Wednesday, May 29, 2013

ਭਗਤ ਪੂਰਨ ਸਿੰਘ ਜੀ


ਭਗਤ ਪੂਰਨ ਸਿੰਘ ਜੀ ਵੀਂਹਵੀਂ ਸਦੀ ਦੇ ਆਦਰਸ਼ਕ ਸਿੱਖ ਸੇਵਕ ਸਨ । ਆਪ 04-06-1904 ਤੋਂ 04-08-1992 ਤੱਕ ਇਸ ਜਗਤ ਵਿੱਚ ਵਿਚਰੇ ਸਨ ।

ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਭਗਤ ਪੂਰਨ ਸਿੰਘ ਸਿੱਖਾਂ ਦੀ ਮਦਰ ਟਰੇਸਾ ਸਨ । ਮਦਰ ਟਰੇਸਾ ਭੀ ਲੱਗਪਗ ਇਸੇ ਸਮੇਂ 26-08-1910 ਤੋਂ 15-09-1997 ਤੱਕ ਇਸ ਦੁਨੀਆਂ ਵਿੱਚ ਵਿਚਰੀ ਸੀ । 

ਦੋਹਾਂ ਨੇ 15-08-1947 ਤੋਂ ਸੇਵਾ ਦਾ ਕੰਮ ਭਾਰਤ ਵਿੱਚ ਅਰੰਭਿਆ ਸੀ । 

ਮਦਰ ਟਰੇਸਾ ਭਾਰਤ ਦੇ ਪੂਰਬ ਵਿੱਚ ਸੇਵਾ ਕਰ ਰਹੀ ਸੀ ਜਦਕਿ ਭਗਤ ਪੂਰਨ ਸਿੰਘ ਭਾਰਤ ਦੇ ਪੱਛਮ ਵਿੱਚ ਸੇਵਾ ਨਿਭਾ ਰਹੇ ਸਨ । 

ਮਦਰ ਟਰੇਸਾ 87 ਸਾਲ ਇਸ ਦੁਨੀਆਂ ਵਿੱਚ ਰਹੀ ਜਦਕਿ ਭਗਤ ਪੂਰਨ ਸਿੰਘ 88 ਸਾਲ ਇਸ ਦੁਨੀਆਂ ਵਿੱਚ ਰਹੇ । 

ਮਦਰ ਟਰੇਸਾ ਨੇ 20 ਸਾਲ ਇੱਕ ਕਾਨਵੈਂਟ ਸਕੂਲ ਵਿੱਚ ਨੌਕਰੀ ਕੀਤੀ ਅਤੇ ਸਕੂਲ ਦੀ ਹੈੱਡ ਮਿਸਟਰੈਸ ਦੇ ਅਹੁਦੇ ਤੇ ਭੀ ਰਹੀ । 

ਭਗਤ ਪੂਰਨ ਸਿੰਘ ਨੇ 20 ਸਾਲ ਗੁਰਦੁਆਰੇ ਡੇਰਾ ਸਾਹਿਬ ਲਾਹੌਰ ਤੋਂ ਸੇਵਾ ਦਾ ਵੱਲ ਸਿੱਖਿਆ । 

ਮਦਰ ਟਰੇਸਾ ਦੀ ਪਿੱਠ ਤੇ ਸਾਰਾ ਇਸਾਈ ਜਗਤ ਸੀ ਅਤੇ ਹੱਥ ਪੌਂਡਾਂ ਡਾਲਰਾਂ ਨਾਲ਼ ਭਰੇ ਪਏ ਸਨ । 

ਭਾਰਤ ਪਾਕਿਸਤਾਨ ਦੀ ਵਡੰ ਵੇਲ਼ੇ ਜਦੋਂ ਭਗਤ ਪੂਰਨ ਸਿੰਘ ਪਾਕਿਸਤਾਨ ਦੇ ਲਾਹੌਰ ਤੋਂ ਬਚ ਕੇ ਭਾਰਤ ਆ ਰਹੇ ਸਨ ਤਾਂ ਉਹਨਾਂ ਦੇ ਦੋ ਕੱਪੜੇ ਪਾਏ ਹੋਏ ਸਨ । ਤੇੜ ਕਛਿਹਿਰਾ ਅਤੇ ਸਿਰ ਤੇ ਪਰਨਾ ਬਾਕੀ ਪਿੰਡਾ ਨੰਗਾ ਸੀ । ਇੱਕ ਹੱਥ ਲੋਹੇ ਦਾ ਬਾਟਾ ਮੋਢੇ ਤੇ ਕਿਤਾਬਾਂ ਵਾਲ਼ਾ ਝੋਲ਼ਾ । ਪਿੱਠ ਤੇ ਸਮਾਜ ਦਾ ਨਕਾਰਿਆ ਹੋਇਆ ਲੂਲਾ ਪਿਆਰਾ ਸਿੰਘ ਅਤੇ ਇੱਕ ਮੁੱਠੀ ਵਿੱਚ ਸਵਾ ਰੁਪੱਈਆ ਸੀ । ਮਦਰ ਟਰੇਸਾ ਨੂੰ ਦੁਨੀਆਂ ਭਰ ਤੋਂ ਬੇਅੰਤ ਸਨਮਾਨ ਚਿੰਨ ਮਿਲ਼ੇ ਸਨ ਅਤੇ ਉਹਨਾ ਦੀ ਵਡਿਆਈ ਵਿੱਚ ਬਹੁਤ ਕੁੱਝ ਲਿਖਿਆ ਗਿਆ । ਭਗਤ ਪੂਰਨ ਸਿੰਘ ਨੂੰ ਭਾਰਤ ਸਰਕਾਰ ਨੇ 1980 ਵਿੱਚ ਪਦਮ ਸ੍ਰੀ ਦਾ ਅਵਾਰਡ ਦਿੱਤਾ ਸੀ ਉਹ ਭੀ ਭਗਤ ਪੂਰਨ ਸਿੰਘ ਜੀ ਨੇ 09-09-1984 ਨੂੰ ਅਪਰੇਸ਼ਨ ਬਲੂ ਸਟਾਰ ਵੇਲ਼ੇ ਕੀਤੇ ਮਨੁੱਖਤਾ ਦੇ ਕਤਲੇਆਮ ਦੇ ਰੋਸ ਵਜੋਂ ਵਾਪਿਸ ਕਰ ਦਿਤਾ ਸੀ । 

ਪ੍ਰੋ ਪ੍ਰੀਤਮ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ, 

‘ਜੇ ਭਗਤ ਜੀ ਦੀ ਪਿੰਗਲਵਾੜੇ ਦੀ ਸਫਾਈ ਅਤੇ ਇਸ ਦੇ ਮਾਲੀ ਪ੍ਰਬੰਧ ਦੇ ਆਧੁਨਿਕ ਮਿਆਰਾਂ ਬਾਰੇ ਜਾਣਕਾਰੀ ਕੁੱਝ ਵਧੇਰੇ ਹੁੰਦੀ ਅਤੇ ਭਾਰਤ ਸੰਚਾਰ ਮਾਧਿਅਮ, ਰਾਜਨੀਤਿਕ ਤਿਗੜਮਵਾਜਾਂ ਦੀਆਂ ਲੂੰਬੜਚਾਲਾਂ ਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਬਜਾਏ ਸਮਾਜ ਸੇਵੀਆਂ ਦੀਆਂ ਉਸਾਰੂ ਕਾਰਵਾਈਆਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਹੁੰਦਾ ਤਾਂ ਕੋਈ ਕਾਰਨ ਨਹੀਂ ਸੀ ਕਿ ਮਦਰ ਟਰੇਸਾ ਵਾਗੂੰ ਭਗਤ ਜੀ ਭੀ ਸੰਸਾਰ ਦਾ ਸਾਝਾ ਵਿਰਸਾ ਨਾ ਹੁੰਦੇ’।

ਭਗਤ ਪੂਰਨ ਸਿੰਘ ਦੀ ਘਾੜਤ ਉਹਨਾ ਦੀ ਮਾਤਾ ਮਹਿਤਾਬ ਕੌਰ ਨੇ ਘੜੀ ਸੀ ।

ਮਾਤਾ ਮਹਿਤਾਬ ਕੌਰ ਲੁਧਿਆਣੇ ਜਿਲੇ ਦੇ ਪਿੰਡ ਰਾਜੇਵਾਲ ਰੋਹਣੋ ਦੇ ਸਿੱਖਾਂ ਦੀ ਕੁੜੀ ਸੀ । ਆਪ ਦਾ ਵਿਆਹ ਹੋ ਗਿਆ ਸੀ । ਪਹਿਲਾਂ ਲੋਕ ਆਪਣੀ ਧੀ ਨੂੰ ਬਾਲਗ ਹੋਣ ਤੋਂ ਪਹਿਲਾ ਵਿਆਹ ਤਾਂ ਦੇਂਦੇ ਸਨ ਪਰ ਆਪਣੇ ਪਤੀ ਦੇ ਘਰ ਉਨੀ ਦੇਰ ਨਹੀਂ ਭੇਜਦੇ ਸਨ ਜਦੋਂ ਤੱਕ ਲੜਕਾ ਲੜਕੀ ਤਨ ਅਤੇ ਮਨ ਕਰਕੇ ਬਾਲਗ ਨਹੀਂ ਸੀ ਹੋ ਜਾਂਦੇ ।

ਜਦੋਂ ਲੜਕਾ ਲੜਕੀ ਬਾਲਗ ਹੋ ਜਾਂਦੇ ਸਨ ਤਾਂ ਮੁਕਲਾਵੇ ਦਾ ਸੰਸਕਾਰ ਕਰਕੇ ਲੜਕੀ ਨੂੰ ਉਹਦੇ ਪਤੀ ਨਾਲ਼ ਸਹੁਰੇ ਘਰ ਤੋਰ ਦਿੰਦੇ ਸਨ । ਮਾਤਾ ਮਹਿਤਾਬ ਕੌਰ ਦਾ ਪਹਿਲਾ ਪਤੀ ਮੁਕਲਾਵੇ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ । ਮਹਿਤਾਬ ਕੌਰ ਉਂਚੀ ਲੰਬੀ ਅਤੇ ਰੱਜ ਕੇ ਸੋਹਣੀ ਕੁੜੀ ਸੀ । ਵਿਧਵਾ ਅਤੇ ਪਰੀਆਂ ਵਰਗੀ ਸੋਹਣੀ ਹੋਣ ਕਾਰਕੇ ਸਮਾਜ ਬਦਸ਼ਗਨੀ ਸਮਝਣ ਲੱਗ ਪਿਆ ਅਤੇ ਦੂਸਰਾ ਵਿਆਹ ਨਾ ਹੋ ਸਕਿਆ । ਮਾਤਾ ਮਹਿਤਾਬ ਕੌਰ ਘਰੇਲੂ ਕੰਮ ਕਾਰ ਵਿੱਚ ਪੂਰਨ ਨਿਪੁੰਨ ਸੀ । ਮਾਤਾ ਪਿਤਾ ਦੀ ਆਗਿਆਕਾਰੀ ਭੀ ਸੀ । ਮਾਤਾ ਮਹਿਤਾਬ ਕੌਰ ਦੇ ਮਾਤਾ ਪਿਤਾ ਨੂੰ ਪੂਰਨ ਵਿਸਵਾਸ਼ ਸੀ ਕਿ ਉਹਦੀ ਕੁੱਖੋਂ ਜਰੂਰ ਕੋਈ ਭਗਤ ਸੂਰਮਾ ਪੈਦਾ ਹੋਵੇਗਾ ਅਤੇ ਇਹਦੀ ਜਿੰਦਗੀ ਉਹਦੇ ਆਸਰੇ ਸੌਖੀ ਤੇ ਸੋਹਣੀ ਕੱਟੀ ਜਾਵੇਗੀ । ਰਾਜੇਵਾਲ਼ ਪਿੰਡ ਦਾ ਹੀ ਇੱਕ ਸੇਠ ਸਿਬੂਮੱਲ ਜੋ ਕਿ ਦਿਖਾਵੇ ਦਾ ਤਾਂ ਧਾਰਮਿਕ
bhagat pooran singh

