Tuesday, May 7, 2013

“ ਖਾਲਸਾ ਸਾਜਨਾ ਦਿਵਸ ”





" ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ !! "


ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ (1699 ) ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।
ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ (1469-1539 ਈ )ਤੋਂ ਲੈ ਕੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ) ਤੱਕ ਲਗਭਗ ਦੋ ਸਦੀਆਂ ਦੇ ਅਰਸੇ ਦੌਰਾਨ ਮੁਗਲਾਂ ਦੇ ਜ਼ਬਰ-ਜ਼ੁਲਮ,ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬਾਨ ਨੇ ਬਦਲਦੇ ਸਮੇਂ ਅਨੁਸਾਰ ਆਵਾਜ਼ ਬੁਲੰਦ ਕੀਤੀ
ਗੁਰੂ ਅਰਜਨ ਸਾਹਿਬ ਜੀ ਦੀ ਸਹੀਦੀ (1606 ਈ) ਤੋਂ ਬਾਅਦਇਹ ਵਿਦਰੋਹ ਨਵਾਂ ਰੂਪ ਧਾਰਨ ਕਰ ਗਿਆ। ਇਸ ਸ਼ਹਾਦਤ ਤੋਂ ਬਾਅਦ ਧਰਮ ਬਚਾਉਣ ਲਈ ਸ਼ਸਤਰਾਂ ਦੀ ਹੋਂਦ ਦੀ ਜ਼ਰੂਰਤ ਮਹਿਸੂਸ ਹੋਈ। ਧਰਮ ਦੀ ਖਾਤਰ ਹੋਈ ਇਸ ਸ਼ਹਾਦਤ ਨੇ ਚੁੱਪ ਬੈਠੀ ਕੌਮ ਦੇ ਧਾਰਮਿਕ ਜਜ਼ਬਿਆਂ ਨੂੰ ਝੰਜੋੜਿਆ ਅਤੇ ਸਿੱਖਾਂ ਵਿੱਚ ਵਿਰੋਧੀ ਜਜ਼ਬੇ ਦਾ ਜਨਮ ਹੋਇਆ।
ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ, ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨਿਆ।ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਅਕਾਲ ਤਖ਼ਤ ਦੀ ਸਿਰਜਨਾ ਕੀਤੀ । ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸ਼ਕਤੀ ਅਤੇ ਭਗਤੀ ਦੇ ਸੁਮੇਲ ਨੂੰ ਜਨਮ ਦਿੱਤਾ ਅਤੇ ਸੇਧ ਬਖਸ਼ੀ ਕਿ ਭਗਤੀ ਦੇ ਰਾਹ ਤੇ ਚਲਦੇ ਹੋਏ ਜੇਕਰ ਜਾਬਰ-ਜੁਲਮ ਦਾ ਟਾਕਰਾ ਕਰਨਾ ਪਵੇ ਤਾਂ ਸ਼ਸਤਰ ਚੁਕਣੇ ਵਾਜਿਬ ਹਨ !
ਸਮੇਂ ਦੀ ਲੋੜ ਅਨੁਸਾਰ ਜਦ ਵੀ ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਗੁਰੂ ਦੀ ਫੌਜ ਨੇ ਵੱਧ ਚੜ੍ਹ ਕੇ ਜੰਗ ਦਾ ਬਿਗਲ ਵਜਾ ਦਿੱਤਾ। ਇਸ ਸੰਘਰਸ਼ ਦਾ ਬੀਜ ਤਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਬੀਜਿਆ ਜਾ ਚੁੱਕਾ ਸੀ ਪਰ ਬਦਲਦੇ ਸਮੇਂ ਅਨੁਸਾਰ ਹੁਕਮਰਾਨਾਂ ਦੇ ਵਤੀਰੇ ਵਿੱਚ ਵਾਪਰਦੀ ਤਬਦੀਲੀ ਦੇ ਪ੍ਰਤੀਕਰਮ ਵਜੋਂ ਗੁਰੂ ਸਾਹਿਬਾਨ ਦੇ ਇਸ ਸੰਘਰਸ਼ ਦਾ ਰੂਪ ਵੀ ਬਦਲਿਆ।
ਬਾਦਸ਼ਾਹ ਦਰਵੇਸ਼, ਮਹਾਨ ਸੂਰਮੇ, ਵਿਦਵਾਨ, ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਘਰਸ਼ ਰੂਪੀ ਬੀਜੇ ਬੀਜ ਨੂੰ ਜੱਥੇਬੰਦੀ ਦੇ ਸਰੂਪ ਰਾਹੀਂ ਸੰਪੂਰਨਤਾ ਪ੍ਰਦਾਨ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਕਿਲਾ ਕੇਸਗੜ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਕਿ ਕਿਸੇ ਵੀ ਪ੍ਰਕਾਰ ਦੇਜਬਰ ਅਤੇ ਜੁਲਮ ਦਾ ਡੱਟ ਕੇ ਸਾਹਮਣਾ ਕਰ ਸਕੇ।ਇਤਿਹਾਸ ਵਿੱਚ ਇਹ ਇਕ ਕ੍ਰਾਂਤੀਕਾਰੀ ਤਬਦੀਲੀ ਵਾਪਰੀ । ਗੁਰੂ ਜੀ ਨੇ ਕਾਇਰ, ਸਾਹਸਹੀਣ ਲੋਕਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ਤਾਂ ਜੋ ਜਾਲਮਾਂ ਤਾ ਟਾਕਰਾ
ਜਓ ਤਓ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੋਰੀ ਆਓ
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ
ਕਹੇ ਅਨੁਸਾਰ ਕਰ ਸਕਣ !
ਗੁਰੂ ਸਾਹਿਬ ਜੀ ਨੇ ਪਹਿਲੀ ਵੈਸਾਖ 1756 ਸੰਮਤ, 1699 ਇ. ਨੂੰ ਭਰੇ ਪੰਡਾਲ ਵਿੱਚੋਂ ਪੰਜ ਸਿਰ ਮੰਗੇ !
ਸਮੂਹ ਸੰਗਤ ਦਾ ਇੱਕਠ ਬਹੁਤ ਅਸਚਰਜ ਵਿੱਚ ਪੈ ਗਿਆ ਪਰ ਸਿਦਕੀ ਸਿੱਖਾਂ ਲਈ ਕੁਰਬਾਨ ਹੋ ਜਾਣ ਦਾ ਇਹੀ ਸਫਲ ਮੌਕਾ ਸੀ। 

