਜੀ ਕਹਿੰਦੇ ਹਨ ਕਿ ਮੈਨੂੰ ਤਾਂ ਹੁਣ ਕੋਈ ਦੁੱਖਾਂ ਦਾ ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਅਕਾਲ ਪੁਰਖੁ ਨੂੰ ਸਿਮਰ ਰਿਹਾ ਹਾਂ। ਮੇਰੇ ਗੋਪਾਲ ਗੋਸਾਈਂ ਨੇ ਮੈਨੂੰ ਆਪਣੇ ਸਰਬ ਵਿਆਪਕ ਗੁਣਾਂ ਨਾਲ ਵਿੰਨ੍ਹ ਦਿਤਾ ਹੈ, ਹੁਣ ਮੈਨੂੰ ਉਹ ਪਿਆਰਾ ਅਕਾਲ ਪੁਰਖੁ ਸਭ ਥਾਂ ਵੱਸਦਾ ਦਿਸਦਾ ਹੈ। ਉਸ ਅੰਤਰਜਾਮੀ ਦਾ ਮਨੁੱਖ ਦੇ ਮਨ ਵਿੱਚ ਹੀ ਹੱਟ ਹੈ, ਮਨ ਵਿੱਚ ਹੀ ਸ਼ਹਿਰ ਹੈ, ਤੇ ਮਨ ਵਿੱਚ ਹੀ ਉਹ ਹੱਟ ਚਲਾ ਰਿਹਾ ਹੈ, ਉਹ ਅਨੇਕ ਰੂਪਾਂ ਰੰਗਾਂ ਵਾਲਾ ਅਕਾਲ ਪੁਰਖੁ ਮਨੁੱਖ ਦੇ ਮਨ ਵਿੱਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ। ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਹੈ, ਉਸ ਦਾ ਦੁਚਿਤਾ ਪਨ ਖਤਮ ਹੋ ਜਾਂਦਾਂ ਹੈ ਤੇ ਅਡੋਲ ਆਤਮਕ ਅਵਸਥਾ ਵਿੱਚ ਟਿਕ ਜਾਂਦਾ ਹੈ। ਉਸ ਨੂੰ ਹਰ ਥਾਂ ਅਕਾਲ ਪੁਰਖੁ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਅਕਾਲ ਪੁਰਖੁ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ, ਉਹ ਅਕਾਲ ਪੁਰਖੁ ਵਰਗਾ ਨਿਡਰ ਹੋ ਜਾਂਦਾ ਹੈ, ਉਸ ਦੀ ਵਿਚਾਰ ਧਾਰਾ ਇੱਕ ਹੋ ਜਾਂਦੀ ਹੈ। ਜੋ ਮਨੁੱਖ ਉੱਤਮ ਪੁਰਖ, ਅਕਾਲ ਪੁਰਖੁ ਨੂੰ ਸਰਬ-ਵਿਆਪਕ ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਅਕਾਲ ਪੁਰਖੁ ਦਾ ਨਾਮੁ ਬਣ ਜਾਂਦੀ ਹੈ, ਭਾਵ, ਉਹ ਹਰ ਵੇਲੇ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ। ਨਾਮਦੇਵ ਜੀ ਆਖਦੇ ਹਨ ਕਿ ਉਨ੍ਹਾਂ ਬੰਦਿਆਂ ਨੇ ਅਸਚਰਜ, ਅਲੱਖ ਤੇ ਜਗਤ-ਦੇ-ਜੀਵਨ, ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ। ਇਸ ਸਭ ਗੁਰੂ ਦੇ ਸਬਦ ਦੀ ਬਰਕਤ ਹੀ ਹੈ ਜਿਸ ਸਦਕਾ ਸਰਬ-ਵਿਆਪਕ ਅਕਾਲ ਪੁਰਖੁ ਹਿਰਦੇ ਵਿੱਚ ਹੀ ਲੱਭ ਪੈਂਦਾ ਹੈ, ਤੇ ਅੰਦਰ ਨਿਡਰਤਾ ਪੈਦਾ ਹੋ ਜਾਂਦੀ ਹੈ।

ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥
ੴ ਸਤਿਗੁਰ ਪ੍ਰਸਾਦਿ ॥
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥ ੧ ॥
ਬੇਧੀਅਲੇ ਗੋਪਾਲ ਗਸਾਈ ॥
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥ ੧ ॥ ਰਹਾਉ ॥
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥ ੨॥
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥ ੩ ॥
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥  
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥ ੪॥ ੧॥ (੧੩੫੦, ੧੩੫੧)

ਉਹ ਰਾਮੁ ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿੱਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਸਭ ਜੀਵਾਂ ਵਿੱਚ ਇਕ-ਰਸ ਵਿਆਪਕ ਹੈ। ਸਭ ਧਰਮ-ਪੁਸਤਕਾਂ ਨੇ ਉਸ ਰਾਮੁ ਦਾ ਕੁੱਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ, ਉਥੇ ਮੇਰਾ ਸੋਹਣਾ ਰਾਮ, ਸੁਖ-ਸਰੂਪ ਰਾਮ, ਗੋਬਿੰਦ ਪਰਗਟ ਹੋ ਜਾਂਦਾ ਹੈ। ਇਹ ਗੁਰੂ ਦਾ ਸਬਦ ਹੀ ਹੈ, ਜਿਸ ਦੀ ਬਰਕਤ ਨਾਲ ਭਗਤ ਦੇ ਅੰਦਰ ਅਕਾਲ ਪੁਰਖੁ ਵਾਲੇ ਗੁਣ ਪੈਦਾ ਹੋ ਜਾਂਦੇ ਹਨ।

ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥
ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥ ੧ ॥
ਗੋਬਿਦੁ ਗਾਜੈ ਸਬਦੁ ਬਾਜੈ ॥
ਆਨਦ ਰੂਪੀ ਮੇਰੋ ਰਾਮਈਆ ॥ ੧ ॥ ਰਹਾਉ ॥ (੧੩੫੧)

ਜਿਸ ਅਕਾਲ ਪੁਰਖੁ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇੱਕ ਖੇਡ ਬਣਾ ਦਿੱਤੀ ਹੈ। ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ, ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ। ਸਾਰੇ ਜੀਵਾਂ ਵਿੱਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ, ਪਰ ਅਸੀਂ ਸਾਰੇ ਜੀਵ ਜੋ ਕੁੱਝ ਕਰਦੇ ਹਾਂ, ਸਾਡੇ ਅੰਦਰ ਉਸ ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦੇ ਹਨ।

ਪ੍ਰਭਾਤੀ ॥
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥ ੧ ॥
ਜੀਅ ਕੀ ਜੋਤਿ ਨ ਜਾਨੈ ਕੋਈ ॥
ਤੈ ਮੈ ਕੀਆ ਸੁ ਮਾਲੂਮੁ ਹੋਈ ॥ ੧ ॥ ਰਹਾਉ ॥ (੧੩੫੧)

ਭਗਤ ਨਾਮਦੇਵ ਜੀ ਦਾ ਬੀਠੁਲਉਹ ਹੈ ਜੋ ਆਪ ਹੀ ਕਰਤਾਹੈ ਜਿਸ ਨੇ ਇਹ ਜਗਤ-ਤਮਾਸ਼ਾ ਬਣਾਇਆ ਹੈ, ਤੇ ਜਿਸ ਨੂੰ ਸਭ ਜੀਵਾਂ ਦੇ ਦਿਲਾਂ ਦੇ ਭੇਤ ਮਲੂਮ ਹੋ ਜਾਂਦੇ ਹਨ। ਜੇ ਨਿਰਾ ਇਹ ਲਫ਼ਜ਼ ਵਰਤਣ ਤੋਂ ਹੀ ਨਾਮਦੇਵ ਜੀ ਨੂੰ ਕਿਸੇ ਬੀਠੁਲ-ਮੂਰਤੀ ਦਾ ਉਪਾਸ਼ਕ ਮੰਨ ਲੈਣਾ ਹੈ ਤਾਂ ਇਹ ਲਫ਼ਜ਼ ਬੀਠੁਲਗੁਰੂ ਅਰਜਨ ਸਾਹਿਬਾਂ ਨੇ ਵੀ ਆਪਣੀ ਬਾਣੀ ਵਿੱਚ ਕਈ ਵਾਰ ਵਰਤਿਆ ਹੈ।

ਹੇਠ ਲਿਖੇ ਸਬਦਾਂ ਵਿੱਚ ਗੁਰੁ ਅਰਜਨ ਸਾਹਿਬ ਨੇ ਬੀਠੁਲ ਲਫ਼ਜ਼ ਵਰਤਿਆ ਹੈ।

ਗਉੜੀ ਮਹਲਾ ੫ ॥
ਐਸੋ ਪਰਚਉ ਪਾਇਓ ॥
ਕਰੀ ਕਿ੍ਰਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥ ੧ ॥ ਰਹਾਉ ॥ (੨੦੫)

ਮਾਰੂ ਮਹਲਾ ੫ ॥
ਪੀਤ ਪੀਤੰਬਰ ਤ੍ਰਿਭਵਣ ਧਣੀ ॥
ਜਗੰਨਾਥੁ ਗੋਪਾਲੁ ਮੁਖਿ ਭਣੀ ॥
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥ ੧੧॥ (੧੦੮੨)

ਸਾਰਗ ਮਹਲਾ ੫ ॥
ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥
ਜਾ ਕਉ ਭਇਓ ਕਿ੍ਰਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥ ੩ ॥ (੧੨੦੬)

ਸਾਰਗ ਮਹਲਾ ੫ ॥
ਜੀਵਤੁ ਰਾਮ ਕੇ ਗੁਣ ਗਾਇ ॥
ਕਰਹੁ ਕਿ੍ਰਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ ॥ ੧ ॥ ਰਹਾਉ ॥ (੧੨੨੩)

ਭਗਤ ਨਾਮਦੇਵ ਜੀ, ਆਪਣੀ ਬਾਣੀ ਵਿੱਚ ਸਮਝਾਂਉਂਦੇ ਹਨ, ਕਿਨੀ ਅਜੀਬ ਗੱਲ ਹੈ ਕਿ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨਾਲ ਪਿਆਰ ਕੀਤਾ ਜਾਂਦਾ ਹੈ, ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਦੇਵਤਾ ਹੈ ਤਾਂ ਦੂਜਾ ਪੱਥਰ ਵੀ ਦੇਵਤਾ ਹੈ, ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ? ਪਰ ਨਾਮਦੇਵ ਜੀ ਆਖਦੇ ਹਨ ਕਿ ਅਸੀਂ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ, ਅਸੀਂ ਤਾਂ ਹਰਿ ਦੀ ਬੰਦਗੀ ਕਰਦੇ ਹਾਂ। ਹੁਣ ਸਾਡੇ ਨੇ ਨਿਰਭਰ ਕਰਦਾ ਹੈ ਕਿ ਅਸਾਂ ਨਾਮਦੇਵ ਜੀ ਦੇ ਇਨ੍ਹਾਂ ਲਫ਼ਜ਼ਾਂ ਉੱਤੇ ਇਤਬਾਰ ਕਰਨਾ ਹੈ, ਜਾਂ, ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ? ਭਗਤ ਨਾਮਦੇਵ ਜੀ, ਹਰੀ ਭਾਵ ਸਿਰਫ ਅਕਾਲ ਪੁਰਖੁ ਦਾ ਹੀ ਭਜਨ ਕਰਦੇ ਸਨ ਤੇ ਉਸੇ ਦੀ ਹੀ ਸਿਖਿਆ ਦਿੰਦੇ ਹਨ।

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥ ੪ ॥ ੧ ॥ (੫੨੫)

ਭਗਤ ਨਾਮਦੇਵ ਜੀ, ਕਹਿੰਦੇ ਹਨ ਕਿ ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਵੀ ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਵੀ ਉਸ ਦੇ ਮੁਕੰਮਲ ਸਰੂਪ ਨੂੰ ਨਹੀਂ ਸਮਝਿਆ। ਇਸ ਲਈ ਨਾਮਦੇਵ ਜੀ ਦੀ ਬਾਣੀ ਵਿੱਚ ਨਿਰਾ ਬੀਠੁਲਲਫ਼ਜ਼ ਵੇਖ ਕੇ ਇਹ ਫ਼ਰਜ਼ ਕਰ ਲੈਣਾ ਭਾਰੀ ਭੁੱਲ ਹੈ ਕਿ ਭਗਤ ਜੀ ਕਿਸੇ ਮੂਰਤੀ ਦੇ ਉਪਾਸ਼ਕ ਸਨ। ਉਨ੍ਹਾਂ ਨੇ ਆਪਣੇ ਬੀਠੁਲਦਾ ਜੋ ਸਰੂਪ ਇੱਥੇ ਬਿਆਨ ਕੀਤਾ ਹੈ, ਉਹ ਕਿਸੇ ਮੂਰਤੀ ਦਾ ਨਹੀਂ ਹੋ ਸਕਦਾ ਹੈ, ਉਹ ਸਿਰਫ ਉਸ ਸਰਬ-ਵਿਆਪਕ ਅਕਾਲ ਪੁਰਖੁ ਦਾ ਹੀ ਹੋ ਸਕਦਾ ਹੈ। ਫਿਰ ਅਸੀਂ ਗੁਰਬਾਣੀ ਦੀ ਸਚਾਈ ਨੂੰ ਤਿਆਗ ਕੇ ਲੋਕਾਂ ਦੀ ਘੜੀਆਂ ਹੋਈਆਂ ਕਥਾਵਾਂ ਉੱਪਰ ਕਿਉਂ ਇਤਬਾਰ ਕਰਦੇ ਹਾਂ?

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ॥ ੧॥ ਰਹਾਉ॥ (੫੨੫)

ਭਗਤ ਨਾਮਦੇਵ ਜੀ ਨੇ ਸਿਰਫ ਅਕਾਲ ਪੁਰਖੁ ਦੇ ਨਾਮੁ ਦਾ ਹੀ ਸਹਾਰਾ ਲਿਆ ਹੈ। ਤੇਰਾ ਨਾਮੁ ਹੀ ਮੇਰੇ ਵਰਗੇ ਅੰਨ੍ਹੇ ਲਈ ਡੰਗੋਰੀ ਹੈ, ਸਹਾਰਾ ਹੈ; ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ ਹੀ ਮੇਰਾ ਆਸਰਾ ਹੈ। ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ ਹੀ ਅਮੀਰ ਹੈਂ, ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ, ਫਿਰ, ਮੈਨੂੰ ਕਿਸੇ ਹੋਰ ਦੀ ਕੀ ਮੁਥਾਜੀ? ਤੂੰ ਰਹਿਮਤ ਦਾ ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ ਜੀਵਾਂ ਨੂੰ ਪਦਾਰਥ ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ ਜੋ ਇਹ ਸਮਰੱਥਾ ਰੱਖਦਾ ਹੋਵੇ। ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਤੇ ਸਭ ਦੇ ਕੰਮ ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?

ਭਗਤ ਨਾਮਦੇਵ ਜੀ, ਨੇ ਕਰੀਮ, ਰਹੀਮ, ਅਲਾਹ ਤੇ ਹਰੀ ਸਬਦ ਇਕੋ ਪੰਕਤੀ ਵਿੱਚ ਸਿਰਫ ਅਕਾਲ ਪੁਰਖੁ ਲਈ ਵਰਤਿਆ ਹੈ। ਜੇ ਮੁਸਲਮਾਨੀ ਲਫ਼ਜ਼, ਅੱਲਾਹ, ਕਰੀਮ, ਰਹੀਮ ਦੇ ਵਰਤਣ ਤੋਂ ਅਸੀ ਨਾਮਦੇਵ ਜੀ ਨੂੰ ਮੁਸਲਮਾਨ ਨਹੀਂ ਸਮਝ ਸਕਦੇ, ਤਾਂ ਕਿ੍ਰਸ਼ਨ ਤੇ ਬੀਠੁਲ ਆਦਿਕ ਲਫ਼ਜ਼ਾਂ ਤੋਂ ਵੀ ਇਹ ਅੰਦਾਜ਼ਾ ਗ਼ਲਤ ਹੈ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ। ਉਹ ਤਾਂ ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰ ਰਹੇ ਹਨ, ਕਿ ਤੂੰ ਹੀ ਮੇਰਾ ਸਹਾਰਾ ਹੈਂ, ਸਭ ਦਾ ਰਾਜ਼ਕ ਤੂੰ ਹੀ ਹੈਂ।

ਨਾਮਦੇਵ ਜੀ
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ੧॥ ਰਹਾਉ
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ ॥ ੧॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥ ੨॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥ (੭੨੭)

ਭਗਤ ਨਾਮਦੇਵ ਜੀ, ਇਸ ਹੇਠ ਲਿਖੇ ਸਬਦ ਵਿੱਚ ਸਭ ਕੁੱਝ ਸਪੱਸ਼ਟ ਕਰ ਦਿੰਦੇ ਹਨ ਕਿ ਉਹ ਕਿਸ ਬੀਠਲੁ, ਰਾਮੁ ਅਦਿ ਦੀ ਗਲ ਕਰ ਰਹੇ ਹਨ। ਉਹ ਤਾਂ ਸਿਧਾ ਕਹਿੰਦੇ ਹਨ ਕਿ ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿੱਚ ਅਕਾਲ ਪੁਰਖੁ ਦਾ ਦਰਸ਼ਨ ਕਰ ਲਿਆ ਹੈ ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ।

ਹੇ ਪਾਂਡੇ! ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ ਤੇਰੀ ਗਾਇਤ੍ਰੀ ਉਹ ਹੈ, ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇੱਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆ ਕੇ ਇਹ ਇੱਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ ਵਿਚਾਰੀ ਲੰਙਾ ਲੰਙਾ ਕੇ ਤੁਰਨ ਲੱਗੀ।

ਹੇ ਪਾਂਡੇ! ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ, ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ? ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ, ਕਿਸੇ ਭੰਡਾਰੀ ਦੇ ਘਰ, ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ, ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ ਉਸ ਦਾ ਮੁੰਡਾ ਮਾਰ ਦਿੱਤਾ।

ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਵੀ ਆਉਂਦੇ ਵੇਖੇ ਹਨ, ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਵੀ ਤੈਥੋਂ ਇਹੀ ਕੁੱਝ ਅਸਾਂ ਸੁਣਿਆ ਹੈ ਕਿ ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ ਸੀਤਾ ਜੀ ਗਵਾ ਬੈਠੇ ਸਨ।

ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਅਕਾਲ ਪੁਰਖੁ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ ਹੈ। ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਅਕਾਲ ਪੁਰਖੁ ਨੂੰ ਨਿਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ ਦੀ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ, ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ।

ਮੈਂ ਨਾਮਦੇਵ ਉਸ ਅਕਾਲ ਪੁਰਖੁ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ।

ਬਿਲਾਵਲੁ ਗੋਂਡ
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥ ੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥ ੩॥
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ ੪॥ ੩॥ ੭॥ (੮੭੪, ੮੭੫)

ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ, ਮੈਂ ਹੁਣ ਜਗਤ ਦੇ ਸਾਰੇ ਦੁੱਖ ਭੁਲਾ ਕੇ ਆਤਮਕ ਸੁਖ ਵਿੱਚ ਲੀਨ ਹੋ ਗਿਆ ਹਾਂ। ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ ਐਸਾ ਸੁਰਮਾ ਦਿੱਤਾ ਹੈ ਕਿ ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ। ਮੈਂ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ ਤੇ ਜਗਤ ਦੇ ਆਸਰੇ ਪ੍ਰਭੂ ਵਿੱਚ ਮੇਰੀ ਜਿੰਦ ਲੀਨ ਹੋ ਗਈ ਹੈ। ਇਹ ਸਬਦ ਸਪੱਸ਼ਟ ਕਰ ਦਿੰਦਾਂ ਹੈ ਕਿ ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ ਤੇ ਇਹ ਦਾਤ ਗੁਰੂ ਤੋਂ ਮਿਲਦੀ ਹੈ

ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ॥ ਸਫਲ ਜਨਮੁ ਮੋ ਕਉ ਗੁਰ ਕੀਨਾ
ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥ ੧॥
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ
ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ੧॥ ਰਹਾਉ॥
ਨਾਮਦੇਇ ਸਿਮਰਨੁ ਕਰਿ ਜਾਨਾਂ
ਜਗਜੀਵਨ ਸਿਉ ਜੀਉ ਸਮਾਨਾਂ ॥ ੨॥ ੧॥ (੮੫੭, ੮੫੮)

ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖੁ ਨੂੰ ਭਾਵੇਂ ਕਈ ਨਾਂ ਜਿਵੇਂ ਕਿ ਹਰਿ, ਗੋਬਿੰਦੁ, ਬੀਠੁਲ, ਰਾਮ, ਆਦਿ ਨਾਲ ਆਪਣੀ ਬਾਣੀ ਵਿੱਚ ਸੰਬੋਧਨ ਕੀਤਾ ਹੈ, ਪਰ ਨਾਲ ਦੀ ਨਾਲ ਹਰੇਕ ਸਬਦ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਕਰਦੇ ਰਹੇ ਕਿ ਉਹ ਸਿਰਫ ਸਰਬ ਵਿਆਪਕ, ਸਾਰਿਆਂ ਵਿੱਚ ਸਮਾਏ ਹੋਏ ਉਸ ਅਕਾਲ ਪੁਰਖੁ ਦੇ ਸੇਵਕ ਹਨ ਤੇ ਸਬਦ ਗੁਰੂ ਦੇ ਪੁਜਾਰੀ ਸਨ।

ਜੇ ਕਰ ਭਗਤ ਨਾਮਦੇਵ ਜੀ ਦੀਆਂ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਕੋਈ ਕਰਾਮਾਤ ਨਹੀਂ ਕੀਤੀ ਤੇ ਨਾ ਹੀ ਕਿਸੇ ਕਰਮ ਕਾਂਡ ਨੂੰ ਪ੍ਰਵਾਨ ਕੀਤਾ ਹੈ। ਉਨ੍ਹਾਂ ਨੇ ਸਿਰਫ ਇੱਕ ਅਕਾਲ ਪੁਰਖੁ ਪ੍ਰਚਾਰ ਕੀਤਾ ਹੈ ਜੋ ਕਿ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਆਪਣੇ ਸਬਦਾਂ ਦੁਆਰਾ ਕੀਤਾ ਹੈ।

·
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ (੪੮੫)

·
ਕਹਾ ਕਰਉ ਜਾਤੀ ਕਹ ਕਰਉ ਪਾਤੀ॥ ਰਾਮ ਕੋ ਨਾਮੁ ਜਪਉ ਦਿਨ ਰਾਤੀ॥ ੧ਰਹਾਉ॥ (੪੮੫)

·
ਕਾਹੇ ਕਉ ਕੀਜੈ ਧਿਆਨੁ ਜਪੰਨਾ॥ ਜਬ ਤੇ ਸੁਧੁ ਨਾਹੀ ਮਨੁ ਅਪਨਾ॥ ੧॥ ਰਹਾਉ॥ (੪੮੫)

·
ਪਾਛੈ ਬਹੁਰਿ ਨ ਆਵਨੁ ਪਾਵਉ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ॥ ੧॥ ਰਹਾਉ॥ (੬੯੩)

·
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥ ੧॥ ਰਹਾਉ॥ (੯੮੮)

·
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ॥ ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ॥ ੩॥ (੧੩੫੦, ੧੩੫੧)

·
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ ੧॥ ਰਹਾਉ॥ (੭੨੭)

·
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ॥ ੧॥ ਰਹਾਉ॥ (੮੫੭, ੮੫੮)

·
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ ੪॥ ੩॥ ੭॥ (੮੭੪, ੮੭੫)


No comments: