Monday, July 4, 2011

ਗੁਰੂ ਹਰਿਗੋਬਿੰਦ ਸਾਹਿਬ ਜੀ



ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰੂਪਮਾਨ ਕਰਨਾ ਬਹੁਤ ਅਸੰਭਵ ਹੈ। ਗੁਰੂ ਜੀ ਗੁਰਮਤਿ ਧਾਰਨੀ ਦੇ ਨਾਲ ਨਾਲ ਇੱਕ ਸੂਰਬੀਰ ਯੋਧਾ ਵੀ ਸਨ ! ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪਮਾਨ ਨਹੀਂ ਕੀਤਾ ਜਾ ਸਕਦਾ। ਇਸ ਦਾ ਥੋੜ੍ਹਾ ਜਿਹਾ ਅਨੁਭਵ ਹੀ ਹੋ ਸਕਦਾ ਹੈ।
ਸੋ ਉਹਨਾਂ ਦੇ ਜੀਵਨ ਬਾਰੇ ਚਾਨਣ ਪਾਉਂਦਾ ਇੱਕ ਛੋਟਾ ਜਿਹਾ ਲੇਖ ਆਪ ਜੀ ਦੇ ਸਨਮੁੱਖ ਹੈ ਜੀ..
ਪੜਕੇ ਲਾਹਾ ਲੈਣ ਦੀ ਖੇਚਲ ਕਰਨੀ ਜੀ !



ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅੜਤਾਲਵੀਂ ਪਾਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
        ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
   ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
           ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। "

"ਪੰਜਿ ਪਿਆਲੇ" ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।
"ਪੰਜਿ ਪੀਰ" ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤਕ ਹੋਏ ਪੰਜ ਸਿੱਖ ਗੁਰੂ ਸਾਹਿਬਾਨ।
"ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ" ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ।
ਸਰੀਰਾਂ ਵਿਚ ਹੀ ਭੇਦ ਸੀ। ਜੋਤਿ ਇਕੋ ਸੀ।
"ਦਲਿਭੰਜਨ, ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ" ਭਾਵ ਗੁਰੂ ਹਰਿਗੋਬਿੰਦ ਸਾਹਿਬ ਸਿਫ਼ਤਾਂ ਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਕ ਹਨ।
                  ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
                                 (੧੫੯੫-੧੬੪੪)

                                     
ਸੰਖੇਪ ਜੀਵਨ ਕਾਲ :  

ਪਿਤਾ : ਗੁਰੂ ਅਰਜਨ ਸਾਹਿਬ ਜੀ

ਮਾਤਾ : ਮਾਤਾ ਗੰਗਾ ਜੀ

ਜਨਮ: ੧੫੯੫
, ਗੁਰੂ ਕੀ ਵਡਾਲੀ, ਅੰਮ੍ਰਿਤਸਰ

ਸੰਤਾਨ: ਗੁਰਦਿੱਤਾ ਜੀ, ਅਨੀ ਰਾਇ ਜੀ, (ਗੁਰੂ) ਤੇਗ ਬਹਾਦੁਰ ਜੀ, ਅਟੱਲ ਰਾਇ ਜੀ , ਸੂਰਜ ਮੱਲ ਜੀ  & ਬੀਬੀ ਵੀਰੋ ਜੀ

ਗੁਰਤਾ ਗੱਦੀ ਅਤੇ ਗੁਰੂਆਈ ਸਮਾਂ: ੧੬੦੬, ੩੮ ਸਾਲ
ਜੋਤੀ-ਜੋਤ ਸਮਾਏ : ੧੬੪੪ ਵਿੱਚ ਕੀਰਤਪੁਰ ਸਾਹਿਬ ਵਿਖੇ

ਜਨਮ :


ਗੁਰੂ ਹਰਗੋਬਿੰਦ ਸਾਹਿਬ ਜੀ ਨੇ ੧੯ ਜੂਨ, ੧੫੯੫ (੭ ਹਾੜ ਵਦੀ) ; ੨੧ ਹਾੜ ਸੰਮਤ ੧੬੫੨ ਬਿ. ਨੂੰ  ਗੁਰੂ ਕੀ ਵਡਾਲੀ, ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਅਵਤਾਰ ਧਾਰਿਆ ! ਗੁਰੂ ਜੀ ਜੀਵਨ ਕਾਲ ਦੇ ਅਰੰਭਤਾ ਤੋਂ ਸੂਰਬੀਰਤਾ ਅਤੇ ਗੁਰਮਤਿ ਦੇ ਧਾਰਨੀ ਸਨ ! ਗੁਰੂ ਹਰਿਗੋਬਿੰਦ ਸਾਹਿਬ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਉਸ ਬਿਖੜੇ ਸਮੇਂ ਕੌਮ ਨੂੰ ਸਾਹਸ ਦੇ ਕੇ ਆਪਣੇ ਪੈਰਾਂ ਉਤੇ ਖੜ੍ਹਾ ਕੀਤਾ ! ਆਪ ਜੀ ਯੋਧੇ, ਨਿਮਰਤਾ ਤੇ ਧੀਰਜ ਦੇ ਸਿਖਰ, ਪਰਉਪਕਾਰ ਦੀ ਸਾਕਾਰ ਮੂਰਤ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ-ਪੀਰੀ ਸਿਧਾਂਤ ਦੇ ਪ੍ਰਚਾਲਕ ਸਨ !
ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ।
ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ ਸੀ। ਇਸ ਕੁਰਬਾਨੀ ਦਾ ਸਭ ਤੇ ਬਹੁਤ ਅਸਰ ਪਿਆ।
ਦੂਸਰਾ ਗੁਣ ਰਾਜ-ਬਲ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ ਦੂਸਰੇ ਮਨੁੱਖ ਸਾਹਮਣੇ ਅਕਾਰਨ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।

ਗੁਰਿਆਈ:
ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ।
ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।"
ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ।

ਇਸ ਦਾ ਵਰਣਨ ਢਾਡੀ ਅਬਦੁਲਾ ਨੇ ਇਸ ਤਰ੍ਹਾਂ ਕੀਤਾ ਹੈ:
"ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।"
ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-ਬਲ ਤੇ ਰਾਜ-ਬਲ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ।
ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ। ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਇਕ ਸ਼ਕਤੀ ਦੂਸਰੇ ਦੇ ਅਧੀਨ ਨਹੀਂ ਹੋਵੇਗੀ ਸਗੋਂ ਦੋਵੇਂ ਆਪਣੀ-ਆਪਣੀ ਥਾਂ ਸੰਭਾਲਦੀਆਂ ਮਿਲ ਕੇ ਚੱਲਣਗੀਆਂ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ ਕਿ ਧਰਮ ਤੇ ਰਾਜਨੀਤੀ ਮਿਲ ਕੇ ਚੱਲਣ।
ਕਾਰਜ :

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ  ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ੧੬੬੩ ਵਿੱਚ ਆਰੰਭ ਕਰਵਾਈ ! ਆਪ ਜੀ ਨੇ ਹਰਗੋਬਿੰਦਪੁਰ ਸ਼ਹਿਰ 18 ਅੱਸੂ 1677 ਵਿਚ ਵਸਾਇਆ, ੧੬੦੯ ਵਿੱਚ ਕਿਲ੍ਹਾ ਲੋਹਗੜ੍ਹ, ਲਾਹੌਰ ਵਿਚ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਅਸਥਾਨ ਡੇਹਰਾ ਸਾਹਿਬ 1670 ਵਿਚਅਤੇ ਕੀਰਤਪੁਰ 1683 ਵਿਚ ਪਹਾੜੀਆਂ ਦੇ ਨੇੜੇ ਵਸਾਇਆ।
ਆਪ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਮਹੱਤਵ ਦੱਸਿਆ ਅਤੇ ਸੰਗਤ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ ! ਮੀਰੀ- ਸ਼ਕਤੀ ਦਾ ਪ੍ਰਤੀਕ ਅਤੇ ਪੀਰੀ- ਭਗਤੀ ਦਾ ਪ੍ਰਤੀਕ !
ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ। ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ;