ਸਭ ਤੋਂ ਪਹਿਲਾਂ ਲਾਹੋਰ ਦਾ ਰਹਿਣ ਵਾਲਾ ਦਇਆ ਰਾਮ(ਖੱਤਰੀ) ਉੱਠਿਆ। ਅਤੇ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾਉਂਦੇ ਹੋਏ ਸੀਸ ਭੇਟਾ ਕਰਨ ਦੀ ਇੱਛਾ ਜਾਹਿਰ ਕੀਤੀ !ਗੁਰੂ ਜੀ ਉਸਨੂੰ ਲਾਗੇ ਹੀ ਸਜੇ ਇਕ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਭਿੱਜੀ  ਤਲਵਾਰ ਨਾਲ ਵਾਪਿਸ ਪਰਤੇ ਅਤੇ ਇਸੇ ਪ੍ਰਕਾਰ ਇੱਕ ਤੋਂ ਬਾਅਦ ਇੱਕ ਸੀਸ ਮੰਗਦੇ ਰਹੇ !
ਦਇਆ ਰਾਮ ਜੀ ਤੋਂ ਉਪਰੰਤ ਦਿੱਲੀ ਦੇ ਧਰਮ ਦਾਸ ਜੀ, ਦਵਾਰਕਾ ਦੇ ਮੋਹਕਮ ਚੰਦ ਜੀ, ਬਿਦਰ ਦੇ ਸਾਹਿਬ ਚੰਦ ਜੀ ਅਤੇ ਪੂਰੀ ਦੇ ਹਿੰਮਤ ਰਾਇ ਜੀ ਨੇ ਗੁਰੂ ਜੀ ਨੂੰ  ਸੀਸ ਭੇਟਾ ਕੀਤੇ !  

ਇਸ ਉਪਰੰਤ ਸਰਬ-ਲੋਹ ਦੇ ਬਾਟੇ ਵਿੱਚ ਖੰਡੇ ਦੀ ਪਾਹੁਲ ਤਿਆਰ ਕੀਤੀ ਗਈ  ਜੋ ਕਿ ਪ੍ਰਤੀਕ ਹੈ ਇਸ ਗਲ ਦਾ ਕਿ ਖਾਲਸਾ ਸਿਰਫ ਦਲੇਰੀ ਦਾ ਪ੍ਰਤੀਕ ਨਹੀਂ ਸਗੋਂ ਇਹ ਨਿਮਰਤਾ ਅਤੇ ਮਿਠਾਸ ਦਾ ਵੀ ਪ੍ਰਤੀਕ ਹੋਵੇਗਾ!

ਪੰਜ ਸੀਸ ਭੇਟਾ ਕਰਨ ਵਾਲੇ ਸਰੀਰਾਂ ਨੂੰ ਇਹ ਖੰਡੇ ਦੀ ਪਾਹੁਲ ਛਕਾ ਕੇ ਪੰਜ ਪਿਆਰੇ ਸਾਜਿਆ ਗਿਆ !

ਉਹਨਾਂ ੫ ਪਿਆਰਿਆਂ ਦੇ ਨਾਮ ਇਸ ਤਰਾਂ ਰੱਖੇ:

ਦਇਆ ਰਾਮ ਤੋਂ ਦਇਆ ਸਿੰਘ 
ਧਰਮ ਦਾਸ ਤੋਂ ਧਰਮ ਸਿੰਘ
ਮੋਹਕਮ ਚੰਦ ਤੋਂ ਮੋਹਕਮ ਸਿੰਘ
ਸਾਹਿਬ ਚੰਦ ਤੋਂ ਸਾਹਿਬ ਸਿੰਘ 
ਹਿੰਮਤ ਰਾਇ ਤੋਂ ਹਿੰਮਤ ਸਿੰਘ


ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੇ ਫ਼ਰਕ ਨੂੰ ਮਿਟਾਉਦਿਆ ਅਲੱਗ ਅਲੱਗ ਜਾਤਾਂ, ਗੋਤਾਂ ਤੋਂ ਕੌਮ ਨੂੰ ਆਜਾਦ ਕਰਨ ਦੇ ਮੰਸੂਬੇ ਹਿੱਤ ਕੌਮ ਨੂੰ ਨਿਵੇਕਲਾ ਸਰੂਪ ਬਖਸ਼ਿਆ ਅਤੇ ਸਮੂਹ ਪੰਥ ਨੂੰ ਖਾਲਸਾ ਨਾਮ ਦੇ ਕੇ ਨਿਵਾਜਿਆ !


  ਖਾਲਸਾ ਮੇਰੋ ਰੂਪ ਹੈ ਖਾਸ !! ਖਾਲਸੇ ਮਹਿ ਹੌ ਕਰੋ ਨਿਵਾਸ !!
     
ਖਾਲਸਾ ਮੇਰੋ ਮੁਖ ਹੈ ਅੰਗਾ !! ਖਾਲਸੇ ਕੇ ਹੌਂ ਸਦ ਸਦ ਸੰਗਾ !!” (ਅੰਮ੍ਰਿਤ ਕੀਰਤਨ- ਗੁਰੂ ਗੋਬਿੰਦ ਸਿੰਘ ਜੀ)


ਇੱਕ ਹੋਣ ਦੀ ਉਦਾਹਰਨ ਪੇਸ਼ ਕਰਦੇ ਹੋਏ ਸਿੱਖਾਂ ਨੂੰ ਆਪਣੇ ਨਾਮ ਦੇ ਪਿਛੇ "ਸਿੰਘ" ਅਤੇ ਸਿੱਖ ਬੀਬੀਆਂ ਨੂੰ "ਕੌਰ" ਲਾਉਣ ਦਾ ਹੁਕਮ ਕੀਤਾ !

ਉਪਰੰਤ ਕਲਗੀਧਰ ਦਸਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਕਿ ਉਹਨਾਂ (ਗੁਰੂ ਗੋਬਿੰਦ ਰਾਇ ਜੀ) ਨੂੰ ਵੀ ਇਸੇ ਤਰਾਂ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਵੇ ! 

ਇਸ ਪ੍ਰਕਾਰ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਜੀ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ! 

ਖਾਲਸਾ ਸ਼ਬਦ ਤੋਂ ਭਾਵ ਹੈ ਖਾਲਸ ! 

ਗੁਰੂ ਜੀ ਨੇ ੨੩੯ ਸਾਲ ਦੀ ਗੁਰੂਆਂ ਦੀ ਘਾਲਣਾ ਨੂੰ ਇੱਕ ਨਿਵੇਕਲਾ ਰੂਪ ਦਿੱਤਾ ਜੋ ਕਿ ਭਗਤੀ ਅਤੇ ਸ਼ਕਤੀ ਦੀ ਮਿਸਾਲ ਹੈ ਅਤੇ ਦੇਗ ਅਤੇ ਤੇਗ ਦੀ ਵੀ ਛੋਹ ਪੇਸ਼ ਕਰਦਾ ਹੈ !