ਸੀ ਪਰ ਮਾਇਆਧਾਰੀ ਸੂਦਖੋਰ ਹਿੰਦੂ ਸੀ । ਸਿਬੂ ਮੱਲ ਉਸ ਵੇਲ਼ੇ ਸਰਕਾਰ ਨੂੰ 200 ਰੁਪੈ ਸਾਲਾਨਾ ਜਮੀਨ ਦਾ ਮਾਮਲਾ ਦੇਂਦਾ ਸੀ ਅਤੇ 52 ਰੁਪੈ ਸਲਾਨਾ ਇਨਕਮ ਟੈਕਸ ਵੀ ਦੇਂਦਾ ਸੀ । ਸਿੱਬੂ ਮਲ ਵਿਆਹਿਆ ਵਰਿਆ ਬਾਲ ਬੱਚੇਦਾਰ ਸੀ ਫਿਰ ਭੀ ਮਹਿਤਾਬ ਕੌਰ ਦੇ ਪਿਤਾ ਤੋਂ ਮਹਿਤਾਬ ਕੌਰ ਨੂੰ ਮੰਗ ਲਿਆ ਸੀ । ਮਹਿਤਾਬ ਕੌਰ ਦੇ ਪਿਤਾ ਨੇ ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਇਹ ਰਿਸਤਾ ਪ੍ਰਵਾਨ ਕਰ ਲਿਆ ਸੀ । ਚਾਦਰ ਦੀ ਰਸਮ ਹੋਈ ਅਤੇ ਮਹਿਤਾਬ ਕੌਰ ਸਿੱਬੂ ਮਲ ਦੀ ਪਤਨੀ ਬਣ ਗਈ । ਸਿੱਬੂ ਮਲ ਨੇ ਆਪਣੀ ਪਹਿਲੀ ਪਤਨੀ ਕੰਵਲ ਨਾਲ਼ ਮਿਲਣੀ ਕਰਾ ਦਿਤੀ । ਕੰਵਲ ਨੇ ਮਹਿਤਾਬ ਕੌਰ ਦਾ ਕਮਰਾ ਦੱਸਿਆ । ਮਹਿਤਾਬ ਕੌਰ ਨੇ ਕਮਰੇ ਦੀ ਸਰਦਲ ਤੇ ਮੱਥਾ ਟੇਕਿਆ ਅਤੇ ਕਿਹਾ, ‘ਇਹ ਮੇਰਾ ਗੁਰਦੁਆਰਾ ਹੈ’ । ਸਿਬੂ ਮਲ ਨੇ ਝੱਟ ਟੋਕ ਦਿਤਾ ਅਤੇ ਕਿਹਾ, ‘ਗੁਰਦੁਆਰਾ ਨਹੀਂ ਮੰਦਰ ਹੈ’ । ਮਹਿਤਾਬ ਕੌਰ ਨੇ ਮੁਆਫੀ ਮੰਗੀ ਤੇ ਕਿਹਾ, ‘ਠੀਕ ਹੈ ਮੰਦਰ ਹੈ ਅਤੇ ਕੰਵਲ ਮੇਰਾ ਦੇਵਤਾ ਹੈ’ । ਮਾਤਾ ਮਹਿਤਾਬ ਕੌਰ ਸੇਵਾ ਵਿੱਚ ਮਸਤ ਹੋ ਗਈ । ਸਿੱਬੂ ਮਲ ਇਹ ਨਹੀਂ ਸੀ ਚਹੁੰਦਾ ਕਿ ਮਹਿਤਾਬ ਕੌਰ ਦੇ ਪੇਟੋਂ ਕੋਈ ਬੱਚਾ ਹੋਵੇ । ਇਸਦਾ ਪਹਿਲਾ ਕਾਰਨ ਇਹ ਸੀ । ਮਹਿਤਾਬ ਕੌਰ ਦੇ ਪੇਟੋਂ ਬੱਚਾ ਹੋਵੇਗਾ ਤਾਂ ਉਹ ਜਾਇਦਾਦ ਦਾ ਵਾਰਸ ਬਣੇਗਾ । ਸਿੱਬੂ ਮਲ ਇਹ ਨਹੀਂ ਸੀ ਚਾਹੁੰਦਾ । ਦੂਜਾ ਕਾਰਨ ਇਹ ਸੀ ਕਿ ਹਿੰਦੂ ਧਰਮ ਵਿੱਚ ਜਾਤ ਤੋਂ ਬਾਹਰੇ ਬੱਚੇ ਮੰਗਣੇ ਵਿਆਹੁਣੇ ਔਖੇ ਹੋ ਜਾਂਦੇ ਹਨ । ਇਸ ਲਈ ਸਿੱਬੂ ਮਲ ਨੇ ਮਹਿਤਾਬ ਕੌਰ ਦੇ ਤਿੰਨ ਚਾਰ ਗਰਭਪਾਤ ਕਰਵਾਏ । ਮਹਿਤਾਬ ਕੌਰ ਨੇ ਤਾਂ ਰਿਸਤਾ ਹੀ ਬੱਚੇ ਲਈ ਜੋੜਿਆ ਸੀ । ਮਹਿਤਾਬ ਕੌਰ ਨੇ ਅਗਲੀ ਵਾਰ ਗਰਭਪਾਤ ਨਾ ਕਰਾਉਣ ਦੀ ਬੇਨਤੀ ਕੀਤੀ ਅਤੇ ਸਿਬੂ ਮੱਲ ਨੇ ਵੀ ਪ੍ਰਣ ਲਿਆ ਕਿ ਬੱਚਾ ਉਹਦੀ ਜਾਇਦਾਦ ਦਾ ਵਾਰਸ ਨਹੀਂ ਬਣੇਗਾ । ਦੂਸਰਾ ਉਹ ਹਿੰਦੂ ਹੋ ਕੇ ਜੀਏਗਾ ।ਮਹਿਤਾਬ ਕੌਰ ਨੇ ਦੋਨੋਂ ਗੱਲਾਂ ਮੰਨ ਲਈਆਂ ।
04 ਜੂਨ 1904 ਨੂੰ ਮਹਿਤਾਬ ਕੌਰ ਦੇ ਪੇਟੋਂ ਇੱਕ ਬਾਲਕ ਨੇ ਜਨਮ ਲਿਆ । ਸਿੱਬੂ ਮਲ ਨੇ ਉਹਦਾ ਨਾਮ ਆਪਣੀ ਮਰਜੀ ਅਨੁਸਾਰ ਰਾਮਜੀ ਦਾਸ ਰੱਖਿਆ । ਪਹਿਲੇ 6 ਸਾਲ ਰਾਮਜੀ ਦਾਸ ਨੂੰ ਆਪਣੀ ਮਾਂ ਦਾ ਰੱਜਵਾਂ ਪਿਆਰ ਮਿਲਿਆ । ਬਚਪਨ ਦੀ ਪਰਵਰਸ਼ ਬਹੁਤ ਸੋਹਣੀ ਹੋਈ । ਸਿਬੂ ਮੱਲ ਦੀ ਪਹਿਲੀ ਪਤਨੀ ਅਤੇ ਉਹਦਾ ਲੜਕਾ ਰਾਮ ਜੀ ਦਾਸ ਨੂੰ ਨਫਰਤ ਕਰਦਾ ਸੀ । ਹਰ ਹਾਲਤ ਵਿੱਚ ਮੂਰਖ ਬਣਾਉਂਦਾ ਅਤੇ ਬੇਇਜਤੀ ਕਰਦਾ ਸੀ । ਉਹ ਰਾਮ ਜੀ ਦਾਸ ਕੋਲ਼ ਬੈਠ ਕੇ ਰੋਟੀ ਨਹੀਂ ਸੀ ਖਾਂਦਾ । ਇਕ ਵੇਰ ਤਾਂ ਬਰਾਤੀਆਂ ਦੀ ਪੰਗਤ ਵਿੱਚ ਬੈਠੇ ਨੂੰ ਉਠਾ ਦਿਤਾ । ਮਹਿਤਾਬ ਕੌਰ ਤਾਂ ਪਹਿਲਾਂ ਹੀ ਡਰੀ ਹੋਈ ਸੀ । ਇਸ ਲਈ ਰਾਮ ਜੀ ਦਾਸ ਨੂੰ ਹਮੇਸਾਂ ਆਪਣੇ ਨਾਲ਼ ਰੱਖਦੀ ਸੀ । 1911 ਵਿੱਚ ਰਾਮ ਜੀ ਦਾਸ ਨੂੰ ਪੜਨੇ ਪਾ ਦਿਤਾ ਗਿਆ ਅਤੇ ਪ੍ਰਾਇਮਰੀ ਦੀ ਪੜਾਈ ਬਹੁਤ ਸੋਹਣੀ ਕੀਤੀ ।
1914 ਨੂੰ ਦੇਸ਼ ਵਿੱਚ ਪਲੇਗ ਦੀ ਬੀਮਾਰੀ ਫੈਲ ਗਈ । ਕਾਲ ਪੈ ਗਿਆ । ਦੂਜੇ ਪਾਸੇ ਸੰਸਾਰ ਯੁੱਧ ਵੀ ਛਿੜ ਪਿਆ । ਲੋਕ ਧੜਾ-ਧੜ ਮਰਨ ਲੱਗੇ । ਜਿਹਨਾਂ ਨੇ ਸਿੱਬੂ ਮੱਲ ਤੋਂ ਕਰਜਾ ਲਿਆ ਹੋਇਆ ਸੀ ਉਹ ਸੱਭ ਮਰ ਗਏ । ਸਿੱਬੂ ਮੱਲ ਲੱਖਪਤੀ ਤੋਂ ਕੱਖ ਪਤੀ ਹੋ ਗਿਆ । ਉਹਨਾ ਦਾ ਆਪਣਾ ਭੀ ਸੱਭ ਕੁੱਝ ਵਿਕ ਗਿਆ । ਰਾਮ ਜੀ ਦਾਸ ਨੂੰ 1918 ਵਿਂਚ ਐਂਗਲੋ ਸੰਸਕ੍ਰਿਤ ਹਾਈ ਸਕੂਲ ਵਿੱਚ ਦਾਖਿਲ ਕਰਵਾ ਦਿਤਾ । ਘਰ ਦੇ ਹਾਲਤ ਤੇਜੀ ਨਾਲ਼ ਬਦਲ ਗਏ । ਮਹਿਤਾਬ ਕੌਰ ਨੂੰ ਪੜਾਉਣ ਦਾ ਫਿਕਰ ਲੱਗ ਗਿਆ । ਉਸ ਨੇ ਰਾਮ ਜੀ ਦਾਸ ਨੂੰ ਪੜਾਉਣ ਲਈ ਹਰ ਉਹ ਕੰਮ ਕੀਤਾ ਜੋ ਕਰ ਸਕਦੀ ਸੀ । ਮਹਿਤਾਬ ਕੌਰ ਸਿਬੂ ਮਲ ਦੀ ਦੂਜੀ ਪਤਨੀ ਸੀ । ਜੱਟਾਂ ਦੀ ਕੁੜੀ ਸੀ । ਸਿੱਬੂ ਮਲ ਤੋਂ ਜਾਤ ਦੀ ਨੀਂਵੀ ਹੋਣ ਕਾਰਨ ਉਹਦੇ ਬੱਚੇ ਰਾਮ ਜੀ ਦਾਸ ਨੂੰ ਨਫਰਤ ਹੀ ਮਿਲ਼ੀ ਸੀ । ਮਹਿਤਾਬ ਕੌਰ ਦੇ ਮਨ ਵਿੱਚ ਡਰ ਬੈਠਾ ਹੋਇਆ ਸੀ ਕਿ ਕਿਤੇ ਰਾਮ ਜੀ ਦਾਸ ਉਸ ਤੋਂ ਖੁਸ ਨਾ ਜਾਏ ।ਇਹ ਸੱਭ ਗੱਲਾਂ ਰਾਮ ਜੀ ਦਾਸ ਦੇ ਹਿਰਦੇ ਤੇ ਉਕਰਦੀਆਂ ਗਈਆਂ । ਮਾਤਾ ਮਹਿਤਾਬ ਕੌਰ ਦੇ ਹਿਰਦੇ ਵਿੱਚ ਸਿੱਖੀ ਦੇ ਬੀਜ ਸਨ ਜੋ ਕਿ ਸੇਵਾ ਦੇ ਰੂਪ ਵਿੱਚ ਅੰਦਰੋਂ ਫੁੱਟ-ਫੁੱਟ ਕੇ ਨਿਕਲ ਰਹੇ ਸਨ । ਮਹਿਤਾਬ ਕੌਰ ਚਾਹੁੰਦੀ ਸੀ ਕਿ ਉਹਦਾ ਪੁੱਤਰ ਪੜ ਕੇ ਕੋਈ ਵੱਡਾ ਜੱਜ,ਅਫਸਰ ਆਦਿ ਲੱਗ ਜਾਏ ਪਰ ਰਾਮ ਜੀ ਦਾਸ ਦਾ ਮਨ ਤਾਂ ਪੜਾਈ ਵਿੱਚ ਲੱਗਦਾ ਹੀ ਨਹੀਂ ਸੀ । ਮਾਤਾ ਦੇ ਲੱਖ ਯਤਨਾਂ ਨਾਲ਼ ਭੀ ਰਾਮ ਜੀ ਦਾਸ ਦਸਵੀਂ ਨਹੀਂ ਸੀ ਹੋਇਆਂ । ਖੰਨੇ ਹਾਈ ਸਕੂਲ ਵਿੱਚੋਂ ਫੇਲ ਹੋ ਗਿਆ। ਅੱਗੇ ਪੜਾਈ ਚਾਲੂ ਰੱਖਣ ਦੀ ਹਾਲਤ ਵਿੱਚ ਨਹੀਂ ਸੀ । ਮਾਤਾ ਮਹਿਤਾਬ ਕੌਰ ਨੇ ਪਿੰਡ ਰਾਜੇਵਾਲ਼ ਛੱਡ ਦਿਤਾ । ਮਿੰਟ ਗੁਮਰੀ ਕਿਸੇ ਜਾਣ ਪਛਾਣ ਵਾਲੇ ਜੇਲ਼ ਡਾਕਟਰ ਕੋਲ਼ ਘਰੇਲੂ ਨੌਕਰਾਣੀ ਦੀ ਸੇਵਾ ਕਰਨ ਲੱਗ ਪਈ ਤਾਂ ਕਿ ਰਾਮ ਜੀ ਦਾਸ ਦੀ ਪੜਾਈ ਦਾ ਖਰਚਾ ਨਾ ਰੁਕੇ ।ਉਧਰ ਰਾਮ ਜੀ ਦਾਸ ਨੇ ਤਾਂ ਜਿਵੇਂ ਸਹੁੰ ਹੀ ਖਾ ਲਈ ਕਿ ਦਸਵੀਂ ਕਰਨੀ ਹੀ ਨਹੀਂ ।
ਇਕ ਵੇਰ ਰਾਮ ਜੀ ਦਾਸ ਫਤਿਹਗੜ ਸਾਹਿਬ ਜੋੜ ਮੇਲੇ ਤੇ ਗਿਆ । ਉਥੇ ਪਟਿਆਲੇ ਵਾਲ਼ਾ ਰਾਜਾ ਆਪਣੀ ਗਾਰਡ ਸਮੇਤ ਆਇਆ । ਉਹਨਾਂ ਦੀਆਂ ਸੋਹਣੀਆਂ ਸੇਹਤਾਂ, ਉਂਚੇ ਲੰਮੇ ਕੱਦ, ਸੋਹਣੀ ਵਰਦੀ ਅਤੇ ਸੋਹਣੀ ਦਸਤਾਰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ । ਭਾਰੀ ਇਕੱਠ ਭੀ ਸੀ । ਰਾਮ ਜੀ ਦਾਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਟਿਆਲ਼ੇ ਵਾਲ਼ਾ ਰਾਜਾ ਰਾਮ ਜੀ ਦਾਸ ਦੇ ਲਾਗੇ ਹੀ ਬੈਠ ਗਿਆ । ਇਥੇ ਹੀ ਰਾਮ ਜੀ ਦਾਸ ਰਾਜੇ ਦੀ ਆਪਣੇ ਭਾਈ ਨਾਲ਼ ਤੁਲਨਾ ਕਰਦਾ ਰਿਹਾ । ਇਕ ਪਾਸੇ ਰਾਜਾ ਪਰਜਾ ਵਿੱਚ ਇੱਕ ਜਗਹ ਤੇ ਦੂਜੇ ਪਾਸੇ ਸਕਾ ਭਾਈ ਬਰਾਤ ਵਿੱਚ ਭੀ ਪੰਗਤ ਵਿੱਚ ਬੈਠੇ ਨੂੰ ਨਹੀਂ ਸੀ ਜਰ ਸਕਿਆ । ਰਾਮ ਜੀ ਦਾਸ ਨੇ ਭੀ ਸਿੱਖ ਸਜਣ ਦਾ ਮਨ ਬਣਾ ਲਿਆ ।ਇਸੇ ਤਰਾਂ ਇਕ ਵੇਰ ਰਾਮ ਜੀ ਦਾਸ ਆਪਣੇ ਸੰਗੀਆਂ ਨਾਲ਼ ਨੈਣਾ ਦੇਵੀ ਗਿਆ । ਉਸ ਨੇ ਦੇਖਿਆ ਕਿ ਥੱਕੇ ਟੁੱਟੇ ਤੇ ਭੁੱਖੇ ਲੋਕ ਪਹਿਲਾਂ ਅਨੰਦਪੁਰ ਸਾਹਿਬ ਜਾਂਦੇ । ਬਾਹਰ ਅੰਦਰ ਜਾ ਕੇ ਹਲਕੇ ਹੁੰਦੇ ਅਤੇ ਲੰਗਰ ਛਕ ਕੇ ਤਕੜੇ ਹੋ ਕੇ ਜੈ ਮਾਤਾ ਦੀ ਕਰਦੇ ਕਰਦੇ ਪਹਾੜੀ ਚੜ੍ਹਦੇ । ਆਉਂਦੇ ਹੋਏ ਫਿਰ ਅਨੰਦਰਪੁਰ ਸਾਹਿਬ ਆ ਕੇ ਪ੍ਰਸਾਦਾ ਛਕਦੇ ਅਤੇ ਅਰਾਮ ਕਰਕੇ ਆਪਣੇ ਘਰਾਂ ਨੂੰ ਜਾਂਦੇ । ਰਾਮ ਜੀ ਦਾਸ ਇਹ ਸੱਭ ਦੇਖ ਕੇ ਹੈਰਾਨ ਹੁੰਦਾ ਹੈ । ਉਹਨੂੰ ਇਉਂ ਲਗਦਾ ਜਿਵੇਂ ਮੁਰਗੀ ਆਂਡੇ ਕਿਤੇ ਤੇ ਕੁੜਕੁੜ ਕਿਤੇ ਕਰਦੀ ਹੋਵੇ ।
ਰਾਮ ਜੀ ਦਾਸ ਇੱਕ ਦਿਨ ਲੁਧਿਆਣੇ ਪੇਪਰ ਦੇਣ ਗਿਆ । ਆਉਂਦੇ ਹੋਏ ਇਕ ਸਿਵਾਲੇ (ਮੰਦਰ) ਰੁਕਿਆ । ਰਾਮ ਜੀ ਦਾਸ ਨੇ ਰੀਝਾਂ ਨਾਲ਼ ਮੰਦਰ ਦੀ ਸਫਾਈ ਕੀਤੀ । ਮੂਰਤੀਆਂ ਤੋਂ ਮੁਦਤਾਂ ਦਾ ਜੰਮਿਆਂ ਹੋਇਆ ਚੰਦਨ ਖੁਰਚ-ਖੁਰਚ ਕੇ ਲਾਹਿਆ ।ਰਾਮ ਜੀ ਦਾਸ ਥੱਕ ਕੇ ਚੂਰ ਹੋ ਗਿਆ ।ਦੁਪਹਿਰ ਵੇਲ਼ਾ ਹੋਇਆ । ਪੰਡਤ ਜੀ ਰੋਟੀ ਲੈ ਕੇ ਆ ਗਿਆ । ਮੰਦਰ ਦੇ ਪੁਜਾਰੀਆਂ ਨੇ ਪੰਗਤ ਬਣਾ ਲਈ । ਰਾਮ ਜੀ ਦਾਸ ਭੀ ਪੰਗਤ ਵਿੱਚ ਬੈਠ ਗਿਆ । ਪੰਡਤ ਜੀ ਨੇ ਰਾਮ ਜੀ ਦਾਸ ਨੂੰ ਦੇਖਿਆ ਤਾਂ ਲਾਲ ਪੀਲਾ ਹੋਇਆ ਉਸ ਨੇ ਝਿੜਕ ਕੇ ਰਾਮ ਜੀ ਦਾਸ ਨੂੰ ਪੰਗਤ ਵਿੱਚੋਂ ਉਠਾ ਦਿਤਾ ਅਤੇ ਇਹ ਭੀ ਕਹਿ ਦਿਤਾ, ‘ਤੇਰੇ ਵਾਸਤੇ ਰੋਟੀ ਨਹੀਂ’ । ਰਾਮ ਜੀ ਦਾਸ ਸੋਚਦਾ ਇਹ ਕਿਹੋ ਜਿਹੇ ਲੋਕ ਹਨ? ਸੇਵਾ ਕਰਨ ਵਾਲੇ ਨੂੰ ਦੁਰਕਾਰਦੇ ਤੇ ਵੇਹਲੜਾਂ ਅਤੇ ਗੋਗੜਾਂ ਛੱਡੀਆਂ ਵਾਲਿਆਂ ਨੂੰ ਸਤਿਕਾਰਦੇ ਹਨ । ਰਾਮ ਜੀ ਦਾਸ ਉਥੋਂ ਚਲਾ ਗਿਆ । ਦੋਰਾਹੇ ਲਾਗੇ ਰੇਰੂ ਸਾਹਿਬ ਗੁਰਦੁਆਰੇ ਲਾਗੇ ਖੂਹ ਤੇ ਦੋ ਬੰਦੇ ਬੈਠੇ ਸਨ । ਇਕ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ ਦੂਸਰਾ ਸੁਣ ਰਿਹਾ ਸੀ । ਰਾਮ ਜੀ ਦਾਸ ਭੀ ਉਹਨਾਂ ਦੇ ਲਾਗੇ ਹੀ ਬੈਠ ਗਿਆ । ਪਾਠ ਦੀ ਸਮਾਪਤੀ ਹੋ ਗਈ, ਰਾਮ ਜੀ ਦਾਸ ਨੇ ਆਪਣੀ ਜਾਣ ਪਛਾਣ ਕਰਵਾਈ । ਸਿੰਘ ਰਾਮ ਜੀ ਦਾਸ ਨੂੰ ਆਪਣੇ ਘਰ ਲੈ ਗਏ । ਘਰ ਲਿਜਾ ਕੇ ਸਤਿਕਾਰ ਨਾਲ਼ ਰਾਮ ਜੀ ਦਾਸ ਦੀ ਪਸੰਦੀ ਦਾ ਭੋਜਨ ਛਕਾਇਆ । ਸੋਹਣਾ ਬਿਸਤਰਾ ਦਿਤਾ । ਰਾਮ ਜੀ ਦਾਸ ਨੇ ਅਰਾਮ ਨਾਲ਼ ਰਾਤ ਕੱਟੀ । ਰਾਮ ਜੀ ਦਾਸ ਸਵੇਰੇ ਗੁਰਦੁਆਰਾ ਰੇਰੂ ਸਾਹਿਬ ਚਲਾ ਗਿਆ । ਦੁਪਹਿਰ ਵੇਲ਼ੇ ਸਾਰਿਆਂ ਨੂੰ ਪ੍ਰਸਾਦਾ ਛਕਣ ਲਈ ਅਵਾਜ ਮਾਰੀ ਗਈ । ਰਾਮ ਜੀ ਦਾਸ ਨੇ ਕਿਸੇ ਤੋਂ ਪੁੱਛਿਆਂ ਕਿ ਕੀ ਉਹ ਭੀ ਪ੍ਰਸਾਦਾ ਛਕ ਸਕਦਾ ਹੈ ? ਉਹ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਸਵਾਲ ਪੁੱਛ ਰਿਹਾ ਹੈ ? ਉਹ ਰਾਮ ਜੀ ਦਾਸ ਨੂੰ ਪ੍ਰਸਾਦਾ ਛਕਣ ਲਈ ਲੈ ਗਏ । ਰਾਮ ਜੀ ਦਾਸ ਪੰਗਤ ਵਿੱਚ ਬੈਠ ਗਿਆ । ਵਰਤਾਵਾ ਵਰਤਾਉਂਦਾ ਵਰਤਾਉਂਦਾ ਆਖ ਰਿਹਾ ਸੀ…ਪ੍ਰਸਾਦਾ ਜੀ! ਦਾਲ਼ਾ ਗੁਰਮੁਖੋ !! ਰਾਮ ਜੀ ਦਾਸ ਨੇ ਪ੍ਰਸੰਨ ਹੋ ਕੇ ਬੜੀ ਤਸੱਲੀ ਨਾਲ਼ ਪ੍ਰਸਾਦਾ ਛਕਿਆ । ਉਪਰੰਤ ਰਾਮ ਜੀ ਦਾਸ ਗੁਰੂ ਘਰ ਬਾਰੇ ਜਾਣਕਾਰੀ ਲੈਣ ਲੱਗਾ । ਰਾਮ ਜੀ ਦਾਸ ਨੇ ਉਥੇ ਹੀ ਨਿਸਚਾ ਕਰ ਲਿਆ ਕਿ ਉਸਨੂੰ ਅਸਲੀ ਘਰ ਮਿਲ਼ ਗਿਆ ਹੈ ।
ਰਾਮ ਜੀ ਦਾਸ ਦੀ ਮਾਤਾ ਹਮੇਸ਼ਾ ਕੰਮ ਕਰਦੀ ਕਰਦੀ ਜਪੁਜੀ ਸਾਹਿਬ ਦਾ ਪਾਠ ਕਰਦੀ ਰਹਿੰਦੀ ਸੀ । ਰਾਮ ਜੀ ਦਾਸ ਨੇ ਇੱਕ ਉਰਦੂ ਲਿਪੀ ਵਾਲਾ ਜਪੁਜੀ ਸਾਹਿਬ ਦਾ ਗੁਟਕਾ ਖਰੀਦ ਲਿਆ । ਖੰਨੇ ਦੇ ਸੰਸਕ੍ਰਿਤ ਸਕੂਲ ਵਿੱਚ ਉਰਦੂ ਤਾਂ ਪੜਾਈ ਜਾਂਦੀ ਸੀ ਪਰ ਪੰਜਾਬੀ ਨਹੀਂ । ਰਾਮ ਜੀ ਦਾਸ ਨੇ ਪਾਠ ਕਰਨਾ ਸ਼ੁਰੂ ਕਰ ਦਿਤਾ । ਰੱਬ ਦੀ ਕਰਨੀ ਐਸੀ ਹੋਈ ਕਿ ਰਾਮ ਜੀ ਦਾਸ ਦਸਵੀਂ ਚੋਂ ਫੇਲ ਹੋ ਗਿਆ । ਇਹ ਖਬਰ ਮਾਤਾ ਮਹਿਤਾਬ ਕੌਰ ਨੂੰ ਜਦੋਂ ਲਾਹੌਰ ਮਿਲ਼ੀ ਤਾਂ ਉਹ ਬਹੁਤ ਦੁਖੀ ਹੋਈ । ਪਰ ਰਾਮ ਜੀ ਦਾਸ ਦੇ ਹਿਰਦੇ ਵਿੱਚ ਸਿੱਖੀ ਦਾ ਬੀਜ ਤਾਂ ਪੈ ਗਿਆ ਸੀ ਪਰ ਜਮੀਨ ਕਲਰਾਠੀ ਅਤੇ ਖੁਸ਼ਕ ਹੋਣ ਕਰਕੇ ਉਗ ਨਾ ਸਕਿਆ ।ਮਾਤਾ ਮਹਿਤਾਬ ਕੌਰ ਨੇ ਰਾਮ ਜੀ ਦਾਸ ਨੂੰ ਲਾਹੌਰ ਬੁਲਾ ਲਿਆ । ਇਥੇ ਇੱਕ ਗੁਰਸਿੱਖ ਪਿਆਰਾ ਭਾਈ ਹਰਨਾਮ ਸਿੰਘ ਬੈਂਕ ਵਾਲ਼ੇ ਦਾ ਸੰਗ ਮਿਲ਼ ਗਿਆ । ਰਾਮ ਜੀ ਦਾਸ ਦਾ ਗੁਰਦੁਆਰਾ ਡੇਹਰਾ ਸਾਹਿਬ ਮੱਥਾ ਟੇਕਾਇਆ ਅਤੇ ਖਾਲਸਾ ਸਕੂਲ ਲਾਹੌਰ ਵਿਖੇ ਪੜਨੇ ਪਾ ਦਿਤਾ । ਮਾਤਾ ਮਹਿਤਾਬ ਕੌਰ ਤਾਂ ਸਖ਼ਤ ਮਿਹਨਤ ਕਰਦੀ, ਖੂਨ ਪਸੀਨਾ ਇੱਕ ਕਰਦੀ ਤਾਂ ਕਿ ਉਸਦਾ ਰਾਮ ਜੀ ਦਾਸ ਬੈਂਕ ਆਦਿ ਵਿੱਚ ਅਫਸਰ ਲੱਗ ਜਾਵੇ । ਮਾਤਾ ਮਹਿਤਾਬ ਕੌਰ ਦਾ ਦਿਲ ਟੁੱਟ ਗਿਆ ਪਰ ਰਾਮ ਜੀ ਦਾਸ ਸਾਬਤ ਸੂਰਤ ਸਿੱਖ ਤਾਂ ਬਣ ਹੀ ਗਿਆ ਸੀ । 1924 ਵਿੱਚ ਰਾਮ ਜੀ ਦਾਸ ਕੰਮਪਾਉਡਰੀ ਦਾ ਕੋਰਸ ਕਰਨ ਲੱਗ ਪਿਆ ਪਰ ਉਹ ਭੀ ਸਿਰੇ ਨਾ ਚੜਿਆ । ਅਖੀਰ ਰਾਮ ਜੀ ਦਾਸ ਗੁਰਦੁਆਰਾ ਸਾਹਿਬ ਨਿਸਕਾਮ ਸੇਵਾ ਕਰਨ ਲੱਗ ਪਿਆ । ਮਾਤਾ ਮਹਿਤਾਬ ਕੌਰ 1926 ਵਿੱਚ ਬੀਮਾਰ ਹੋ ਗਈ ਉਹਨਾਂ ਨੇ ਲਹੌਰ ਛੱਡ ਦਿਤਾ ਤੇ ਰਾਜੇਵਾਲ਼ ਆ ਗਏ । ਦੋਹਾਂ ਮਾਂ ਪੁੱਤਾਂ ਨੂੰ ਰਾਜੇਵਾਲ਼ ਰਾਤ ਕੱਟਣੀ ਭੀ ਦਂੁਭਰ ਹੋ ਗਈ ।ਉਹਨਾਂ ਨਾਲ਼ ਅਜਨਬੀਆਂ ਤੋਂ ਭੀ ਭੈੜਾ ਸਲੂਕ ਕੀਤਾ । ਦਿਨ ਚੜਦੇ ਹੀ ਰਾਜੇਵਾਲ਼ ਛੱਡ ਦਿਤਾ ਤੇ ਵਾਪਿਸ ਅੰਮ੍ਰਿਤਸਰ ਪਹੁੰਚ ਗਏ । ਮਾਤਾ ਮਹਿਤਾਬ ਕੌਰ ਨੇ ਕੁੱਝ ਪੈਸੇ ਜੋੜ ਰੱਖੇ ਸਨ ਉਹ ਭੀ ਹਜੂਰ ਸਾਹਿਬ ਦੇ ਦਰਸਨਾ ਲਈ ਅਤੇ ਅੰਤਿਮ ਕ੍ਰਿਆ ਕ੍ਰਮ ਲਈ ।ਦੋ ਸਾਲ ਇਵੇਂ ਹੀ ਨਿਕਲ਼ ਗਏ । ਅਖੀਰ ਰਾਮ ਜੀ ਦਾਸ ਨੇ ਮਾਤਾ ਮਹਿਤਾਬ ਕੌਰ ਲਈ ਛੇਹਰਟਾ ਵਿੱਚ ਇੱਕ ਝੌਂਪੜੀ ਪਾ ਦਿਤੀ । ਅਖੀਰ 23-06-1930 ਨੂੰ ਮਾਤਾ ਮਹਿਤਾਬ ਕੌਰ ਅਕਾਲ ਚਲਾਣਾ ਕਰ ਗਏ ।
ਰਾਮ ਜੀ ਦਾਸ ਦਾ ਤਾਂ ਸੰਸਾਰ ਹੀ ਉਹਦੀ ਮਾਂ ਸੀ । ਉਹ ਮਾਂ ਤੋਂ ਬਿਨਾ ਨਹੀਂ ਸੀ ਰਹਿ ਸਕਦਾ । ਰਾਮ ਜੀ ਦਾਸ ਫਿਰ ਤੋਂ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਆ ਗਿਆ । ਜਿਵੇਂ ਕਿਵੇਂ ਰਾਮ ਜੀ ਦਾਸ ਨੇ ਤਿੰਨ ਚਾਰ ਸਾਲ ਕੱਢੇ । ਰਾਮ ਜੀ ਦਾਸ ਨੂੰ ਜਿੰਦਗੀ ਜੀਣ ਦਾ ਇਕ ਬਹੁਤ ਸੋਹਣਾ ਮੌਕਾ ਉਦੋਂ ਮਿਲ਼ ਗਿਆ ਜਦੋਂ ਕੋਈ ਇਕ ਲੂਲੇ ਹਰ ਪਾਸੋ ਨਕਾਰੇ ਹੋਏ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਬਾਹਰ ਛੱਡ ਗਿਆ । ਉਹ ਬੱਚਾ ਨਾ ਬੋਲ ਸਕਦਾ ਸੀ ਨਾ ਆਪ ਖਾ ਪੀ ਸਕਦਾ ਸੀ । ਲੱਤਾਂ ਬਾਹਾਂ ਤੋਂ ਨਕਾਰਾ ਟੱਟੀ ਨਾਲ਼ ਲਿਬੜਿਆ ਪਿਆ ਸੀ । ਰਾਮ ਜੀ ਦਾਸ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਅਤੇ ਕਿਹਾ ਮੈਂ ਇਸ ਦੀ ਮਾਂ ਬਣਾਗਾ ।
ਹੁਣ ਰਾਮ ਜੀ ਦਾਸ ਨੂੰ ਸੰਗਤਾਂ ਭਗਤ ਜੀ ਆਖਣ ਲੱਗ ਪਈਆਂ । ਸੰਗਤਾਂ ਗੋਦ ਲਏ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਗਤ ਜੀ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ ਭੇਂਟ ਕਰਨ ਲੱਗੇ । ਵਾਧੂ ਖਰਚੇ ਨਾਲ਼ ਭਗਤ ਜੀ ਹੋਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲੱਗੇ ਅਤੇ ਗਿਆਨ ਪ੍ਰਾਪਤੀ ਲਈ ਕਈ ਤਰਾਂ ਦੀਆਂ ਪੁਸਤਕਾਂ ਪੜਦੇ ਰਹਿੰਦੇ । ਭਗਤ ਜੀ ਹੁਣ ਸੇਵਾ ਵਿਚ ਜੁਟ ਗਏ । ਵੱਡੇ-ਵਡੇ ਲੋਕਾਂ ਨਾਲ਼ ਜਾਣ ਪਹਿਚਾਣ ਹੋਣ ਲੱਗ ਪਈ । ਖਰਚਾ ਸੌਖਾ ਚੱਲਣ ਲੱਗ ਪਿਆ । ਬੇਆਸਰੇ ਮਰੀਜਾਂ ਨੂੰ ਹਸਪਤਾਲ਼ ਦਿਖਾਉਣ ਲਿਜਾਦਾ ਰਿਹਾ । ਕਿਸੇ ਨੂੰ ਭੀ ਕੋਈ ਲੋੜ ਹੁੰਦੀ ਉਹ ਭਗਤ ਜੀ ਵੱਲ ਨੂੰ ਕਰ ਦਿੰਦੇ ੳਤੇ ਭਗਤ ਜੀ ਉਹਨਾਂ ਦੀ ਲੋੜ ਪੂਰੀ ਕਰਦਾ । ਲੰਗਰ ਵਿਚੋਂ ਪਰਸਾਦੇ ਲੁਕਾ ਕੇ ਰੱਖਦਾ ਤਾਂ ਜੋ ਵੇਲ਼ੇ ਕੁਵੇਲ਼ੇ ਆਉਣ ਵਾਲਿਆਂ ਦੀ ਭੁੱਖ ਮਿਟਾ ਸਕੇ । ਭਗਤ ਜੀ ਨੇ ਜੋ ਗੁਰਦੁਆਰੇ ਡੇਹਰਾ ਸਾਹਿਬ ਸੇਵਾ ਕੀਤੀ ਉਸ ਬਾਰੇ ਭਗਤ ਜੀ ਨੇ ਇਸ ਤਰਾਂ ਲਿਖਿਆ ਹੈ :-
‘ਜਦੋਂ ਮੈਂ ਡੇਹਰਾ ਸਾਹਿਬ ਸੇਵਾ ਸ਼ੁਰੂ ਕੀਤੀ । ਮਨੁੱਖ ਦੀ ਰੂਹ ਦੀ ਸੱਭ ਤੋਂ ਡੂੰਘੀ ਭੁੱਖ ਪਰਉਪਕਾਰ ਹੁੰਦਾ ਹੈ ,ਪ੍ਰਾਣੀ ਮਾਤਰ ਦਾ ਭਲਾ ਕਰਨਾ । ਮੈਂ ਗੁਰਦੁਆਰੇ ਵਿੱਚ ਭੁਖਿਆਂ ਨੂੰ ਰੋਟੀ ਦੇਂਦਾ ਸਾਂ । ਬੇਆਸਰੇ ਅਪਾਹਜਾ ਨੂੰ ਸੰਭਾਲਦਾ ਸਾਂ । ਹਸਪਤਾਲ਼ਾਂ ਤੋਂ ਉਹਨਾਂ ਦੇ ਇਲਾਜ ਕਰਾਂਦਾ ਸਾਂ । ਉਹਨਾ ਦੇ ਦਸਤਾਂ ਨਾਲ਼ ਲਿਬੜੇ ਕੱਪੜੇ ਭੀ ਧੋਂਦਾ ਸਾਂ । ਸਰੀਰ ਭੀ ਧੋਂਦਾ ਸਾਂ । ਲੂਲੇ ਬੱਚੇ ਨੂੰ ਮੈਂ 14 ਸਾਲ ਪਿੱਠ ਤੇ ਚੁੱਕੀ ਫਿਰਿਆ ਤੇ ਉਸ ਨੂੰ ਸੜਕਾਂ ਦੇ ਕੰਢਿਆਂ ਤੇ ਰੁੱਖਾਂ ਦੇ ਹੇਠਾਂ ਬਿਨਾ ਮਕਾਨ ਤੋਂ ਖਿਡਾਉਂਦਾ ਰਿਹਾ । ਕਿਉਕਿ ਬੱਚੇ ਨੂੰ ਪਾਲਨਾ ਜੋ ਹੋਇਆ । ਮੈਂ ਆਪਣੇ ਬਚਪਨ ਦਾ ਉਹ ਕਰਜਾ ਉਤਾਰ ਰਿਹਾ ਸਾਂ ਜਿਹੜਾ ਮੇਰੇ ਮਾਂ ਬਾਪ ਨੇ ਮੈਂਨੂੰ ਪਾਲ਼ ਕੇ ਮੇਰੇ ਸਿਰ ਚਾੜਿਆ ਸੀ । ਬੱਚੇ ਰੱਬ ਦਾ ਰੂਪ ਗਿਣੇ ਜਾਂਦੇ ਹਨ ਕਿਉਂਕਿ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਹੁੰਦਾ । (ਤੇਰਾ ਸਦੜਾ ਸੁਣੀਜੈ ਭਾਈ 231)