ਪਹਿਲਾ ਅੰਮ੍ਰਿਤਸਰ 1628 ਈ. ਵਿਚ,
ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ,
ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ
ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ।
ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਬੰਦੀ ਛੋੜ:
                 ਬੰਦੀ ਛੋੜ (੫੨ ਰਾਜਿਆਂ ਨੂ ਬੰਦੀ ਪੁਣੇ ਤੋਂ ਮੁਕਤ ਕਰਵਾਇਆ)
ਪੰਜਾਬ ਦੇ ਲੋਕਾਂ ਵਿਚ ਗੁਰੂ ਸਾਹਿਬ ਦਾ ਅਸਰ ਵਧਦਾ ਮਹਿਸੂਸ ਕਰਦਿਆਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਮਹਾਰਾਜ ਨੂੰ ਜੋ ਰਕਮ ਮਿਲਦੀ ਉਹ ਹੋਰ ਕੈਦੀਆਂ (ਜਿਨ੍ਹਾਂ ਵਿਚ ਕਈ ਰਾਜੇ ਵੀ ਸਨ, ਜੋ ਨਰਕ ਵਾਲਾ ਜੀਵਨ ਬਤੀਤ ਕਰ ਰਹੇ ਸਨ) ਤੇ ਖਰਚ ਕਰ ਦਿੰਦੇ ਸਨ। ਗੁਰੂ ਸਾਹਿਬ ਦੇ ਜਾਣ ਨਾਲ ਸਾਰਾ ਵਾਤਾਵਰਣ ਹੀ ਬਦਲ ਗਿਆ। ਸਾਈਂ ਮੀਆਂ ਮੀਰ ਜੀ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫ਼ਾ ਉਮਰ ਦੀ ਅੰਸ ਵਿਚੋਂ ਸਨ, ਮੁਸਲਮਾਨਾਂ ਵਿਚ ਉਨ੍ਹਾਂ ਦਾ ਬਹੁਤ ਅਸਰ-ਰਸੂਖ ਸੀ। ਉਨ੍ਹਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਵਾਉਣ ਵਿਚ ਵੱਡਾ ਹੱਥ ਸੀ। ਜਦ ਵਜ਼ੀਰ ਖਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪੁੱਜਾ ਤਾਂ ਗੁਰੂ ਸਾਹਿਬ ਨੇ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਕੱਲਿਆਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਗੁਰੂ ਸਾਹਿਬ ਦੀ ਜ਼ਮਾਨਤ ਉੱਪਰ ਸਭ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਖੁੱਲ੍ਹਾ ਚੋਲਾ ਬਣਵਾਇਆ ਤੇ ਉਸ ਦੀ ਇਕ-ਇਕ ਕਲੀ ਉਨ੍ਹਾਂ ਬਵੰਜਾ ਰਾਜਿਆਂ ਦੇ ਹੱਥ ਫੜਾ ਕੇ ਸਭ ਨੂੰ ਲੈ ਕੇ ਹੀ ਕਿਲ੍ਹੇ ਤੋਂ ਬਾਹਰ ਆਏ। ਇਸ ਉਪਕਾਰ ਦਾ ਸਦਕਾ ਲੋਕ ਗੁਰੂ ਮਹਾਰਾਜ ਨੂੰ ਬੰਦੀ ਛੋੜ ਕਹਿਣ ਲੱਗ ਪਏ।
ਅੰਤਲਾ ਸਮਾਂ:
ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ।
ਜੋਤੀ ਜੋਤ:
ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਐਤਵਾਰ ਚੇਤ ਸੁਦੀ ਪੰਜ, ਮਿਤੀ ਛੇ ਚੇਤ 1701 ਬਿ. (3 ਮਾਰਚ 1644) ਨੂੰ ਗੁਰਿਆਈ ਆਪਣੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਸੌਂਪ ਕੇ ਕੀਰਤਪੁਰ ਵਿਚ ਜੋਤੀ ਜੋਤ ਸਮਾ ਗਏ।
ਆਪ ਜੀ ਦਾ ਸਸਕਾਰ ਸਮੂਹ ਸਿੱਖ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਸਤਲੁਜ ਦੇ ਕੰਢੇ ਕੀਤਾ, ਜਿਥੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ।

                     











No comments: