ਮੀਰੀ-ਪੀਰੀ ੧੬੦੬ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੇਵੀਂ ਜੋਤ " ਗੁਰੂ ਹਰਗੋਬਿੰਦ ਸਾਹਿਬ ਜੀ" ਨੇ ਸੰਸਾਰ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੇ ਹੋਏ ਮਨੁੱਖਤਾ ਲਈ ਇੱਕ ਨਵੀਂ ਜੀਵਨ-ਜਾਚ ਪੇਸ਼ ਕੀਤੀ !
ਮੀਰੀ-ਪੀਰੀ ਦੇ ਸਿਧਾਂਤ ਬਾਰੇ ਦਾਸ ਵੱਲੋਂ ਇਕ ਸੰਖੇਪ ਲੇਖ ਆਪ ਜੀ ਦੇ ਸਨਮੁੱਖ ਹੈ ਜੀ !
ਪੜਕੇ ਲਾਹਾ ਲੈਣ ਦੀ ਖੇਚਲ ਕਰਨੀ ਜੀ !
ਮੀਰੀ ਅਤੇ ਪੀਰੀ ਸ਼ਬਦ ਸਿੱਖ ਮਰਿਆਦਾ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦ੍ਰਿਸ਼ਟਾਂਟ ਕਰਨ ਲਈ ਉਲੀਕੇ ਗਏ ਹਨ ! ਮੀਰੀ-ਪੀਰੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦੀ ਹੈ !
ਭਾਵ-ਅਰਥ:
ਮੀਰੀ ਅਤੇ ਪੀਰੀ ਦੋਨੋਂ ਸ਼ਬਦ ਫ਼ਾਰਸੀ ਭਾਸ਼ਾ ਦੇ ਹਨ !
ਮੀਰੀ ਤੋਂ ਭਾਵ ਹੈ ਰਾਜਨੀਤਕ, ਸਮਾਜਿਕ ਅਤੇ ਵਿਵਹਾਰਿਕ ਜੀਵਨ ਦੀ ਅਗਵਾਈ ਕਰਨਾ !
ਪੀਰੀ ਤੋਂ ਭਾਵ ਹੈ ਅਧਿਆਤਮਿਕ ਜਾਂ ਰੂਹਾਨੀਅਤ ਜੀਵਨ ਸ਼ੈਲੀ !
ਇਸ ਪ੍ਰਕਾਰ ਮੀਰੀ ਬਾਦਸ਼ਾਹੀ ਦੀ ਸੂਚਕ ਹੈ ਅਤੇ ਪੀਰੀ ਅਧਿਆਤਮਿਕ ਪਾਤਸ਼ਾਹੀ ਦੀ ਸੂਚਕ ਹੈ !
ਗੁਰੂ ਸਾਹਿਬਾਨ ਨੇ ਆਰੰਭਤਾ ਤੋ ਹੀ ਸੰਸਾਰਿਕ ਜੀਵ ਨੂੰ ਇਸ ਸਿਧਾਂਤ ਬਾਰੇ ਸੁਚੇਤ ਕੀਤਾ ਹੈ !
ਗੁਰੂ ਨਾਨਕ ਸਾਹਿਬ ਜੀ ਸਮੇਂ ਤੋਂ ਵੀ ਪਹਿਲਾਂ ਮੀਰੀ (ਬਾਦਸ਼ਾਹਤ) ਦਾ ਬੋਲਬਾਲਾ ਸੀ ਅਤੇ ਪੀਰੀ ਉਸਦੀ ਗੁਲਾਮ ਹੁੰਦੀ ਜਾ ਰਹੀ ਸੀ ਸੋ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਇੱਕ ਨਵੀਂ ਜੀਵਨ-ਜਾਚ ਪੇਸ਼ ਕਰਦੇ ਹੋਏ ਇਹ ਸਮਝਾਉਣਾ ਕੀਤਾ ਕਿ ਪੀਰ ਨੇ ਮੀਰ ਦੀ ਗੁਲਾਮੀ ਨਹੀਂ ਕਰਨੀ ਸਗੋਂ ਭਗਤੀ ਜਾਣ ਬੰਦਗੀ ਦੇ ਨਾਲ ਸ਼ਕਤੀ ਨੂੰ ਵੀ ਆਪਣੇ ਜੀਵਨ ਵਿੱਚ ਥਾਂ ਦੇਣੀ ਹੈ !
ਮੀਰੀ ਅਤੇ ਪੀਰੀ ਇੱਕ ਸੰਤੁਲਤ ਜੀਵਨ ਲਈ ਹੋਣੀਆਂ ਅਤਿ ਜ਼ਰੂਰੀ ਹਨ ! ਮਨੁੱਖ ਨੂੰ ਆਦਰਸ਼ਕ ਮਨੁੱਖ ਬਣਨ ਲਈ ਆਤਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਅਤਿ ਜ਼ਰੂਰੀ ਹੈ ਅਤੇ ਇਹ ਕੇਵਲ ਮੀਰੀ-ਪੀਰੀ ਦੇ ਸੁਮੇਲ ਨਾਲ ਹੀ ਪ੍ਰਾਪਤ ਹੋ ਸਕਦਾ ਹਨ !
ਸਿੱਖ ਲਈ ਜ਼ਰੂਰੀ ਹੈ ਕਿ ਉਸ ਨੇ ਸ਼ਾਸਤਰ (ਸ਼ਬਦ ਗੁਰੂ) ਨਾਲ ਪ੍ਰੀਤ ਪਾ ਕੇ ਪੀਰੀ ਨੂੰ ਖਿਚਣਾ ਹੈ ਭਾਵ ਸ਼ਬਦ ਗੁਰੂ ਨਾਲ ਜੁੜ ਕੇ ਆਤਮਿਕ ਉੱਚਤਾ ਤੇ ਪਹੁੰਚਨਾ ਹੈ ਅਤੇ ਅਤੇ ਸ਼ਸਤਰ ਨਾਲ ਪ੍ਰੀਤ ਪਾ ਕੇ ਮੀਰੀ ਨੂੰ ਪਾਉਣਾ ਹੈ ਭਾਵ ਸ਼ਸਤਰ ਚੁੱਕ ਕੇ ਆਪਣੇ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨੀ !
ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਗੱਦੀ ਨਸ਼ੀਨ ਹੋਣ ਸਮੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ੧੬੦੬ ਵਿੱਚ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ ਅਤੇ ਸਮੁਚੇ ਜਗਤ ਨੂੰ ਇਹ ਹੁਕਮ ਕੀਤਾ ਕੇ ਅੱਜ ਤੋ ਬਾਅਦ ਓਹ ਅਤੇ ਓਹਨਾਂ ਦੇ ਸਿੱਖ ਸ਼ਬਦ ਗੁਰੂ ਦੀ ਉਸਤਤ ਦੇ ਨਾਲ ਨਾਲ ਜ਼ੁਲਮ ਦੇ ਖਿਲਾਫ਼ ਵੀ ਆਵਾਜ਼ ਉਠਾਉਣ !
ਗੁਰੂ ਸਾਹਿਬ ਜੀ ਨੇ ਸੰਸਾਰਿਕ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰਖਦੇ ਹੋਏ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਵੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਜੋ ਕਿ ਮੀਰੀ-ਪੀਰੀ ਦਾ ਸੂਚਕ ਹੈ !
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ,
ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ !!
VISIT:
mukhwaksewa.blogspot.com
No comments:
Post a Comment