ਭਗਤ ਜੀ ਨੂੰ ਗਿਆਨ ਪ੍ਰਾਪਤ ਕਰਨ ਦੀ ਬਹੁਤ ਭੁੱਖ ਸੀ । ਇਹ ਭੁੱਖ ਉਸਨੇ ਦਿਆਲ ਸਿੰਘ ਲਾਇਬਰੇਰੀ ਲਾਹੌਰ ਤੋਂ ਕਿਤਾਬਾਂ ਰਸਾਲੇ ਅਤੇ ਅਖ਼ਬਾਰ ਆਦਿ ਪੜ੍ਹ ਕੇ ਮਿਟਾਈ । ਅੱਛੇ ਅੱਛੇ ਲੇਖਾਂ ਨੂੰ ਛਪਵਾ ਕੇ ਵੰਡਣਾ ਉਸ ਦਾ ਕੰਮ ਹੋ ਗਿਆ ਤਾਂ ਕਿ ਲੋਕ ਭੀ ਗਿਆਨਵਾਨ ਹੋਣ । ਭਾਰਤ ਪਾਕਿਸਤਾਨ ਦੀ ਵੰਡ ਹੋ ਗਈ । 18.08.1947 ਦਾ ਦਿਨ ਸੀ । ਭਾਦੋਂ ਦਾ ਮਹੀਨਾ ਸੀ । ਭਗਤ ਜੀ ਨੇ ਆਪਣੀ ਕਿਸਮਤ ਭਾਰਤ ਨਾਲ਼ ਜੋੜੀ । ਪਾਕਿਸਤਾਨ ਤੋਂ ਭਾਰਤ ਆਉਣ ਵੇਲ਼ੇ ਭਗਤ ਜੀ ਦਾ ਨੰਗਾ ਪਿੰਡਾ, ਤੇੜ ਕਛਹਿਰਾ । ਸਿਰ ਤੇ ਪਰਨਾ । ਇੱਕ ਹੱਥ ਲੋਹੇ ਦਾ ਬਾਟਾ ਮੋਢੇ ਤੇ ਕਿਤਾਬਾਂ ਵਾਲ਼ਾ ਝੋਲ਼ਾ । ਪਿੱਠ ਤੇ ਲੂਲਾ ਪਿਆਰਾ ਸਿੰਘ ਅਤੇ ਇੱਕ ਮੁੱਠੀ ਵਿੱਚ ਸਵਾ ਰੁਪੱਈਆ ਲੈ ਕੇ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਦੇ ਬਾਹਰ ਬਾਰ ਬੈਠ ਗਿਆ । ਇਹਨਾਂ ਦੇ ਨਾਲ਼ ਹੀ ਇੱਕ ਮਰਨ ਕਿਨਾਰੇ ਬੁੱਢਾ ਭੀ ਲੇਟ ਗਿਆ । ਪਾਕਿਸਤਾਨ ਤੋਂ ਹਰ ਰੋਜ ਲੁੱਟੇ, ਕੁੱਟੇ ਤੇ ਭੁੱਖੇ ਲੋਕ ਆਉਂਦੇ ਸਨ । ਜਿਹਨਾਂ ਦਾ ਕੋਈ ਵਾਲੀ ਵਾਰਸ ਜਾ ਥਾੳਂੁ ਟਿਕਾਣਾ ਹੁੰਦਾ ਉਹ ਚਲੇ ਜਾਂਦੇ ।ਜਿਹੜੇ ਨਿਆਸਰੇ ਰਹਿ ਜਾਂਦੇ ਉਹਨਾਂ ਦਾ ਆਸਰਾ ਭਗਤ ਜੀ ਹੀ ਹੁੰਦੇ । ਉਤਰ ਪੱਛਮ ਵਿੱਚ ਅੰਮ੍ਰਿਤਸਰ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ । ਇਧਰੋਂ ਭੀ ਲੋਕ ਲਾਵਾਰਸ ਅਤੇ ਬੇਘਰੇ ਰੋਗੀਆਂ ਨੂੰ ਗੱਡੀ ਵਿੱਚ ਬੈਠਾ ਦੇਂਦੇ । ਗੱਡੀ ਆਖਰੀ ਸਟੇਸ਼ਨ ਤੇ ਪਹੁੰਚਦੀ । ਸਰਕਾਰ ਕੋਲ਼ ਉਹਨਾਂ ਨੂੰ ਸੰਭਾਲਣ ਦਾ ਕੋਈ ਬੰਦੋਬਸਤ ਨਾ ਹੋਣ ਕਰਕੇ, ਸਫਾਈ ਵਾਲ਼ੇ ਭਗਤ ਪੂਰਨ ਸਿੰਘ ਜੀ ਨੂੰ ਸੂਚਿਤ ਕਰਦੇ । ਉਹ ਆਉਂਦੇ, ਰੋਗੀ ਬੁੱਢਿਆਂ ਆਦਿ ਨੂੰ ਲੈ ਜਾਂਦੇ । ਬੇਸੱਕ ਭਗਤ ਜੀ ਕੋਲ਼ ਕੋਈ ਪੱਕਾ ਥਾਉ ਟਿਕਾਣਾ ਨਹੀਂ ਸੀ ਨਾਂ ਹੀ ਸਰਕਾਰ ਨੇ ਛੇਤੀ ਛੇਤੀ ਕੋਈ ਜਗਹ ਪਿੰਗਵਾੜੇ ਨੂੰ ਅਲਾਟ ਕੀਤੀ ਸੀ । ਸਿੱਖ ਸੰਗਤਾਂ ਨੇ ਭਗਤ ਜੀ ਦੇ ਇਸ ਕੰਮ ਨੂੰ ਧੰਨ ਮੰਨਿਆ ਅਤੇ ਪੂਰੇ ਸਿੰਘ ਦੀ ਪਦਵੀ ਦੇ ਕੇ ਭਗਤ ਪੂਰਨ ਸਿੰਘ ਬਣਾ ਦਿਤਾ ।
ਅਸਲੀ ਪਿੰਗਲਵਾੜੇ ਦਾ ਅਰੰਭ ਤਿੰਨ ਸਿੰਘਾਂ ਦੁਆਰਾ ਕੀਤਾ ਗਿਆ । ਭਗਤ ਪੂਰਨ ਸਿੰਘ, ਸ: ਕੁੰਡਾ ਸਿੰਘ ਅਤੇ ਨਰੈਣ ਸਿੰਘ । ਇਹਨਾਂ ਨੇ ਆਪੋ ਆਪਣਾ ਕੰਮ ਵੰਡ ਲਿਆ ਸੀ । ਭਗਤ ਪੂਰਨ ਸਿੰਘ ਮਰੀਜਾਂ ਦੀ ਸਫਾਈ ਕਰਦਾ । ਉਹਨਾਂ ਦੇ ਟੱਟੀ ਨਾਲ਼ ਲਿਬੜੇ ਕੱਪੜੇ ਧੋਂਦਾ । ਸ: ਕੁੰਡਾ ਸਿੰਘ ਲੰਗਰ ਦੀ ਉਗਰਾਹੀ ਕਰਦਾ ਅਤੇ ਸ: ਨਰੈਣ ਸਿੰਘ ਇਹਨਾ ਨੂੰ ਗੁਰਬਾਣੀ ਦਾ ਪਾਠ ਸੁਣਾਉਂਦਾ । ਬੇਸ਼ਕ ਭਗਤ ਜੀ ਇਹਨਾ ਨੂੰ ਸੇਵਾ ਫਲ ਦੇਂਦੇ ਸਨ । ਉਹਨੀ ਦਿਨੀ 70-80 ਮਰੀਜਾਂ ਨੂੰ ਲੈ ਕੇ ਜਗਹ ਜਗਹ ਘੁੰਮਦੇ ਰਹੇ । ਕਦੇ ਕਿਸੇ ਬੋਹੜ ਹੇਠ । ਕਦੇ ਰੇਲਵੇ ਸਟੇਸ਼ਨਾ ਕੋਲ਼ ਕਦੇ ਕਿਤੇ ਕਦੇ ਕਿਤੇ । ਉਹਨੀ ਦਿਨੀ ਟੀ.ਬੀ.(ਤਪਦਿਕ) ਦੀ ਬੀਮਾਰੀ ਲਾਇਲਾਜ ਬੀਮਾਰੀ ਸੀ ਅਤੇ ਛੂਤ ਦੀ ਬਿਮਾਰੀ ਹੈ । ਭਗਤ ਜੀ ਕੋਲ਼ ਤਪਦਿਕ ਦੇ ਮਰੀਨ ਭੀ ਸਨ । ਜਿਥੇ ਭੀ ਭਗਤ ਜੀ ਡੇਰਾ ਲਗਾਉਂਦੇ ਲੋਕ ਇਹਨਾਂ ਨੂੰ ਖਦੇੜ ਦੇਂਦੇ । ਰਿਹਾਇਸ਼ ਦੇ ਲਾਗੇ ਤਾਂ ਬਿਲਕੁਲ ਨਹੀਂ ਰਹਿਣ ਦੇਂਦੇ ਸਨ । ਭਗਤ ਜੀ ਨੇ ਉਹਨਾਂ ਟੀ.ਬੀ ਵਾਲੇ ਮਰੀਜਾਂ ਨੂੰ ਨਾ ਛੱਡਿਆ ਅਤੇ ਉਹਨਾਂ ਦੀ ਦੇਖ ਭਾਲ਼ ਕਰਦੇ ਰਹੇ । ਵਾਹਿਗੁਰੂ ਨੇ ਭਗਤ ਜੀ ਦਾ ਇਮਿਉਨ ਸਿਸਟਮ ਇਤਨਾ ਸ਼ਕਤੀਸਾਲੀ ਕਰ ਦਿਤਾ ਕਿ ਉਹਨਾ ਨੂੰ ਕੋਈ ਭੀ ਛੂਤ ਦੀ ਬਿਮਾਰੀ ਛੂ ਨਾ ਸਕੀ ।
ਆਖਿਰ ਭਗਤ ਪੂਰਨ ਸਿੰਘ ਜੀ ਦਾ ਜੀ.ਟੀ.ਰੋਡ ਲਾਗੇ ਪੱਕਾ ਟਿਕਾਣਾ ਹੋ ਗਿਆ । ਇਹ ਜਗਹ ਭਗਤ ਜੀ ਨੇ 4ਰੁਪੈ ਗਜ ਦੇ ਹਿਸਾਬ ਨਾਲ਼ ਖਰੀਦੀ ਸੀ । ਪਿੰਗਲਵਾੜੇ ਦੀ ਰਜਿਸਟ੍ਰਡ ਸੋਸਾਇਟੀ ਬਣ ਗਈ । ਗੁਰਦੁਆਰਿਆਂ ਦੇ ਗੇਟਾਂ ਲਾਗੇ ਦਾਨ ਪਾਤਰ ਰੱਖੇ ਗਏ । ਭਗਤ ਪੂਰਨ ਸਿੰਘ ਜੀ ਨੂੰ 90% ਤੋਂ ਭੀ ਵੱਧ ਦਾਨ ਸਿੱਖ ਸੰਗਤਾਂ ਅਤੇ ਗੁਰਦੁਆਰਿਆ ਤੋਂ ਪ੍ਰਾਪਤ ਹੁੰਦਾ ਰਿਹਾ । ਆਪ ਜੀ ਨੇ ਲਿਖਿਆ ਹੈ : ‘ਮੈਂ ਦੁਨੀਆਂ ਦੇ ਬੰਦਿਆਂ ਨੂੰ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਆਪਣੇ ਬਚਾਉ, ਵਧਣ ਫੁੱਲਣ ਅਤੇ ਉਨਤੀ ਨੂੰ ਸਨਮੁੱਖ ਰਖਦਿਆ ਹੋਇਆਂ ਸਦਾ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਹਾਡੇ ਮਨਾਂ ਵਿੱਚੋਂ ਕਦੇ ਭੀ ਗੁਰਦੁਆਰਿਆਂ ਜੈਸੇ ਧਰਮ ਅਸਥਾਨਾਂ ਦਾ ਖਿਆਲ ਵਿਸਰ ਨਾ ਜਾਏ ਤੇ ਉਹਨਾਂ ਵੱਲ ਤੁਹਾਡੀ ਪਿੱਠ ਨਾਂ ਹੋ ਜਾਏ । ਆਪਣੇ ਜੋ ਸਾਹ ਲਵੋ ਉਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਲਵੋ । ਮੈਂ ਜਿੰਨਾ ਚਿਰ ਜੀਵਾਂਗਾ ਮੇਰੇ ਹਿਰਦੇ ਚੋਂ ਸੁਕਰਾਨੇ ਦੇ ਭਾਵ ਨਾਲ਼ ਇਹ ਸ਼ਬਦ ਸਦਾ ਉਂਛਲ਼ਦੇ ਰਹਿਣਗੇ : ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਨਾਮ ਦਾਨ, ਦਾਨਾ ਸਿਰ ਦਾਨ ਭਰੋਸਾ ਦਾਨ, ਸ੍ਰੀ ਅਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁੱਗ ਅਟੱਲ, ਧਰਮ ਕਾ ਜੈਕਾਰ’ ਕੇਸ ਦਾਨ ਮੰਗਣਾ ਪ੍ਰਭੂ ਪਾਸੋ ਸ਼ਕਤੀ ਮੰਗਣਾ ਹੈ । ਕੇਸ ਗੁਰੂ ਦੀ ਮੋਹਰ ਹੈ । ਇਹ ਭਾਰਤ ਦੀ ਸ਼ਾਨ ਹੈ ਪਰ ਅਫਸੋਸ ! ਅੱਜ ਸਿੱਖਾਂ ਨੂੰ ਕੇਸ਼ ਕਤਲ ਕਰਨ ਲਈ ਉਕਸਾਇਆ ਜਾ ਰਿਹਾ ਹੈ । ਕੇਸਾਧਾਰੀ ਤੇ ਗੈਰ ਕੇਸਾ ਧਾਰੀ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਇਹਨਾਂ ਨੂੰ ਖਤਮ ਕਰਨ ਦੀਆਂ ਚਾਲਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ । ਭਗਤ ਪੂਰਨ ਸਿੰਘ ਜੀ ਨੇ ਨਿਸ਼ਕਾਮ ਭਾਵਨਾ ਨਾਲ਼ ਪ੍ਰਾਣੀ ਮਾਤਰ ਦੀ ਸੇਵਾ ਕੀਤੀ । ਲੋਕਾਂ ਨੂੰ ਗਿਆਨਵਾਨ ਕਰਨ ਲਈ ਬਹੁਤ ਸਾਰਾ ਸਹਿਤ ਮੁਫਤ ਵੰਡਿਆ । ਰੁੱਖ ਲਗਾਉ । ਸਾਈਕਲ ਚਾਲਾਉ ਤੇ ਪ੍ਰਦੂਸ਼ਨ ਹਟਾਉਂਦੀਆਂ ਰੈਲੀਆਂ ਕੀਤੀਆਂ । ਵਿਆਹ ਨਹੀਂ ਕਰਵਾਇਆ । ਕਿਸੇ ਇਸਤਰੀ ਨੂੰ (ਬੇਸ਼ਕ ਉਹ ਬੀਮਾਰ ਹੋਵੇ) ਬਾਂਹ ਤੋਂ ਨਾ ਫੜਨ ਦਾ ਪ੍ਰਣ ਆਪਣੀ ਮਾਤਾ ਮਹਿਤਾਬ ਕੌਰ ਨਾਲ਼ ਕੀਤਾ ਸੀ ਉਸਨੂੰ ਤੋੜ ਨਿਭਾਇਆ । ਹੈ ਕੋਈ ਇਸ ਤਰਾਂ ਦਾ ਸਾਧ ? ਅੱਜ ਕੱਲ ਦੇ ਮੱਛਰੇ ਹੋਏ ਸਾਧਾਂ ਤੇ ਬਲਾਤਕਾਰਾਂ ਤੇ ਕਤਲਾਂ ਦੇ ਮੁਕੱਦਮੇ ਚੱਲ ਰਹੇ ਹਨ । ਫਿਰ ਭੀ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਢੋਂਗ ਕਰਦੇ ਹਨ । ਕਰੋੜਾਂ ਅਰਬਾਂ ਜਮਾਂ ਕਰਕੇ ਭੀ ਭਰਿਸਟਾਚਾਰ ਹਟਾਉ ਦੇ ਪਾਖੰਡ ਕਰ ਰਹੇ ਹਨ ।
ਗਲਤ ਜਗਹ ਪਈ ਹੋਈ ਟੱਟੀ ਨੂੰ ਹੱਥਾਂ ਨਾਲ਼ ਚੁੱਕ ਕੇ ਖੇਤ ਵਿੱਚ ਸੁੱਟਣਾ ਕੋਈ ਮਾਮੂਲੀ ਗੱਲ ਨਹੀਂ । ਇਹ ਕੰਮ ਕੇਵਲ ਤੇ ਕੇਵਲ ਭਗਤ ਪੂਰਨ ਸਿੰਘ ਜੀ ਨੇ ਹੀ ਕੀਤਾ । ਇਸ ਨਾਲ਼ ਸਫਾਈ ਭੀ ਹੁੰਦੀ ਹੈ ਤੇ ਧਰਤੀ ਮਾਂ ਸਕਤੀਸਾਲੀ ਭੀ ਹੁੰਦੀ ਹੈ । ਗਲ਼ ਵਿੱਚ ਟੱਲ਼ੀ ਪਾ ਕੇ, ਹੱਥ ਵਿੱਚ ਲੋਹੇ ਦਾ ਬਾਟਾ ਫੜ ਕੇ 800 ਮਰੀਜਾਂ, ਬੇਆਸਰੇ ਅਪਾਹਜਾਂ ਅਤੇ ਨਿਆਸਰਿਆਂ ਦੀ ਕੁੱਲੀ, ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰਨ ਵਾਲ਼ੇ ਭਗਤ ਪੂਰਨ ਸਿੰਘ ਜੀ ਦੀ ਰੀਸ ਕੋਈ ਪੰਜਾਬ ਵਿੱਚ ਫਿਰਦੇ ਸਾਧਾਂ ਦੇ ਵੱਗ ਚੋਂ ਨਹੀਂ ਕਰ ਸਕਦਾ । ਕੋਈ ਭਗਤ ਪੂਰਨ ਸਿੰਘ ਨੂੰ ਪ੍ਰਸਾਦਾ ਛਕਾਉਣ ਲਈ ਆਪਣੀ ਕਾਰ ਵਿੱਚ ਲਿਜਾ ਰਿਹਾ ਸੀ । ਭਗਤ ਜੀ ਪੁੱਛਦੇ ਹਨ ਕਿ ਉਹਨਾਂ ਦਾ ਘਰ ਕਿਤਨੀ ਕੁ ਦੂਰ ਹੈ । ਦਸਿਆ ਆਹ ਨੇੜੇ ਹੀ ਹੈ । ਭਗਤ ਜੀ ਕਾਰ ਰੋਕਦੇ ਹਨ । ਉਂਤਰ ਜਾਂਦ ਹਨ ਤੇ ਆਖਦੇ ਹਨ । ਜਿਹੜਾ ਦੋ ਕਦਮ ਪੈਦਲ ਨਹੀਂ ਤੁਰ ਸਕਦਾ ਉਹਦਾ ਪ੍ਰਸ਼ਾਦਾ ਕੀ ਛਕਣਾ । ਭਗਤ ਜੀ ਆਪਣੇ ਪ੍ਰੇਮੀ ਦੇ ਘਰ ਜਾਂਦੇ ਹਨ । ਰਾਸਤੇ ਵਿੱਚ ਪਿਆ ਗੋਹਾ ਚੁੱਕਦੇ ਹਨ, ਆਪਣੇ ਬਾਟੇ ਵਿੱਚ ਪਾ ਲੈਂਦੇ ਹਨ । ਪ੍ਰੇਮੀ ਦੇ ਘਰ ਅੱਗੇ ਗੁਲਾਬ ਦੇ ਬੂਟੇ ਲੱਗੇ ਹੁੰਦੇ ਹਨ । ਭਗਤ ਜੀ ਪ੍ਰਸਾਦਿ ਕਹਿ ਕੇ ਗੁਲਾਬ ਦੇ ਬੂਟੇ ਵਿੱਚ ਪਾ ਦਿੰਦੇ ਹਨ । ਸਰਦੀ ਜਿਆਦਾ ਹੁੰਦੀ ਹੈ । ਪਿੰਗਲਵਾੜੇ ਵਿੱਚ ਕੱਪੜੇ ਦੀ ਕਮੀ ਹੁੰਦੀ ਹੈ । ਰਾਤ ਨੂੰ ਭਗਤ ਜੀ ਨੂੰ ਆਪਣੇ ਵਾਸਤੇ ਕੰਬਲ਼ ਨਹੀਂ ਲੱਭਦਾ । ਭਗਤ ਜੀ ਲੰਗਰ ਵਿੱਚ ਜਾਂਦੇ ਹਨ । ਨਿੱਘੀ ਰਾਖ ਵਿੱਚ ਪੈ ਕੇ ਰਾਤ ਕੱਢ ਲੈਂਦੇ ਹਨ । ਨੌਜੁਆਨਾ ਨੂੰ ਆਖਦੇ ਹਨ ਕੰਮ ਕਰਦਿਆ ਸਿਹਤ ਬਣਾਉ ਅਤੇ ਸੇਹਤ ਬਣਾ ਕੇ ਸੇਵਾ ਕਰੋ ਨਾ ਕਿ ਭਾਰੀ ਖਰਚਾ ਕਰੋ । ਜਿੰਮ ਜਾਉ । ਡੌਲ਼ੇ ਬਣਾਉ ਤੇ ਲੋਕਾਂ ਨੂੰ ਯਰਕਾਉ । ਭਗਤ ਜੀ ਨੇ ਮਨੁੱਖੀ ਮਲ ਮੂਤਰ ਸੰਭਾਲਣ ਦੇ ਬਹੁਤ ਪਰਚੇ ਵੰਡੇ । ਹੋਕਾ ਦਿਤਾ ਕਿ ਮਨੁੱਖੀ ਮਲ ਮੂਤਰ ਦੀ ਖਾਦ ਬਣਾਕੇ ਧਰਤੀ ਮਾਂ ਨੂੰ ਤਕੜੀ ਕਰੋ । ਭਗਤ ਜੀ ਨੇ ਕਿਹਾ ਕਿ ਜੇ ਲੋਕਾਂ ਨੂੰ ਕੂੜਾ ਸੁੱਟਣ ਦੀ ਹੀ ਜਾਂਚ ਆ ਜਾਏ ਤਾਂ ਬਹੁਤ ਸਾਰਾ ਪ੍ਰਦੂਸ਼ਨ ਆਪੇ ਘਟ ਜਾਵੇਗਾ । ਗਟਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟਦੇ ਹਨ ਤੇ ਗਟਰ ਬੰਦ ਹੋ ਜਾਂਦੇ ਹਨ । ਸਬਜੀਆਂ ਦੇ ਛਿਲਕੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਨ ਕੇ ਸੁੱਟਦੇ ਹਨ ਤਾਂ ਉਹ ਕਿਸੇ ਕੰਮ ਨਹੀਂ ਆਉਂਦੇ । ਜੇ ਸਬਜੀਆਂ ਦੇ ਛਿਲਕੇ ਅਲੱਗ ਸੁੱਟੇ ਜਾਣ ਤਾਂ ਉਹਨਾਂ ਦੀ ਖਾਦ ਬਣੇਗੀ । ਲਿਫਾਫੇ ਰੀ ਸਾਈਕਲ ਹੋ ਜਾਣਗੇ । ਵੱਡੇ ਬਣਨ ਲਈ ਛੋਟੇ ਕੰਮ ਕਰਨੇ ਜਰੂਰੀ ਹਨ । ਭਗਤ ਪੂਰਨ ਸਿੰਘ ਜੀ ਨੂੰ ਇਸ ਤਰਾਂ ਕਰਦੇ ਕਰਦੇ ਨੂੰ ਤੀਹ ਸਾਲ ਗੁਜਰ ਗਏ । ਮੀਡੀਆ ਦੀ ਨਜ਼ਰ ਇਸ ਸਮਾਜ ਸੇਵੀ ਅਤੇ ਮਨੁੱਖਤਾ ਦੇ ਪ੍ਰੇਮੀ ਤੇ ਨਹੀਂ ਪਈ । ਸਰਕਾਰ ਦੇ ਧਿਆਨ ‘ਚ ਨਹੀਂ ਆਏ । ਅਖੀਰ 1980 ਨੂੰ ਸਰਕਾਰ ਦੇ ਧਿਆਨ ਵਿੱਚ ਭਗਤ ਪੂਰਨ ਸਿੰਘ ਜੀ ਆਏ । ਕੈਪਟਨ ਮਹਿੰਦਰ ਸਿੰਘ ਜੀ ਪੁਸਤਕ ਅਲੌਕਿਕ ਸ਼ਖਸੀਅਤ ਦੇ ਪੰਨਾ 35 ਤੇ ਲਿਖਦੇ ਹਨ ‘1980 ਵਿੱਚ ਕੇਂਦਰੀ ਸਰਕਾਰ ਨੇ ਆਪਣੇ ਪਦਮ ਸ੍ਰੀ ਐਵਾਰਡ ਨੂੰ ਉਂਚਾ ਕਰਨ ਹਿੱਤ ਐਵਾਰਡ ਭਗਤ ਪੂਰਨ ਸਿੰਘ ਨਾਲ਼ ਜੋੜ ਦਿਤਾ’ । ਇਹ ਐਵਾਰਡ ਉਹਨਾਂ 1984 ਦੇ ਨੀਲਾ ਤਾਰਾ ਘਲੂਘਾਰੇ ਦੇ ਰੋਸ ਵਜੋਂ ਵਾਪਿਸ ਕਰ ਦਿਤਾ । ਪਦਮ ਸ੍ਰੀ ਦੀ ਵਾਪਸੀ ਲਈ ਬਕਾਇਦਾ ਰਾਸਟਰਪਤੀ ਨੂੰ ਚਿੱਠੀ ਲਿਖੀ ਸੀ । ਚਿੱਠੀ ਦਾ ਵਿਸ਼ਾ ਹੈ : ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਹੋਈ ਇੰਨਸਾਨੀਅਤ ਤੋਂ ਗਿਰੀ ਹੋਈ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ ਪਦਮ ਸ੍ਰੀ ਐਵਾਰਡ ਮੋੜਿਆ ਜਾਣਾ । ਇਹ ਐਵਾਰਡ ਉਹਨਾਂ 9-9-1984 ਨੂੰ ਮੋੜਿਆ । ਇਸ ਤੋਂ ਬਾਅਦ ਦਾਸ ਨੂੰ ਭਗਤ ਜੀ ਨਾਲ਼ ਗੱਲਬਾਤ ਕਰਨ ਦਾ ਮੌਕਾ ਮਿਲਿਆ । ਦਾਸ ਨੇ ਪੁੱਛ ਲਿਆ ! ਭਗਤ ਜੀ ਪਦਮ ਸ੍ਰੀ ਐਵਾਰਡ ਮੋੜਨ ਲਈ ਇਤਨੀਆਂ ਸੋਚਾਂ ਵਿੱਚ ਕਿਉਂ ਪੈ ਗਏ । ਭਗਤ ਜੀ ਥੋੜਾ ਗੰਭੀਰ ਜਿਹੇ ਹੋਏ ਤੇ ਕਿਹਾ : ‘ਪਿੰਗਲਵਾੜੇ ਕਰਕੇ ! ਇਹਨਾਂ ਦਾ ਕੀ ਸੀ !’ ਤੇ ਭਗਤ ਜੀ ਚੁੱਪ ਕਰ ਗਏ ।
ਭਗਤ ਪੂਰਨ ਸਿੰਘ ਜੀ ਦਾ ਦ੍ਰਿੜ ਵਿਸ਼ਵਾਸ਼ ਹੈ : ਜਿਹੜਾ ਭੀ ਗੁਰਸਿੱਖ ਪਿਆਰਾ ਗੁਰੂ ਦਾ ਕੰਮ ਕਰੇਗਾ । ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਆਪਣਾ ਤਨ ਮਨ ਧਨ ਸਉਂਪ ਦੇਵੇਗਾ ਤਾਂ ਦੇਸ਼ਾ ਵਿਦੇਸ਼ਾਂ ਵਿੱਚ ਬੈਠੀਆਂ ਗੁਰੂ ਦੀਆਂ ਸੰਗਤਾਂ ਉਹਨੂੰ ਕਿਸੇ ਭੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦੇਣਗੀਆਂ । ਭਗਤ ਪੂਰਨ ਸਿੰਘ ਜੀ ਨੂੰ ਸੱਭ ਤੋਂ ਵੱਡਾ ਸਦਮਾ ਆਪਣੀ ਮਾਂ ਪੂਰੀ ਹੋਣ ਤੇ ਲੱਗਾ ਸੀ । ਉਸ ਮਾਂ ਨੂੰ ਖੋਜਦੇ ਖੋਜਦੇ ਭਗਤ ਜੀ ਨੇ ਬੀਬੀ ਇੰਦਰਜਤਿ ਕੌਰ ਦੇ ਰੂਪ ਵਿੱਚ ਮਾਂ ਦੀ ਪ੍ਰਾਪਤੀ ਭੀ ਕਰ ਲਈ ਸੀ । 1984 ਤੋਂ ਬਾਅਦ ਭਗਤ ਜੀ ਦੀ ਸਿਹਤ ਖਰਾਬ ਹੋਣ ਲੱਗ ਪਈ ਅਤੇ ਬੀਬੀ ਇੰਦਰਜੀਤ ਕੌਰ ਭਗਤ ਜੀ ਦੀ ਸੇਵਾ ਵਿੱਚ ਪਹੁੰਚ ਗਈ । ਬੀਬੀ ਜੀ ਨੇ ਬੱਚਿਆਂ ਦੀ ਤਰਾਂ ਸੇਵਾ ਕੀਤੀ । ਬੱਚਿਆਂ ਦੀ ਤਰਾਂ ਕੇਸੀ ਇਸਨਾਨ ਕਰਾਏ । ਮਾਲਸ਼ਾਂ ਕੀਤੀਆਂ । ਅਖੀਰ 04-06-1992 ਨੂੰ ਪਿੰਗਲਵਾੜੇ ਦੀ ਜੁਮੇਵਾਰੀ ਬੀਬੀ ਇੰਦਰਜੀਤ ਕੌਰ ਦੇ ਮੋਢਿਆਂ ਤੇ ਰੱਖ ਕੇ ਆਪ ਜੋਤੀ ਜੋਤ ਸਮਾ ਗਏ ।
ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਬੀਬੀ ਇੰਦਰਜੀਤ ਕੌਰ ਦੇ ਪ੍ਰਬੰਧ ਹੇਠ ਆਏ ਨੂੰ 21 ਸਾਲ ਹੋਣ ਵਾਲ਼ੇ ਹਨ । ਹੁਣ ਪਿਗਲਵਾੜੇ ਵਿੱਚ ਮਾਤਾ ਮਹਿਤਾਬ ਕੌਰ ਅਤੇ ਪਿਆਰਾ ਸਿੰਘ ਦੇ ਨਾਮ ਤੇ ਦੋ ਵਾਰਡ ਬਣੇ ਹੋਏ ਹਨ । ਫਰਵਰੀ 2013 ਦੇ ਅਨੁਸਾਰ ਪਿੰਗਲਵਾੜੇ ਦਾ ਰੋਜਾਨਾ ਦਾ ਖਰਚਾ ਸਾਢੇ ਤਿੰਨ ਲੱਖ ਰੁਪਿਆ ਹੈ । ਪਿੰਗਲਵਾੜੇ ਵਿੱਚ 1630 ਮਰੀਜ ਹਨ । ਪੰਜ ਸਕੂਲ ਚੱਲ ਰਹੇ ਹਨ । ਕੁੱਝ ਖਾਸ ਕਿਸਮ ਦੇ ਕੰਮ ਭੀ ਅਰੰਭੇ ਹੋਏ ਹਨ ਜਿਵੇਂ ਕਿ ਕੁਦਰਤੀ ਖੇਤੀ ਕਰਨੀ, ਬਨਾਵਟੀ ਅੰਗਾ ਨੂੰ ਬਣਾਉਣਾ ਅਤੇ ਮੰਦ ਬੁੱਧੀ ਬੱਚਿਆਂ ਦੇ ਪ੍ਰੋਜੈਕਟ ਚਲਾਉਣੇ ਆਦਿ । ਜਿਵੇਂ ਰੈਡ ਕਰਾਸ ਦੀ ਨੀਂਹ ਭਾਈ ਘਨੱਈਆ ਜੀ ਨੇ ਰੱਖੀ ਸੀ ਪਰ ਸਾਡੇ ਪ੍ਰਚਾਰ ਦੀ ਘਾਟ ਕਾਰਨ ਸੰਸਾਰ ਵਾਲ਼ੇ ਲੋਕ ਇਹ ਨਹੀਂ ਜਾਣਦੇ । ਏਵੇਂ ਹੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਵਾਲੇ ਕੰਮ ਦੀ ਨੀਂਹ ਭਗਤ ਪੂਰਨ ਸਿੰਘ ਜੀ ਨੇ ਰੱਖੀ ਹੈ । ਸਾਰੇ ਸੰਸਾਰ ਦੇ ਸਿੱਖਾ ਨੂੰ ਹੋਕਾ ਹੈ ਕਿ ਜਿਵੇਂ ਪਹਿਲਾਂ ਭੀ ਤੁਸੀਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਦਾਨ ਜਾਂ ਦਸਵੰਧ ਆਦਿ ਦੇਂਦੇ ਆਏ ਹੋ, ਉਵੇਂ ਅੱਗੋ ਭੀ ਸਗੋਂ ਵਧ ਚੜ੍ਹ ਕੇ ਦਾਨ ਦੇਂਦੇ ਰਹੋ ਤਾਂ ਕਿ ਇਹ ਸੰਸਾਰ ਪ੍ਰਸਿੱਧ ਸੰਸਥਾ ਬਣ ਜਾਵੇ । ਭਗਤ ਪੂਰਨ ਸਿੰਘ ਵਰਗੀ ਘਾਲਣਾ ਕਰਨੀ ਤਾਂ ਬਹੁਤ ਔਖੀ ਹੈ ਪਰ ਅਸੀਂ ਆਪੋ ਆਪਣੇ ਪਰਿਵਾਰਾਂ ਦੇ ਬਿਰਧ ਅਤੇ ਲਾਚਾਰਾਂ ਨੂੰ ਸੰਭਾਲ਼ ਤਾਂ ਸਕਦੇ ਹੀ ਹਾਂ ।ਘੱਟੋ ਘੱਟ ਇੱਕ ਰੁੱਖ ਤਾਂ ਲਾ ਹੀ ਸਕਦੇ ਹਾਂ । ਸਾਇਕਲਾਂ ਦੀ ਵਰਤੋ ਕਰ ਸਕਦੇ ਹਾਂ । ਘਰੇਲੂ ਕੂੜਾ ਤਾਂ ਠੀਕ ਤਰੀਕੇ ਨਾਲ਼ ਸੁੱਟ ਸਕਦੇ ਹਾਂ ਜਿਵੇਂ ਕਿ ਸਬਜੀਆਂ ਦੇ ਛਿਲਕੇ ਅਲੱਗ ਅਤੇ ਮੋਮੀ ਕਾਗਜ਼ ਦੇ ਲਿਫਾਫੇ ਅਲੱਗ । ਸਿੱਖੀ ਦੇ ਪ੍ਰਚਾਰ ਲਈ ਨਿਸ਼ਕਾਮ ਸੇਵਾ ਜਰੂਰੀ ਹੈ । ਜੇ ਸੰਸਾਰ ਦੇ ਲੋਕਾਂ ਨੇ ਧਰਤੀ ਨੂੰ ਅਨੰਦਮਈ ਬਣਾਉਣਾ ਹੈ ਤਾਂ ਭਗਤ ਪੁਰਨ ਸਿੰਘ ਵਾਲ਼ੇ ਪਿੰਗਲਵਾੜੇ ਤੋਂ ਸੇਧ ਲਈ ਜਾ ਸਕਦੀ ਹੈ ॥


ਧੰਨਵਾਦ ਸਹਿਤ
ਪੰਜਾਬ ਸਪੈਕਟ੍ਰਮ

Tuesday, May 7, 2013

40 ਮੁਕਤੇ



" ਟੂਟੀ ਗਾਢਨਹਾਰ ਗੋਪਾਲ 
ਸਰਬ ਜੀਆ ਆਪੇ ਪ੍ਰਤਿਪਾਲ ॥ "

ਚਾਲੀ ਮੁਕਤੇ, ਓਹ ਸਿੰਘ ਸਨ ਜਿੰਨਾਂ ਨੇ ਪੰਥ ਦੀ ਖਾਤਿਰ ਸਿੱਖੀ ਸਿਦਕ ਦੀ ਰਾਖੀ ਕਰਦੇ ਹੋਏ ਖਿਦਰਾਣੇ ਦੀ ਢਾਬ, ਮੁਕਤਸਰ ਦੀ ਧਰਤੀ ਤੇ ਸ਼ਾਹਦਤ ਪਾਈ !
ਇਹਨਾਂ ੪੦ ਸਿੰਘਾਂ ਨੇ ੧੦ ਲਖ ਮੁਗਲ ਫੌਜ ਨਾਲ ਸਿਰ ਕੱਢ ਮੁਕਾਬਲਾ ਕੀਤਾ ਅਤੇ ਅੱਜ ਦੇ ਦਿਨ ੧੭੦੫ ਨੂੰ ਸ਼ਹਾਦਤ ਪਾ ਗਏ !

ਇਤਿਹਾਸ ਤੇ ਨਜ਼ਰ ਪਾਈ ਜਾਵੇ ਤਾਂ ਜਾਣਕਾਰੀ ਮਿਲਦੀ ਹੈ ਕਿ ਮੁਗਲ ਫੌਜ ਦਾ ਮੁਕਾਬਲਾ ਕਰਦੇ ਜਦ ਗੁਰੂ ਕਿ ਫੌਜ ਦਾ ਰਾਸ਼ਨ ਅਤੇ ਹੋਰ ਜ਼ਰੂਰੀ ਚੀਜਾਂ ਦਾ ਖਾਤਮਾ ਹੋ ਗਿਆ ਤਾਂ ਭਾਈ ਮਹਾ ਸਿੰਘ ਸਮੇਤ ੩੯ ਹੋਰ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਜੰਗ ਦੇ ਮੈਦਾਨ ਚੋਂ ਜਾਣ ਦਾ ਫੈਸਲਾ ਕੀਤਾ !
ਪਰ ਅਕਾਲ ਪੁਰਖ ਕਿਰਪਾ ਸਦਕਾ ਇਹਨਾਂ ੪੦ ਸਿੰਘਾਂ ਨੂੰ ਆਪਣੀ ਭੁੱਲ ਦਾ ਅੰਦੇਸ਼ਾ ਹੋਇਆ ਅਤੇ ਸਾਰੇ ਸਿੰਘ ਜੰਗ ਦੇ ਮੈਦਾਨ ਚ ਪਰਤੇ ਅਤੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਟਕਰਾ ਕੀਤਾ ਅਤੇ ਸ਼ਹਾਦਤ ਦੇ ਜਾਮ ਪੀ ਗਏ !
ਗੁਰੂ ਸਾਹਿਬ ਜੀ ਨੂੰ ਦਿੱਤਾ ਬੇਦਾਵਾ ਫਾੜਨ ਦੀ ਬੇਨਤੀ ਵੀ ਕੀਤੀ ! ਗੁਰੂ ਆਪਣੇ ਸਿੱਖ ਦੀ ਬੇਨਤੀ ਤੇ ਤਰੁਠੇ ਅਤੇ ਹਰ ਇਕ ਸਿੰਘ ਨੂੰ ੧੦ ਹਜਾਰੀ, ੨੦ ਹਜਾਰੀ, ਆਖਦੇ ਹੋਏ ਸਨਮਾਨ ਦਿੱਤਾ ਅਤੇ ਬੇਦਾਵਾ ਫਾੜ ਕੇ ੪੦ ਮੁਕਤੇ ਨਾਲ ਨਿਵਾਜਿਆ !

੪੦ ਮੁਕਤਿਆਂ ਦੇ ਨਾਮ ਹੇਠ ਅਨੁਸਾਰ ਹਨ :
  1. ਭਾਈ ਭਾਗ ਸਿੰਘ ਰੁਭਾਲੀਆ
  2. ਭਾਈ ਮਹਾਂ ਸਿੰਘ ਖੈਰ ਪੁਰੀਆ
  3. ਭਾਈ ਦਿਲਬਾਗ ਸਿੰਘ
  4. ਭਾਈ ਕੰਧਾਰਾ ਸਿੰਘ
  5. ਭਾਈ ਦਰਬਾਰਾ ਸਿੰਘ
  6. ਭਾਈ ਗੰਢਾ ਸਿੰਘ/ਗੰਗਾ ਸਿੰਘ
  7. ਭਾਈ ਰਾਇ ਸਿੰਘ
  8. ਭਾਈ ਸੀਤਲ ਸਿੰਘ
  9. ਭਾਈ ਸੁੰਦਰ ਸਿੰਘ ਝਲੀਆ
  10. ਭਾਈ ਕ੍ਰਿਪਾਲ ਸਿੰਘ
  11. ਭਾਈ ਦਿਆਲ ਸਿੰਘ
  12. ਭਾਈ ਨਿਹਾਲ ਸਿੰਘ
  13. ਭਾਈ ਕੁਸ਼ਾਲ ਸਿੰਘ
  14. ਭਾਈ ਸੁਹੇਲ ਸਿੰਘ
  15. ਭਾਈ ਚੰਭਾ ਸਿੰਘ
  16. ਭਾਈ ਸ਼ਮੀਰ ਸਿੰਘ
  17. ਭਾਈ ਸਰਜਾ ਸਿੰਘ
  18. ਭਾਈ ਹਰਜਾ ਸਿੰਘ
  19. ਭਾਈ ਬੂੜ ਸਿੰਘ
  20. ਭਾਈ ਸੁਲਤਾਨ ਸਿੰਘ ਪਰੀ
  21. ਭਾਈ ਨਿਧਾਨ ਸਿੰਘ
  22. ਭਾਈ ਸੋਭਾ ਸਿੰਘ
  23. ਭਾਈ ਹਰੀ ਸਿੰਘ
  24. ਭਾਈ ਕਰਮ ਸਿੰਘ
  25. ਭਾਈ ਧਰਮ ਸਿੰਘ
  26. ਭਾਈ ਕਾਲਾ ਸਿੰਘ
  27. ਭਾਈ ਸੰਤ ਸਿੰਘ
  28. ਭਾਈ ਕੀਰਤ ਸਿੰਘ
  29. ਭਾਈ ਗੁਲਾਬ ਸਿੰਘ
  30. ਭਾਈ ਜਾਦੇ ਸਿੰਘ
  31. ਭਾਈ ਜੋਗਾ ਸਿੰਘ
  32. ਭਾਈ ਤੇਗਾ ਸਿੰਘ
  33. ਭਾਈ ਧੰਨਾ ਸਿੰਘ
  34. ਭਾਈ ਭੋਲਾ ਸਿੰਘ
  35. ਭਾਈ ਮੱਲਾ ਸਿੰਘ
  36. ਭਾਈ ਮਾਨ ਸਿੰਘ
  37. ਭਾਈ ਲਛਮਣ ਸਿੰਘ
  38. ਭਾਈ ਸਾਧੂ ਸਿੰਘ
  39. ਭਾਈ ਮੱਸਾ ਸਿੰਘ
  40. ਭਾਈ ਜੋਗਾ ਸਿੰਘ।


ਅਕਾਲ ਪੁਰਖ ਸਾਡੇ ਬੇਦਾਵੇ ਵੀ ਇਸੇ ਪ੍ਰਕਾਰ ਫਾੜ ਕੇ  ਸਾਡੀ ਵੀ ਟੁੱਟੀ ਗੰਢ ਦੇਣ !!

“ ਖਾਲਸਾ ਸਾਜਨਾ ਦਿਵਸ ”





" ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ !! "


ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ (1699 ) ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।
ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ (1469-1539 ਈ )ਤੋਂ ਲੈ ਕੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ) ਤੱਕ ਲਗਭਗ ਦੋ ਸਦੀਆਂ ਦੇ ਅਰਸੇ ਦੌਰਾਨ ਮੁਗਲਾਂ ਦੇ ਜ਼ਬਰ-ਜ਼ੁਲਮ,ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬਾਨ ਨੇ ਬਦਲਦੇ ਸਮੇਂ ਅਨੁਸਾਰ ਆਵਾਜ਼ ਬੁਲੰਦ ਕੀਤੀ
ਗੁਰੂ ਅਰਜਨ ਸਾਹਿਬ ਜੀ ਦੀ ਸਹੀਦੀ (1606 ਈ) ਤੋਂ ਬਾਅਦਇਹ ਵਿਦਰੋਹ ਨਵਾਂ ਰੂਪ ਧਾਰਨ ਕਰ ਗਿਆ। ਇਸ ਸ਼ਹਾਦਤ ਤੋਂ ਬਾਅਦ ਧਰਮ ਬਚਾਉਣ ਲਈ ਸ਼ਸਤਰਾਂ ਦੀ ਹੋਂਦ ਦੀ ਜ਼ਰੂਰਤ ਮਹਿਸੂਸ ਹੋਈ। ਧਰਮ ਦੀ ਖਾਤਰ ਹੋਈ ਇਸ ਸ਼ਹਾਦਤ ਨੇ ਚੁੱਪ ਬੈਠੀ ਕੌਮ ਦੇ ਧਾਰਮਿਕ ਜਜ਼ਬਿਆਂ ਨੂੰ ਝੰਜੋੜਿਆ ਅਤੇ ਸਿੱਖਾਂ ਵਿੱਚ ਵਿਰੋਧੀ ਜਜ਼ਬੇ ਦਾ ਜਨਮ ਹੋਇਆ।
ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ, ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨਿਆ।ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਅਕਾਲ ਤਖ਼ਤ ਦੀ ਸਿਰਜਨਾ ਕੀਤੀ । ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸ਼ਕਤੀ ਅਤੇ ਭਗਤੀ ਦੇ ਸੁਮੇਲ ਨੂੰ ਜਨਮ ਦਿੱਤਾ ਅਤੇ ਸੇਧ ਬਖਸ਼ੀ ਕਿ ਭਗਤੀ ਦੇ ਰਾਹ ਤੇ ਚਲਦੇ ਹੋਏ ਜੇਕਰ ਜਾਬਰ-ਜੁਲਮ ਦਾ ਟਾਕਰਾ ਕਰਨਾ ਪਵੇ ਤਾਂ ਸ਼ਸਤਰ ਚੁਕਣੇ ਵਾਜਿਬ ਹਨ !
ਸਮੇਂ ਦੀ ਲੋੜ ਅਨੁਸਾਰ ਜਦ ਵੀ ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਗੁਰੂ ਦੀ ਫੌਜ ਨੇ ਵੱਧ ਚੜ੍ਹ ਕੇ ਜੰਗ ਦਾ ਬਿਗਲ ਵਜਾ ਦਿੱਤਾ। ਇਸ ਸੰਘਰਸ਼ ਦਾ ਬੀਜ ਤਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਬੀਜਿਆ ਜਾ ਚੁੱਕਾ ਸੀ ਪਰ ਬਦਲਦੇ ਸਮੇਂ ਅਨੁਸਾਰ ਹੁਕਮਰਾਨਾਂ ਦੇ ਵਤੀਰੇ ਵਿੱਚ ਵਾਪਰਦੀ ਤਬਦੀਲੀ ਦੇ ਪ੍ਰਤੀਕਰਮ ਵਜੋਂ ਗੁਰੂ ਸਾਹਿਬਾਨ ਦੇ ਇਸ ਸੰਘਰਸ਼ ਦਾ ਰੂਪ ਵੀ ਬਦਲਿਆ।
ਬਾਦਸ਼ਾਹ ਦਰਵੇਸ਼, ਮਹਾਨ ਸੂਰਮੇ, ਵਿਦਵਾਨ, ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਘਰਸ਼ ਰੂਪੀ ਬੀਜੇ ਬੀਜ ਨੂੰ ਜੱਥੇਬੰਦੀ ਦੇ ਸਰੂਪ ਰਾਹੀਂ ਸੰਪੂਰਨਤਾ ਪ੍ਰਦਾਨ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਕਿਲਾ ਕੇਸਗੜ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਕਿ ਕਿਸੇ ਵੀ ਪ੍ਰਕਾਰ ਦੇਜਬਰ ਅਤੇ ਜੁਲਮ ਦਾ ਡੱਟ ਕੇ ਸਾਹਮਣਾ ਕਰ ਸਕੇ।ਇਤਿਹਾਸ ਵਿੱਚ ਇਹ ਇਕ ਕ੍ਰਾਂਤੀਕਾਰੀ ਤਬਦੀਲੀ ਵਾਪਰੀ । ਗੁਰੂ ਜੀ ਨੇ ਕਾਇਰ, ਸਾਹਸਹੀਣ ਲੋਕਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ਤਾਂ ਜੋ ਜਾਲਮਾਂ ਤਾ ਟਾਕਰਾ
ਜਓ ਤਓ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੋਰੀ ਆਓ
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ
ਕਹੇ ਅਨੁਸਾਰ ਕਰ ਸਕਣ !
ਗੁਰੂ ਸਾਹਿਬ ਜੀ ਨੇ ਪਹਿਲੀ ਵੈਸਾਖ 1756 ਸੰਮਤ, 1699 ਇ. ਨੂੰ ਭਰੇ ਪੰਡਾਲ ਵਿੱਚੋਂ ਪੰਜ ਸਿਰ ਮੰਗੇ !
ਸਮੂਹ ਸੰਗਤ ਦਾ ਇੱਕਠ ਬਹੁਤ ਅਸਚਰਜ ਵਿੱਚ ਪੈ ਗਿਆ ਪਰ ਸਿਦਕੀ ਸਿੱਖਾਂ ਲਈ ਕੁਰਬਾਨ ਹੋ ਜਾਣ ਦਾ ਇਹੀ ਸਫਲ ਮੌਕਾ ਸੀ। 

ਸਭ ਤੋਂ ਪਹਿਲਾਂ ਲਾਹੋਰ ਦਾ ਰਹਿਣ ਵਾਲਾ ਦਇਆ ਰਾਮ(ਖੱਤਰੀ) ਉੱਠਿਆ। ਅਤੇ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਹੋਏ ਸੀਸ ਭੇਟਾ ਕਰਨ ਦੀ ਇੱਛਾ ਜਾਹਿਰ ਕੀਤੀ !ਗੁਰੂ ਜੀ ਉਸਨੂੰ ਲਾਗੇ ਹੀ ਸਜੇ ਇਕ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਭਿੱਜੀ  ਤਲਵਾਰ ਨਾਲ ਵਾਪਿਸ ਪਰਤੇ ਅਤੇ ਇਸੇ ਪ੍ਰਕਾਰ ਇੱਕ ਤੋਂ ਬਾਅਦ ਇੱਕ ਸੀਸ ਮੰਗਦੇ ਰਹੇ !
ਦਇਆ ਰਾਮ ਜੀ ਤੋਂ ਉਪਰੰਤ ਦਿੱਲੀ ਦੇ ਧਰਮ ਦਾਸ ਜੀ, ਦਵਾਰਕਾ ਦੇ ਮੋਹਕਮ ਚੰਦ ਜੀ, ਬਿਦਰ ਦੇ ਸਾਹਿਬ ਚੰਦ ਜੀ ਅਤੇ ਪੂਰੀ ਦੇ ਹਿੰਮਤ ਰਾਇ ਜੀ ਨੇ ਗੁਰੂ ਜੀ ਨੂੰ  ਸੀਸ ਭੇਟਾ ਕੀਤੇ !  

ਇਸ ਉਪਰੰਤ ਸਰਬ-ਲੋਹ ਦੇ ਬਾਟੇ ਵਿੱਚ ਖੰਡੇ ਦੀ ਪਾਹੁਲ ਤਿਆਰ ਕੀਤੀ ਗਈ  ਜੋ ਕਿ ਪ੍ਰਤੀਕ ਹੈ ਇਸ ਗਲ ਦਾ ਕਿ ਖਾਲਸਾ ਸਿਰਫ ਦਲੇਰੀ ਦਾ ਪ੍ਰਤੀਕ ਨਹੀਂ ਸਗੋਂ ਇਹ ਨਿਮਰਤਾ ਅਤੇ ਮਿਠਾਸ ਦਾ ਵੀ ਪ੍ਰਤੀਕ ਹੋਵੇਗਾ!

ਪੰਜ ਸੀਸ ਭੇਟਾ ਕਰਨ ਵਾਲੇ ਸਰੀਰਾਂ ਨੂੰ ਇਹ ਖੰਡੇ ਦੀ ਪਾਹੁਲ ਛਕਾ ਕੇ ਪੰਜ ਪਿਆਰੇ ਸਾਜਿਆ ਗਿਆ !

ਉਹਨਾਂ ੫ ਪਿਆਰਿਆਂ ਦੇ ਨਾਮ ਇਸ ਤਰਾਂ ਰੱਖੇ:

ਦਇਆ ਰਾਮ ਤੋਂ ਦਇਆ ਸਿੰਘ 
ਧਰਮ ਦਾਸ ਤੋਂ ਧਰਮ ਸਿੰਘ
ਮੋਹਕਮ ਚੰਦ ਤੋਂ ਮੋਹਕਮ ਸਿੰਘ
ਸਾਹਿਬ ਚੰਦ ਤੋਂ ਸਾਹਿਬ ਸਿੰਘ 
ਹਿੰਮਤ ਰਾਇ ਤੋਂ ਹਿੰਮਤ ਸਿੰਘ


ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੇ ਫ਼ਰਕ ਨੂੰ ਮਿਟਾਉਦਿਆ ਅਲੱਗ ਅਲੱਗ ਜਾਤਾਂ, ਗੋਤਾਂ ਤੋਂ ਕੌਮ ਨੂੰ ਆਜਾਦ ਕਰਨ ਦੇ ਮੰਸੂਬੇ ਹਿੱਤ ਕੌਮ ਨੂੰ ਨਿਵੇਕਲਾ ਸਰੂਪ ਬਖਸ਼ਿਆ ਅਤੇ ਸਮੂਹ ਪੰਥ ਨੂੰ ਖਾਲਸਾ ਨਾਮ ਦੇ ਕੇ ਨਿਵਾਜਿਆ !


  ਖਾਲਸਾ ਮੇਰੋ ਰੂਪ ਹੈ ਖਾਸ !! ਖਾਲਸੇ ਮਹਿ ਹੌ ਕਰੋ ਨਿਵਾਸ !!
     
ਖਾਲਸਾ ਮੇਰੋ ਮੁਖ ਹੈ ਅੰਗਾ !! ਖਾਲਸੇ ਕੇ ਹੌਂ ਸਦ ਸਦ ਸੰਗਾ !!” (ਅੰਮ੍ਰਿਤ ਕੀਰਤਨ- ਗੁਰੂ ਗੋਬਿੰਦ ਸਿੰਘ ਜੀ)


ਇੱਕ ਹੋਣ ਦੀ ਉਦਾਹਰਨ ਪੇਸ਼ ਕਰਦੇ ਹੋਏ ਸਿੱਖਾਂ ਨੂੰ ਆਪਣੇ ਨਾਮ ਦੇ ਪਿਛੇ "ਸਿੰਘ" ਅਤੇ ਸਿੱਖ ਬੀਬੀਆਂ ਨੂੰ "ਕੌਰ" ਲਾਉਣ ਦਾ ਹੁਕਮ ਕੀਤਾ !

ਉਪਰੰਤ ਕਲਗੀਧਰ ਦਸਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਕਿ ਉਹਨਾਂ (ਗੁਰੂ ਗੋਬਿੰਦ ਰਾਇ ਜੀ) ਨੂੰ ਵੀ ਇਸੇ ਤਰਾਂ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਵੇ ! 

ਇਸ ਪ੍ਰਕਾਰ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਜੀ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ! 

ਖਾਲਸਾ ਸ਼ਬਦ ਤੋਂ ਭਾਵ ਹੈ ਖਾਲਸ ! 

ਗੁਰੂ ਜੀ ਨੇ ੨੩੯ ਸਾਲ ਦੀ ਗੁਰੂਆਂ ਦੀ ਘਾਲਣਾ ਨੂੰ ਇੱਕ ਨਿਵੇਕਲਾ ਰੂਪ ਦਿੱਤਾ ਜੋ ਕਿ ਭਗਤੀ ਅਤੇ ਸ਼ਕਤੀ ਦੀ ਮਿਸਾਲ ਹੈ ਅਤੇ ਦੇਗ ਅਤੇ ਤੇਗ ਦੀ ਵੀ ਛੋਹ ਪੇਸ਼ ਕਰਦਾ ਹੈ !

ਗੁਰੂ ਜੀ ਨੇ ਖਾਲਸਾ ਨੂੰ ੪ ਬੱਜਰ ਕੁਰਹਿਤਾਂ ਤੋਂ ਵਰਜਿਆ :
  1. ਕੇਸ ਕਤਲ ਨਹੀਂ ਕਰਨੇ
  2. ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ
  3. ਕੁੱਠਾ  ਮਾਸ  ਨਹੀਂ  ਖਾਣਾ
  4. ਪਰ ਇਸਤਰੀ/ਪਰ ਪੁਰਸ਼ ਦਾ ਸੰਗ ਨਹੀਂ ਕਰਨਾ
ਗੁਰੂ ਜੀ ਨੇ ਇਸ ਪ੍ਰਕਾਰ ਖਾਲਸਾ ਨੂੰ ਹਰ ਵੇਲੇ
  • ਪੰਜ ਕਕਾਰਾਂ ਦਾ ਧਾਰਨੀ ਹੋਣਾ,
  • ਇੱਕ ਅਕਾਲ ਪੁਰਖ ਦੀ ਉਸਤਤ ਕਰਨੀ,
  • ਗੁਰੂ ਗਰੰਥ ਸਾਹਿਬ ਜੀ ਉੱਤੇ ਨਿਸ਼ਚਾ ਕਰਨਾ (ਗਰੰਥ ਕੋਈ ਵੀ ਪੜ ਲਓ ਪਰ  ਗੁਰੂਆਂ ਦੀ ਬਾਣੀ-ਗੁਰੂ ਗਰੰਥ  ਸਾਹਿਬ ਦੀ ਹੀ ਵਿਚਾਰ ਕਰਨੀ ਤੇ ਸੁਣਨੀ ਹੈ)
  • ਕਿਸੇ ਵੀ ਪ੍ਰਕਾਰ ਦੇ ਦੇਹਧਾਰੀ ਯਾ ਹੋਰ ਕਰਮ - ਕਾਂਡਾਂ ਤੋ ਵਰਜਿਆ
  • ਆਪਣੇ ਨਾਮ ਨਾਲ "ਸਿੰਘ" ਅਤੇ "ਕੌਰ" ਲਗਾਉਣਾ (ਇਸ ਨਾਲ ਊਚ-ਨੀਚ ਦਾ ਫ਼ਰਕ ਮਿਟਾਇਆ )
  • ਸਿਰ ਤੇ ਦਸਤਾਰ ਸਜਾ ਕੇ ਰਖਣੀ
  • ਕੋਈ ਵੀ ਕੰਮ ਆਰੰਭ ਕਰਨ ਤੋ ਪਹਿਲਾਂ ਅਕਾਲ ਪੁਰਖ ਅੱਗੇ ਬੇਨਤੀ (ਅਰਦਾਸ) ਕਰਨੀ
  • ਪੰਜਾਬੀ (ਗੁਰਮੁਖੀ) ਦਾ ਪੂਰਨ ਗਿਆਨ ਹੋਣਾ (ਕੋਈ ਵੀ ਭਾਸ਼ਾ ਵਿਸ਼ੇਸ਼ ਚ ਨੁਇਪੁੰਨ ਹੋਣ ਦੇ ਨਾਲ ਨਾਲ ਪੰਜਾਬੀ ਨੂੰ ਮੁੱਖ ਰਖਣਾ ਹੈ)
  • ਕੁੜੀ ਮਾਰ ਨਹੀਂ ਕਰਨੀ
ਖਾਲਸੇ ਨੂੰ ਪੰਜ ਕਕਾਰ (ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ) ਦਾ ਧਾਰਨੀ ਹੋਣ ਦਾ ਵੀ ਹੁਕਮ ਹੈ !
·         ਕੇਸ
ਕੇਸ ਸਭ ਤੋਂ ਮਹੱਤਵਪੂਰਨ ਤੇ ਮੁਢਲਾ ਚਿੰਨ ਹਨ। ਇਹ ਸਾਬਤ ਸੂਰਤ ਹੋਣ ਦਾ ਪ੍ਰਮਾਣ ਹਨ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇਕ ਸਾਧਨ ਹਨ। ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ !


·         ਕੰਘਾ
ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹਨ । ਸਿੱਖ ਨੂੰ ਸਵੇਰੇ, ਸ਼ਾਮ ਕੰਘਾ ਕਰਨ ਦਾ ਆਦੇਸ਼ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇਕ ਸਮਾਨ ਮਹੱਤਤਾ ਦਿੰਦਾ ਹੈ।

·         ਕਿਰਪਾਨ
ਇਹ ਸੈਵ -ਅਭਿਆਨ , ਨਿਡਰਤਾ, ਅਜਾਦੀ ਅਤੇ ਸ਼ਕਤੀ ਦਾਪ੍ਰਤੀਕ ਹੈ। ਕ੍ਰਿਪਾਨ ਦਾ ਅਰਥ : ਕ੍ਰਿਪਾ+ਆਨ , ਅਰਥਾਤ ਮਿਹਰ ਅਤੇ ਇੱਜਤ ਭਾਵ ਕ੍ਰਿਪਾ ਕਰਨ ਵਾਲੀ।

ਇਹ ਨੇਕੀ ਤੇ ਬਦੀ ਦੇ ਸੰਘਰਸ਼ ਵਿੱਚ ਬਦੀ ਦੇ ਖਾਤਮੇ ਤੇ ਮਜਲੁਮ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਆਤਮਿਕ ਅਜਾਦੀ ਦਾ ਪ੍ਰਤੀਕ ਹੈ। ਕ੍ਰਿਪਾਨ ਸਿੱਖ ਦੁਆਰਾ ਧਾਰਨ ਉਸ ਪ੍ਰਣ ਦਾ ਚਿੰਨ ਹੈ ਜਿਸ ਅਨੁਸਾਰ ਉਸ ਨੇ ਪ੍ਰਮਾਤਮਾ ਦੁਆਰਾ ਦਿੱਤੀਆਂ ਬਖਸਿਸਾਂ, ਦਾਤਾਂ ਨੂੰ ਮਾਣਦਿਆਂ ਹੋਇਆ, ਅਨਿਆਂ , ਦੁਸ਼ਟਤਾ ਦਾ ਦਮਨ ਕਰਕੇ ਮਜਲੂਮ ਲੋਕਾਂ, ਸਚਾਈ ਤੇ ਨਿਆਂ ਦੀ ਰੱਖਿਆ ਕਰਨੀ ਹੈ।

·         ਕੜਾ
ਕੜਾ ਅੱਖਰ ਦਾ ਭਾਵ ਹੈ - ਤਗੜਾ ਜਾਂ ਮਜਬੂਤ । ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ।
ਕੜਾ ਗੁਰਸਿੱਖ ਦੁਆਰਾ ਕੀਤੀ ਜਾਣ ਵਾਲੀ ਕਿਰਤ ਨੂੰ ਅਨੁਸਾਸਨ ਵਿੱਚ ਰੱਖ ਕੇ ਮਜਬੂਤੀ ਪ੍ਰਦਾਨ ਕਰਦਾ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ।
ਹਰ ਸਿੱਖ ਜਿਸ ਨੇ ਅੰਮ੍ਰਿਤਪਾਨ ਚਾਹੇ ਨਾ ਕੀਤਾ ਹੋਵੇ ਪਰ ਉਸਦੇ ਹੱਥ ਵਿੱਚ ਕੜਾ ਪਹਿਨਿਆਹੋਇਆ ਜਰੂਰ ਨਜਰ ਪੈਂਦਾ ਹੈ।

·         ਕਛਹਿਰਾ
ਕਛਹਿਰਾ ਜਤ ਦੀ ਨਿਸ਼ਾਨੀ ਹੈ । ਇਹ ਮਨੁੱਖੀ ਕਾਮਨਾਵਾਂ , ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ।

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ
ਤਿਸੁ ਨਾਰੀ ਕਉ ਦੁਖੁ ਨਾ ਜਮਾਨੈ।

ਪੰਜ ਕਕਾਰਾਂ ਦੀ ਰਹਿਤ ਸਿਰਫ ਚਿੰਨਾਤਮਕ ਰੂਪ ਵਿੱਚ ਸਦਾ ਜੁੜੇ ਰਹਿਣਾ ਖਾਲਸੇ ਦਾ ਉਦੇਸ਼ ਨਹੀਂ ਹੈ, ਸਗੋਂ ਇਹ ਸਿੱਖ ਦੀ ਜੀਵਨ ਜੁਗਤ ਹਨ ਜਿਸ ਨੂੰ ਅਮਲੀ ਰੂਪ ਵਿੱਚ ਗ੍ਰਹਿਣ ਕਰਨਾ ਹੈ।