ਗੁਰੂ ਜੀ ਨੇ ਖਾਲਸਾ ਨੂੰ ੪ ਬੱਜਰ ਕੁਰਹਿਤਾਂ ਤੋਂ ਵਰਜਿਆ :
  1. ਕੇਸ ਕਤਲ ਨਹੀਂ ਕਰਨੇ
  2. ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ
  3. ਕੁੱਠਾ  ਮਾਸ  ਨਹੀਂ  ਖਾਣਾ
  4. ਪਰ ਇਸਤਰੀ/ਪਰ ਪੁਰਸ਼ ਦਾ ਸੰਗ ਨਹੀਂ ਕਰਨਾ
ਗੁਰੂ ਜੀ ਨੇ ਇਸ ਪ੍ਰਕਾਰ ਖਾਲਸਾ ਨੂੰ ਹਰ ਵੇਲੇ
  • ਪੰਜ ਕਕਾਰਾਂ ਦਾ ਧਾਰਨੀ ਹੋਣਾ,
  • ਇੱਕ ਅਕਾਲ ਪੁਰਖ ਦੀ ਉਸਤਤ ਕਰਨੀ,
  • ਗੁਰੂ ਗਰੰਥ ਸਾਹਿਬ ਜੀ ਉੱਤੇ ਨਿਸ਼ਚਾ ਕਰਨਾ (ਗਰੰਥ ਕੋਈ ਵੀ ਪੜ ਲਓ ਪਰ  ਗੁਰੂਆਂ ਦੀ ਬਾਣੀ-ਗੁਰੂ ਗਰੰਥ  ਸਾਹਿਬ ਦੀ ਹੀ ਵਿਚਾਰ ਕਰਨੀ ਤੇ ਸੁਣਨੀ ਹੈ)
  • ਕਿਸੇ ਵੀ ਪ੍ਰਕਾਰ ਦੇ ਦੇਹਧਾਰੀ ਯਾ ਹੋਰ ਕਰਮ - ਕਾਂਡਾਂ ਤੋ ਵਰਜਿਆ
  • ਆਪਣੇ ਨਾਮ ਨਾਲ "ਸਿੰਘ" ਅਤੇ "ਕੌਰ" ਲਗਾਉਣਾ (ਇਸ ਨਾਲ ਊਚ-ਨੀਚ ਦਾ ਫ਼ਰਕ ਮਿਟਾਇਆ )
  • ਸਿਰ ਤੇ ਦਸਤਾਰ ਸਜਾ ਕੇ ਰਖਣੀ
  • ਕੋਈ ਵੀ ਕੰਮ ਆਰੰਭ ਕਰਨ ਤੋ ਪਹਿਲਾਂ ਅਕਾਲ ਪੁਰਖ ਅੱਗੇ ਬੇਨਤੀ (ਅਰਦਾਸ) ਕਰਨੀ
  • ਪੰਜਾਬੀ (ਗੁਰਮੁਖੀ) ਦਾ ਪੂਰਨ ਗਿਆਨ ਹੋਣਾ (ਕੋਈ ਵੀ ਭਾਸ਼ਾ ਵਿਸ਼ੇਸ਼ ਚ ਨੁਇਪੁੰਨ ਹੋਣ ਦੇ ਨਾਲ ਨਾਲ ਪੰਜਾਬੀ ਨੂੰ ਮੁੱਖ ਰਖਣਾ ਹੈ)
  • ਕੁੜੀ ਮਾਰ ਨਹੀਂ ਕਰਨੀ
ਖਾਲਸੇ ਨੂੰ ਪੰਜ ਕਕਾਰ (ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ) ਦਾ ਧਾਰਨੀ ਹੋਣ ਦਾ ਵੀ ਹੁਕਮ ਹੈ !
·         ਕੇਸ
ਕੇਸ ਸਭ ਤੋਂ ਮਹੱਤਵਪੂਰਨ ਤੇ ਮੁਢਲਾ ਚਿੰਨ ਹਨ। ਇਹ ਸਾਬਤ ਸੂਰਤ ਹੋਣ ਦਾ ਪ੍ਰਮਾਣ ਹਨ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇਕ ਸਾਧਨ ਹਨ। ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ !


·         ਕੰਘਾ
ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹਨ । ਸਿੱਖ ਨੂੰ ਸਵੇਰੇ, ਸ਼ਾਮ ਕੰਘਾ ਕਰਨ ਦਾ ਆਦੇਸ਼ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇਕ ਸਮਾਨ ਮਹੱਤਤਾ ਦਿੰਦਾ ਹੈ।

·         ਕਿਰਪਾਨ
ਇਹ ਸੈਵ -ਅਭਿਆਨ , ਨਿਡਰਤਾ, ਅਜਾਦੀ ਅਤੇ ਸ਼ਕਤੀ ਦਾਪ੍ਰਤੀਕ ਹੈ। ਕ੍ਰਿਪਾਨ ਦਾ ਅਰਥ : ਕ੍ਰਿਪਾ+ਆਨ , ਅਰਥਾਤ ਮਿਹਰ ਅਤੇ ਇੱਜਤ ਭਾਵ ਕ੍ਰਿਪਾ ਕਰਨ ਵਾਲੀ।

ਇਹ ਨੇਕੀ ਤੇ ਬਦੀ ਦੇ ਸੰਘਰਸ਼ ਵਿੱਚ ਬਦੀ ਦੇ ਖਾਤਮੇ ਤੇ ਮਜਲੁਮ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਆਤਮਿਕ ਅਜਾਦੀ ਦਾ ਪ੍ਰਤੀਕ ਹੈ। ਕ੍ਰਿਪਾਨ ਸਿੱਖ ਦੁਆਰਾ ਧਾਰਨ ਉਸ ਪ੍ਰਣ ਦਾ ਚਿੰਨ ਹੈ ਜਿਸ ਅਨੁਸਾਰ ਉਸ ਨੇ ਪ੍ਰਮਾਤਮਾ ਦੁਆਰਾ ਦਿੱਤੀਆਂ ਬਖਸਿਸਾਂ, ਦਾਤਾਂ ਨੂੰ ਮਾਣਦਿਆਂ ਹੋਇਆ, ਅਨਿਆਂ , ਦੁਸ਼ਟਤਾ ਦਾ ਦਮਨ ਕਰਕੇ ਮਜਲੂਮ ਲੋਕਾਂ, ਸਚਾਈ ਤੇ ਨਿਆਂ ਦੀ ਰੱਖਿਆ ਕਰਨੀ ਹੈ।

·         ਕੜਾ
ਕੜਾ ਅੱਖਰ ਦਾ ਭਾਵ ਹੈ - ਤਗੜਾ ਜਾਂ ਮਜਬੂਤ । ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ।
ਕੜਾ ਗੁਰਸਿੱਖ ਦੁਆਰਾ ਕੀਤੀ ਜਾਣ ਵਾਲੀ ਕਿਰਤ ਨੂੰ ਅਨੁਸਾਸਨ ਵਿੱਚ ਰੱਖ ਕੇ ਮਜਬੂਤੀ ਪ੍ਰਦਾਨ ਕਰਦਾ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ।
ਹਰ ਸਿੱਖ ਜਿਸ ਨੇ ਅੰਮ੍ਰਿਤਪਾਨ ਚਾਹੇ ਨਾ ਕੀਤਾ ਹੋਵੇ ਪਰ ਉਸਦੇ ਹੱਥ ਵਿੱਚ ਕੜਾ ਪਹਿਨਿਆਹੋਇਆ ਜਰੂਰ ਨਜਰ ਪੈਂਦਾ ਹੈ।

·         ਕਛਹਿਰਾ
ਕਛਹਿਰਾ ਜਤ ਦੀ ਨਿਸ਼ਾਨੀ ਹੈ । ਇਹ ਮਨੁੱਖੀ ਕਾਮਨਾਵਾਂ , ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ।

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ
ਤਿਸੁ ਨਾਰੀ ਕਉ ਦੁਖੁ ਨਾ ਜਮਾਨੈ।

ਪੰਜ ਕਕਾਰਾਂ ਦੀ ਰਹਿਤ ਸਿਰਫ ਚਿੰਨਾਤਮਕ ਰੂਪ ਵਿੱਚ ਸਦਾ ਜੁੜੇ ਰਹਿਣਾ ਖਾਲਸੇ ਦਾ ਉਦੇਸ਼ ਨਹੀਂ ਹੈ, ਸਗੋਂ ਇਹ ਸਿੱਖ ਦੀ ਜੀਵਨ ਜੁਗਤ ਹਨ ਜਿਸ ਨੂੰ ਅਮਲੀ ਰੂਪ ਵਿੱਚ ਗ੍ਰਹਿਣ ਕਰਨਾ ਹੈ।


No comments: