Tuesday, December 18, 2012

ਪੰਜ ਪਿਆਰੇ

1 ਭਾਈ ਦਇਆ ਸਿੰਘ ਜੀ
2 ਭਾਈ ਧਰਮ ਸਿੰਘ ਜੀ
3 ਭਾਈ ਮੋਹਕਮ ਸਿੰਘ ਜੀ
4 ਭਾਈ ਹਿੰਮਤ ਸਿੰਘ ਜੀ
5 ਭਾਈ ਸਾਹਿਬ ਸਿੰਘ ਜੀ

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਪੰਜਾਂ ਸਿੰਘਾਂ ਕੋਲੋਂ ਸੀਸ ਭੇਟ ਲੈ ਕੇ ਉਨ੍ਹਾਂ ਨੂੰ ਖੰਡੇ-ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਪ੍ਰਾਪਤ ਕਰਕੇ ਸਿੱਖ ਧਰਮ ਵਿਚ ਅੰਮ੍ਰਿਤ ਦੀ ਮਹਾਨਤਾ ਪ੍ਰਗਟ ਕੀਤੀ। ਇਹ ਪੰਜ ਸਿੰਘ ਸੀਸ ਭੇਟ ਕਰਕੇ ਗੁਰੂ ਦੇ ਪਿਆਰੇ ਬਣੇ ਅਤੇ ਸਤਿਕਾਰ ਵਜੋਂ ਇਸੇ ਨਾਂ ਨਾਲ ਪੁਕਾਰੇ ਜਾਂਦੇ ਹਨ।

ਭਾਈ ਦਯਾ ਸਿੰਘ ਜੀ : ਭਾਈ ਦਯਾ ਸਿੰਘ ਜੀ ਦਾ ਜਨਮ ਭਾਈ ਸੁਧਾ ਜੀ ਦੇ ਗ੍ਰਹਿ ਵਿਖੇ ਮਾਤਾ ਦਿਆਲੀ ਜੀ ਦੀ ਕੁੱਖੋਂ ਲਾਹੌਰ ਵਿਖੇ ਸੰਨ 1661 ਵਿਚ ਹੋਇਆ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਪਹਿਲਾਂ ਆਪ ਦਾ ਨਾਂ ਦਯਾ ਰਾਮ ਸੀ।

ਭਾਈ ਧਰਮ ਸਿੰਘ ਜੀ : ਭਾਈ ਸੰਤ ਰਾਮ ਅਤੇ ਮਾਈ ਸਾਬੋ ਜੀ ਦੇ ਸਪੁੱਤਰ ਭਾਈ ਧਰਮ ਜੀ ਦਾ ਜਨਮ ਸੰਨ 1666 ਨੂੰ ਹਸਤਿਨਾਪੁਰ (ਦਿੱਲੀ) ਵਿਖੇ ਹੋਇਆ। ਅੰਮ੍ਰਿਤਪਾਨ ਕਰਨ ਸਮੇਂ ਆਪ ਦੀ ਉਮਰ 33 ਸਾਲ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਆਪ ਦਾ ਨਾਂ ਧਰਮ ਦਾਸ ਤੋਂ ਭਾਈ ਧਰਮ ਸਿੰਘ ਹੋਇਆ। ਆਪ ਵੀ 1708 ਈ. ਵਿਚ ਹਜ਼ੂਰ ਸਾਹਿਬ ਵਿਖੇ ਇਸ ਫ਼ਾਨੀ ਜਹਾਨ ਤੋਂ ਕੂਚ ਕਰ ਗਏ।

ਭਾਈ ਹਿੰਮਤ ਸਿੰਘ ਜੀ : ਭਾਈ ਗੁਲਜ਼ਾਰੀ ਜੀ ਅਤੇ ਮਾਤਾ ਧੰਨੋ ਜੀ ਦੇ ਘਰ ਸੰਨ 1661 ਨੂੰ ਜਗਨਨਾਥਪੁਰ (ਉੜੀਸਾ) ਵਿਖੇ ਹਿੰਮਤ ਰਾਏ ਦਾ ਜਨਮ ਹੋਇਆ, ਜਿਨ੍ਹਾਂ ਨੇ 38 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਭਾਈ ਹਿੰਮਤ ਸਿੰਘ ਬਣੇ। ਆਪ ਨੇ ਸੰਨ 1705 ਨੂੰ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹਾਦਤ ਪ੍ਰਾਪਤ ਕੀਤੀ।

ਭਾਈ ਮੋਹਕਮ ਸਿੰਘ ਜੀ : ਸੰਨ 1663 ਨੂੰ ਦੁਆਰਕਾ (ਗੁਜਰਾਤ) ਵਿਖੇ ਭਾਈ ਮੋਹਕਮ ਚੰਦ ਦਾ ਜਨਮ ਭਾਈ ਤੀਰਥ ਚੰਦ ਅਤੇ ਮਾਤਾ ਦੇਵੀ ਰਾਣੀ ਦੇ ਘਰ ਹੋਇਆ। ਆਪ ਨੇ 36 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ 42 ਸਾਲ ਦੀ ਉਮਰ ਵਿਚ ਚਮਕੌਰ ਦੀ ਜੰਗ ਵਿਚ ਸ਼ਹਾਦਤ ਦਾ ਜਾਮ ਪੀਤਾ।

ਭਾਈ ਸਹਿਬ ਸਿੰਘ ਜੀ : ਬਿਦਰ (ਕਰਨਾਟਕ) ਵਿਖੇ ਸੰਨ 1662 ਨੂੰ ਭਾਈ ਸਾਹਿਬ ਚੰਦ ਜੀ ਦਾ ਜਨਮ ਭਾਈ ਗੁਰੂ ਨਾਰਾਇਣਾ ਤੇ ਮਾਤਾ ਅਨਾਕਸਾ ਬਾਈ ਦੇ ਗ੍ਰਹਿ ਵਿਖੇ ਹੋਇਆ। 37 ਸਾਲ ਦੀ ਉਮਰ ਵਿਚ ਆਪ ਅੰਮ੍ਰਿਤ ਛਕ ਕੇ ਸਿੰਘ ਸਜੇ। ਆਪ ਵੀ ਸੰਨ 1706 ਵਿਚ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ।


ਇਨ੍ਹਾਂ ਪੰਜ ਪਿਆਰਿਆਂ ਦੇ ਨਾਵਾਂ ਨਾਲ ਸਿੰਘ ਸ਼ਬਦ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਜੁੜਿਆ। ਇਕੋ ਬਾਟੇ ਵਿਚ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਜਾਤ-ਪਾਤ ਅਤੇ ਊਚ-ਨੀਚ ਦੇ ਭਿੰਨ-ਭੇਦ ਤੋਂ ਮੁਕਤ ਕਰਕੇ ਧਰਮ ਮਾਰਗ ਦੇ ਪਾਂਧੀ ਬਣਾਇਆ।

No comments: